ਅਮਰੀਕਾ ਵਿਚ ਸਮੁੰਦਰੀ ਤੂਫ਼ਾਨ ਦਾ ਕਹਿਰ, ਹੁਣ ਤੱਕ 5 ਮੌਤਾਂ

ਸਮੁੰਦਰੀ ਤੂਫਾਨ ‘ਹੈਲਨ’ ਫਲੋਰੀਡਾ ਵਿਚ ਕਹਿਰ ਢਾਹ ਰਿਹਾ ਹੈ ਅਤੇ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ। ਭਾਰੀ ਮੀਂਹ ਅਤੇ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਵਾਲੀਆਂ ਹਵਾਵਾਂ ਕਾਰਨ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ ਅਤੇ ਦਰੱਖਤ ਜੜੋਂ ਪੁੱਟੇ ਗਏ।;

Update: 2024-09-27 12:50 GMT

ਫਲੋਰੀਡਾ : ਸਮੁੰਦਰੀ ਤੂਫਾਨ ‘ਹੈਲਨ’ ਫਲੋਰੀਡਾ ਵਿਚ ਕਹਿਰ ਢਾਹ ਰਿਹਾ ਹੈ ਅਤੇ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ। ਭਾਰੀ ਮੀਂਹ ਅਤੇ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਵਾਲੀਆਂ ਹਵਾਵਾਂ ਕਾਰਨ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ ਅਤੇ ਦਰੱਖਤ ਜੜੋਂ ਪੁੱਟੇ ਗਏ। ਕਈ ਘਰਾਂ ਵਿਚ ਪੰਜ ਫੁੱਟ ਤੱਕ ਪਾਣੀ ਦਾਖਲ ਹੋਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ ਸਮੁੰਦਰੀ ਤੂਫਾਨ ਦਾ ਅਸਰ ਜਾਰਜੀਆ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਮਰੀਕਾ ਦੇ ਦੋਹਾਂ ਰਾਜਾਂ ਵਿਚ 16 ਲੱਖ ਤੋਂ ਵੱਧ ਘਰਾਂ ਦੀ ਬਿਜਲ ਗੁੱਲ ਹੋ ਚੁੱਕੀ ਹੈ।

ਫਲੋਰੀਡਾ ਅਤੇ ਜਾਰਜੀਆ ਦੇ 16 ਲੱਖ ਘਰਾਂ ਦੀ ਬਿਜਲੀ ਗੁੱਲ

ਤੂਫਾਨ ਦੇ ਮੱਦੇਨਜ਼ਰ ਕਈ ਹਵਾਈ ਅੱਡੇ ਮੁਕੰਮਲ ਤੌਰ ’ਤੇ ਬੰਦ ਕਰ ਦਿਤੇ ਗਏ ਤਕਰੀਬਨ 1,300 ਫਲਾਈਟਸ ਰੱਦ ਕਰ ਦਿਤੀਆਂ ਗਈਆਂ। ਫਲੋਰੀਡਾ ਦੇ ਬਿਗ ਬੈਂਡ ਇਲਾਕੇ ਵਿਚ ਸਮੁੰਦਰੀ ਪਾਣੀ ਦੀਆਂ ਛੱਲਾਂ 20 ਫੁੱਟ ਉਚੀਆਂ ਜਾਣ ਦੀ ਰਿਪੋਰਟ ਹੈ ਜਿਥੇ ਵੀਰਵਾਰ ਰਾਤ ਤਕਰੀਬਨ ਸਵਾ ਗਿਆਰਾਂ ਵਜੇ ਤੂਫਾਨ ਨੇ ਦਸਤਕ ਦਿਤੀ। ਫਲੋਰੀਡਾ ਤੋਂ ਇਲਾਵਾ ਜਾਰਜੀਆ, ਸਾਊਥ ਕੈਰੋਲਾਈਨਾ , ਨੌਰਥ ਕੈਰੋਲਾਈਨਾ ਅਤੇ ਇਥੋਂ ਤੱਕ ਕਿ ਵਰਜੀਨੀਆ ਵਿਚ ਵੀ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਹੈ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਦੱਸਿਆ ਕਿ 3500 ਤੋਂ ਵੱਧ ਨੈਸ਼ਨਲ ਗਾਰਡਜ਼ ਨੂੰ ਐਮਰਜੰਸੀ ਕਾਰਜਾਂ ਵਾਸਤੇ ਤੈਨਾਤ ਕੀਤਾ ਗਿਆ ਹੈ।

ਘਰਾਂ ਵਿਚ ਦਾਖਲ ਹੋਇਆ 5 ਫੁੱਟ ਤੱਕ ਪਾਣੀ

ਤੂਫਾਨ ਦੇ ਧਰਤੀ ਨਾਲ ਟਕਰਾਉਣ ਵੇਲੇ ਭਾਵੇਂ ਹਵਾਵਾਂ ਦੀ ਰਫ਼ਤਾਰ 225 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ ਪਰ ਵੱਡੇ ਤੜਕੇ ਇਕ ਵਜੇ ‘ਹੈਲਨ’ ਨੂੰ ਕੈਟਾਗਰੀ 4 ਤੋਂ ਕੈਟਾਗਰੀ 2 ਵਾਲਾ ਤੂਫਾਨ ਐਲਾਨ ਦਿਤਾ ਗਿਆ ਅਤੇ ਹਵਾਵਾਂ ਦੀ ਰਫ਼ਤਾਰ ਘਟ ਕੇ 170 ਕਿਲੋਮੀਟਰ ਪ੍ਰਤੀ ਘੰਟਾ ਤੱਕ ਆ ਗਈ ਜੋ ਸਵੇਰੇ 9 ਵਜੇ ਤੱਕ ਹੋਰ ਘਟਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਪਰ ਫਲੋਰੀਡਾ ਦੇ ਦੱਖਣ ਪੂਰਬੀ ਇਲਾਕਿਆਂ ਵਿਚ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਹੈ। ਇਸੇ ਦੌਰਾਨ ਵਾਈਟ ਹਾਊਸ ਵਿਚ ਫੈਡਰਲ ਐਮਰਜੰਸੀ ਮੈਨੇਜਮੈਂਟ ਦੀ ਮੁਖੀ ਡੀਐਨ ਕ੍ਰਿਸਵੈਲ ਨੇ ਲੋਕਾਂ ਨੂੰ ਸਮੁੰਦਰੀ ਕੰਢੇ ਤੋਂ ਘੱਟੋ ਘੱਟ 15 ਕਿਲੋਮੀਟਰ ਦੂਰ ਜਾਣ ਦਾ ਸੁਝਾਅ ਦਿਤਾ।

ਹਵਾਈ ਅੱਡੇ ਬੰਦ, 1300 ਫਲਾਈਟਸ ਕੀਤੀਆਂ ਰੱਦ

ਕ੍ਰਿਸਵੈਲ ਨੇ 2022 ਦੇ ਸਮੁੰਦਰੀ ਤੂਫਾਨ ‘ਇਆਨ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਵੇਲੇ 150 ਮੌਤਾਂ ਡੁੱਬਣ ਕਾਰਨ ਹੋਈਆਂ ਜਿਸ ਦੇ ਮੱਦੇਨਜ਼ਰ ਪਾਣੀ ਤੋਂ ਜਿੰਨਾ ਸੰਭਵ ਹੋ ਸਕੇ, ਦੂਰ ਰਹਿਣ ਦੇ ਯਤਨ ਕੀਤੇ ਜਾਣ। ਮੌਸਮ ਵਿਭਾਗ ਨੇ ਦੱਸਿਆ ਕਿ ਸਮੁੱਦਰੀ ਤੂਫਾਨ 26 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਤਰ ਪੱਛਮੀ ਸਮੁੰਦਰੀ ਕੰਢੇ ਵੱਲ ਜਾ ਰਿਹਾ ਹੈ ਅਤੇ ਕੁਝ ਘੰਟੇ ਬਾਅਦ ਇਸ ਹਵਾਵਾਂ ਦੀ ਰਫ਼ਤਾਰ ਮੱਠੀ ਹੋ ਸਕਦੀ ਹੈ। ਇਸੇ ਦੌਰਾਨ ਨਾਸਾ ਵੱਲੋਂ ਵੀ ਸਮੁੰਦਰੀ ਤੂਫਾਨ ਦੀ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿਚ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਨਜ਼ਰ ਆ ਰਹੇ ਤੂਫਾਨ ਨੂੰ ਦੇਖਿਆ ਜਾ ਰਿਹਾ ਹੈ।

Tags:    

Similar News