ਸੋਨੇ ਦਾ ਭਾਅ ਪਹਿਲੀ ਵਾਰ ਇਕ ਲੱਖ ਰੁਪਏ ਪ੍ਰਤੀ ਤੋਲਾ ਤੋਂ ਟੱਪਿਆ

ਇਤਿਹਾਸ ਵਿਚ ਪਹਿਲੀ ਵਾਰ ਸੋਨੇ ਦਾ ਭਾਅ ਇਕ ਲੱਖ ਰੁਪਏ ਪ੍ਰਤੀ ਤੋਲੇ ਤੋਂ ਟੱਪ ਗਿਆ ਹੈ ਅਤੇ ਇਸ ਦਾ ਵੱਡਾ ਕਾਰਨ ਟਰੰਪ ਨੂੰ ਮੰਨਿਆ ਜਾ ਰਿਹਾ ਹੈ।

Update: 2025-04-22 11:38 GMT

ਨਵੀਂ ਦਿੱਲੀ : ਇਤਿਹਾਸ ਵਿਚ ਪਹਿਲੀ ਵਾਰ ਸੋਨੇ ਦਾ ਭਾਅ ਇਕ ਲੱਖ ਰੁਪਏ ਪ੍ਰਤੀ ਤੋਲੇ ਤੋਂ ਟੱਪ ਗਿਆ ਹੈ ਅਤੇ ਇਸ ਦਾ ਵੱਡਾ ਕਾਰਨ ਟਰੰਪ ਨੂੰ ਮੰਨਿਆ ਜਾ ਰਿਹਾ ਹੈ। ਅਮਰੀਕਾ ਦੇ ਸ਼ੇਅਰ ਬਾਜ਼ਾਰਾਂ ਵਿਚ ਗੈਰਯਕੀਨੀ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਨਿਵੇਸ਼ਕਾਂ ਵੱਲੋਂ ਗੋਲਡ ਨੂੰ ਤਰਜੀਹ ਦਿਤੀ ਜਾ ਰਹੀ ਹੈ। ਆਰਥਿਕ ਮਾਹਰਾਂ ਵੱਲੋਂ ਮੌਜੂਦਾ ਵਰ੍ਹੇ ਦੇ ਅੰਤ ਤੱਕ ਸੋਨੇ ਦਾ ਭਾਅ 3,700 ਡਾਲਰ ਪ੍ਰਤੀ ਆਊਂਸ ਤੱਕ ਜਾਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜੋ 1 ਜਨਵਰੀ ਨੂੰ 2,623 ਡਾਲਰ ਦਰਜ ਕੀਤਾ ਗਿਆ ਸੀ।

ਟਰੰਪ ਦੀਆਂ ਨੀਤੀਆਂ ਕਾਰ ਸੋਨਾ ਖਰੀਦਣ ਲੱਗੇ ਨਿਵੇਸ਼ਕ

ਭਾਰਤੀ ਬਾਜ਼ਾਰਾਂ ਵਿਚ ਸੋਮਵਾਰ ਨੂੰ ਸੋਨੇ ਦਾ ਭਾਅ 96,770 ਰੁਪਏ ਪ੍ਰਤੀ ਤੋਲਾ ਸੀ ਜੋ ਮੰਗਲਵਾਰ ਨੂੰ 3,330 ਰੁਪਏ ਵਧ ਗਿਆ। ਜਿਥੇ ਅਮਰੀਕਾ ਦੀਆਂ ਟੈਰਿਫ਼ਸ ਦੁਨੀਆਂ ਵਿਚ ਰਿਸੈਸ਼ਨ ਦਾ ਖਤਰਾ ਵਧਾ ਰਹੀਆਂ ਹਨ, ਉਥੇ ਹੀ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਗਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਣ ਕਾਰਨ ਵੀ ਭਾਰਤ ਵਿਚ ਸੋਨਾ ਮਹਿੰਗਾ ਹੋ ਰਿਹਾ ਹੈ। ਮੌਜੂਦਾ ਵਰ੍ਹੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਚਾਰ ਵਾਰ ਹੇਠਾਂ ਆਈ ਅਤੇ ਇਸ ਨਾਲ ਸੋਨਾ ਮਹਿੰਗਾ ਹੁੰਦਾ ਜਾ ਰਿਹਾ ਹੈ। ਮੰਗਲਵਾਰ ਨੂੰ ਦਿੱਲੀ ਵਿਖੇ 24 ਕੈਰਟ ਸੋਨੇ ਦਾ ਭਾਅ 101,500 ਰੁਪਏ ਪ੍ਰਤੀ ਤੋਲਾ ਰਿਹਾ ਜਦਕਿ 22 ਕੈਰਟ ਸੋਨਾ 93 ਹਜ਼ਾਰ ਰੁਪਏ ਪ੍ਰਤੀ ਤੋਲਾ ਦਰਜ ਕੀਤਾ ਗਿਆ।

3,700 ਡਾਲਰ ਪ੍ਰਤੀ ਆਊਂਸ ਤੱਕ ਜਾ ਸਕਦੀ ਹੈ ਕੀਮਤ

ਦੱਸ ਦੇਈਏ ਕਿ ਪਿਛਲੇ 112 ਦਿਨ ਵਿਚ ਸੋਨਾ 23,838 ਰੁਪਏ ਮਹਿੰਗਾ ਹੋ ਚੁੱਕਾ ਹੈ ਅਤੇ ਸਾਲ ਦੇ ਅੰਤ ਤੱਕ ਇਕ ਤੋਲਾ ਸੋਨਾ ਇਕ ਲੱਖ 10 ਹਜ਼ਾਰ ਰੁਪਏ ਮਿਲਣ ਦੇ ਆਸਾਰ ਹਨ। ਭਾਰਤ ਦੇ ਆਜ਼ਾਦ ਹੋਣ ਵੇਲੇ ਸੋਨੇ ਦਾ ਭਾਅ 88 ਰੁਪਏ 62 ਪੈਸੇ ਪ੍ਰਤੀ ਤੋਲਾ ਸੀ ਜੋ ਹੁਣ ਹਿਕ ਲੱਖ ਤੋਂ ਟੱਪ ਗਿਆ ਹੈ ਅਤੇ ਇਹ ਵਾਧਾ 1,127 ਗੁਣਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ 1947 ਵਿਚ ਚਾਂਦੀ 107 ਰੁਪਏ ਕਿਲੋ ਸੀ ਅਤੇ ਹੁਣ ਇਹ 95,900 ਰੁਪਏ ਕਿਲੋ ਵਿਕ ਰਹੀ ਹੈ।

Tags:    

Similar News