ਅਮਰੀਕਾ ਵਿਚ ਪਹਿਲੀ ਵਾਰ ਵਾਈਟ ਹਾਊਸ ਦੀ ਚੀਫ਼ ਆਫ਼ ਸਟਾਫ਼ ਹੋਵੇਗੀ ਮਹਿਲਾ
ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਦੀ ਜ਼ਿੰਮੇਵਾਰੀ ਕਿਸੇ ਔਰਤ ਨੂੰ ਸੌਂਪੀ ਗਈ ਹੈ।
ਵਾਸ਼ਿੰਗਟਨ : ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਦੀ ਜ਼ਿੰਮੇਵਾਰੀ ਕਿਸੇ ਔਰਤ ਨੂੰ ਸੌਂਪੀ ਗਈ ਹੈ। ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸੂਜ਼ੀ ਵਾਇਲਜ਼ ਨੂੰ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਗਿਆ ਹੈ ਜੋ 2016 ਅਤੇ 2020 ਦੀ ਰਾਸ਼ਟਰਪਤੀ ਚੋਣ ਦੌਰਾਨ ਫਲੋਰੀਡਾ ਵਿਚ ਟਰੰਪ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਸੂਜ਼ੀ ਵਾਇਲਜ਼ ਆਪਣਾ ਕੰਮ ਕਰਨ ਵਿਚ ਵਧੇਰੇ ਵਿਸ਼ਵਾਸ ਰਖਦੇ ਹਨ ਅਤੇ ਮੀਡੀਆ ਸਾਹਮਣੇ ਆਉਣਾ ਉਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ। ਟਰੰਪ ਨੇ ਆਪਣੀ ਜੇਤੂ ਰੈਲੀ ਦੌਰਾਨ ਉਨ੍ਹਾਂ ਨੂੰ ਸੰਬੋਧਨ ਕਰਨ ਵਾਸਤੇ ਸੱਦਿਆ ਤਾਂ ਉਨ੍ਹਾਂ ਨੇ ਮਾਈਕ ਨੂੰ ਹੱਥ ਲਾਉਣ ਤੋਂ ਵੀ ਨਾਂਹ ਕਰ ਦਿਤੀ। ਟਰੰਪ ਨੇ ਸੂਜ਼ੀ ਵਾਇਲਜ਼ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਕ ਮਿਹਨਤੀ, ਚੁਸਤ ਅਤੇ ਕੌਮਾਂਤਰੀ ਪੱਧਰ ’ਤੇ ਸਤਿਕਾਰ ਪ੍ਰਾਪਤ ਸ਼ਖਸੀਅਤ ਦੀ ਮਾਲਕ ਹੈ।
ਟਰੰਪ ਨੇ ਸੂਜ਼ੀ ਵਾਇਲਜ਼ ਨੂੰ ਸੌਂਪੀ ਜ਼ਿੰਮੇਵਾਰੀ
ਅਮਰੀਕਾ ਨੂੰ ਮੁੜ ਮਹਾਨ ਬਣਾਉਣ ਲਈ ਸੂਜ਼ੀ ਆਪਣਾ ਅਣਥੱਕ ਯੋਗਦਾਨ ਪਾਉਣਗੇ। ਡੌਨਲਡ ਟਰੰਪ ਦੀ ਪ੍ਰਚਾਰ ਮੁਹਿੰਮ ਵਿਚ ਵੱਡਾ ਯੋਗਦਾਨ ਪਾਉਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਸਾਲ 2010 ਵਿਚ ਰਿਕ ਸਕੌਟ ਦੀ ਬਤੌਰ ਗਵਰਨਰ ਚੋਣ ਮੁਹਿੰਮ ਵਿਚ ਵੱਡਾ ਯੋਗਦਾਨ ਪਾਇਆ ਗਿਆ ਅਤੇ 2012 ਵਿਚ ਰਾਸ਼ਟਰਪਤੀ ਦੀ ਉਮੀਦਵਾਰੀ ਹਾਸਲ ਕਰਨ ਦੇ ਇੱਛਕ ਯੂਟਾਹ ਦੇ ਗਵਰਨਰ ਜੌਨ ਹੰਟਸਮੈਨ ਵਾਸਤੇ ਵੀ ਕੰਮ ਕੀਤਾ। ਦੱਸ ਦੇਈਏ ਕਿ ਡੌਨਲਡ ਟਰੰਪ ਵੱਲੋਂ ਬਤੌਰ ਰਾਸ਼ਟਰਪਤੀ ਜਨਵਰੀ 2025 ਵਿਚ ਸਹੁੰ ਚੁੱਕੀ ਜਾਵੇਗੀ ਪਰ ਉਸ ਤੋਂ ਪਹਿਲਾਂ ਅਹਿਮ ਅਹੁਦੇਦਾਰਾਂ ਦੀ ਨਿਯੁਕਤੀ ਦਾ ਸਿਲਸਿਲਾ ਆਰੰਭਿਆ ਜਾ ਚੁੱਕਾ ਹੈ।