ਐਮਾਜ਼ੋਨ ਜੰਗਲ ’ਤੇ ਮੌਜੂਦ ਐ ਹਵਾ ’ਚ ਉਡਦੀ ਨਦੀ! ਵਿਗਿਆਨੀ ਵੀ ਹੋ ਗਏ ਹੈਰਾਨ

ਦੁਨੀਆ ਦੇ ਸਭ ਤੋਂ ਵੱਡੇ ਐਮਾਜ਼ੋਨ ਦੇ ਜੰਗਲਾਂ ਵਿਚ ਭਾਵੇਂ ਦੁਨੀਆ ਦੀ ਸਭ ਤੋਂ ਵੱਡੀ ਐਮਾਜ਼ੋਨ ਨਦੀ ਵਹਿੰਦੀ ਐ ਪਰ ਇਸ ਤੋਂ ਵੀ ਵੱਡੀ ਨਦੀ ਐਮਾਜ਼ੋਨ ਦੇ ਜੰਗਲ ਉਪਰ ਵਹਿੰਦੀ ਐ, ਜਿਸ ਵਿਚ ਐਮਾਜ਼ੋਨ ਨਦੀ ਤੋਂ ਵੀ ਜ਼ਿਆਦਾ ਪਾਣੀ ਐ।;

Update: 2024-06-18 09:53 GMT

ਵਾਸ਼ਿੰਗਟਨ : ਦੁਨੀਆ ਦੇ ਫੇਫੜਿਆਂ ਵਜੋਂ ਜਾਣੇ ਜਾਂਦੇ ਐਮਾਜ਼ੋਨ ਦੇ ਜੰਗਲਾਂ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਅਤੇ ਇੱਥੇ ਵਹਿੰਦੀ ਐਮਾਜ਼ੋਨ ਨਦੀ ਬਾਰੇ ਵੀ ਸਾਰੇ ਹੀ ਜਾਣਦੇ ਨੇ ਜੋ ਦੁਨੀਆ ਦੀ ਸਭ ਤੋਂ ਵੱਡੀ ਨਦੀ ਮੰਨੀ ਜਾਂਦੀ ਐ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਨਦੀ ਬਾਰੇ ਦੱਸਣ ਜਾ ਰਹੇ ਆਂ ਜੋ ਇਸੇ ਐਮਾਜ਼ੋਨ ਜੰਗਲ ਦੇ ਉਪਰ ਐ, ਇਸ ਨਦੀ ਵਿਚ ਐਮਾਜ਼ੋਨ ਨਦੀ ਤੋਂ ਵੀ ਜ਼ਿਆਦਾ ਪਾਣੀ ਐ। ਕਰੀਬ 20 ਸਾਲ ਪਹਿਲਾਂ ਇਕ ਵਿਗਿਆਨੀ ਦਾ ਧਿਆਨ ਇਸ ਅਜ਼ੂਬੇ ’ਤੇ ਗਿਆ, ਜਿਸ ਨੂੰ ਉਸ ਨੇ ਫਲਾਇੰਗ ਰਿਵਰ ਦਾ ਨਾਮ ਦਿੱਤਾ, ਯਾਨੀ ਉਡਦੀ ਹੋਈ ਨਦੀ। ਕਿਉਂ? ਹੋ ਗਏ ਹੈਰਾਨ,,, ਖ਼ੈਰ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਜਦੋਂ ਫਿਲਮਾਂ ਵਿਚ ‘ਫਲਾਇੰਗ ਜੱਟ’ ਹੋ ਸਕਦੈ ਤਾਂ ਫਲਾਇੰਗ ਰਿਵਰ ਕਿਉਂ ਨਹੀਂ? ਸੋ ਆਓ ਤੁਹਾਨੂੰ ਇਸ ਉਡਦੀ ਨਦੀ ਬਾਰੇ ਦੱਸਦੇ ਆਂ ਕਿ ਕਿਉਂ ਕਿਹਾ ਜਾਂਦਾ ਏ ਇਸ ਨੂੰ ਉਡਦੀ ਨਦੀ?

ਦੁਨੀਆ ਦੇ ਸਭ ਤੋਂ ਵੱਡੇ ਐਮਾਜ਼ੋਨ ਦੇ ਜੰਗਲਾਂ ਵਿਚ ਭਾਵੇਂ ਦੁਨੀਆ ਦੀ ਸਭ ਤੋਂ ਵੱਡੀ ਐਮਾਜ਼ੋਨ ਨਦੀ ਵਹਿੰਦੀ ਐ ਪਰ ਇਸ ਤੋਂ ਵੀ ਵੱਡੀ ਨਦੀ ਐਮਾਜ਼ੋਨ ਦੇ ਜੰਗਲ ਉਪਰ ਵਹਿੰਦੀ ਐ, ਜਿਸ ਵਿਚ ਐਮਾਜ਼ੋਨ ਨਦੀ ਤੋਂ ਵੀ ਜ਼ਿਆਦਾ ਪਾਣੀ ਐ। ਬ੍ਰਾਜ਼ੀਲ ਦੇ ਇਕ ਵਿਗਿਆਨੀ ਜੋ ਸਾਊਥ ਅਮਰੀਕਾ ਵਿਚ ਬੱਦਲਾਂ ਦਾ ਅਧਿਐਨ ਕਰਦੇ ਸੀ। ਕਰੀਬ 20 ਸਾਲ ਪਹਿਲਾਂ ਉਨ੍ਹਾਂ ਦਾ ਧਿਆਨ ਇਕ ਅਜ਼ੂਬੇ ’ਤੇ ਗਿਆ। ਬਚਪਨ ਵਿਚ ਤੁਸੀਂ ਜਲ ਚੱਕਰ ਬਾਰੇ ਤਾਂ ਜ਼ਰੂਰ ਪੜ੍ਹਿਆ ਹੋਵੇਗਾ ਕਿ ਕਿਵੇਂ ਪਾਣੀ ਭਾਫ਼ ਬਣ ਕੇ ਉਡਦਾ ਏ, ਜਿਸ ਨਾਲ ਬੱਦਲ ਬਣਦੇ ਨੇ। ਭਾਫ਼ ਠੰਡੀ ਹੁੰਦੀ ਐ ਅਤੇ ਫਿਰ ਪਾਣੀ ਬਣਕੇ ਵਰ੍ਹਦੀ ਐ। ਇਸ ਨੂੰ ਕਹਿੰਦੇ ਨੇ ਜਲ ਚੱਕਰ।, ਪਰ ਇਹ ਜਲ ਚੱਕਰ ਤਾਂ ਪੂਰੀ ਧਰਤੀ ’ਤੇ ਚਲਦਾ ਏ, ਫਿਰ ਇਹ ਉਡਦੀ ਨਦੀ ਦੱਖਣੀ ਅਮਰੀਕਾ ਵਿਚ ਕਿਵੇਂ ਬਣੀ?

ਦਰਅਸਲ ਸਾਡੀ ਧਰਤੀ ਘੁੰਮ ਰਹੀ ਐ, ਨਾਲ ਹੀ ਸਾਡਾ ਵਾਯੂਮੰਡਲ ਵੀ ਘੁੰਮ ਰਿਹਾ ਏ ਪਰ ਹਵਾ ਦਾ ਰੁਖ਼ ਬਦਲਦਾ ਰਹਿੰਦਾ ਏ, ਯਾਨੀ ਕਿਤੇ ਹਵਾ ਪੱਛਮ ਤੋਂ ਪੂਰਬ ਵੱਲ ਚਲਦੀ ਐ ਅਤੇ ਕਿਤੇ ਪੂਰਬ ਤੋਂ ਪੱਛਮ ਵੱਲ। ਹੁਣ ਫਿਰ ਤੋਂ ਵਾਪਸ ਐਮਾਜ਼ੋਨ ਜੰਗਲ ’ਤੇ ਆਉਂਨੇ ਆਂ ਜੋ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਜੀਵਾਂ ਨਾਲ ਭਰਿਆ ਹੋਇਆ ਇਲਾਕਾ ਏ। ਇਹ ਸਾਡੇ ਦੇਸ਼ ਤੋਂ ਲਗਭਗ ਦੁੱਗਣੇ ਆਕਾਰ ਦਾ ਏ ਅਤੇ ਦੁਨੀਆ ਦੇ ਜੀਵ ਜੰਤੂਆਂ ਦੀਆਂ 10 ਫ਼ੀਸਦੀ ਪ੍ਰਜਾਤੀਆਂ ਇਸੇ ਵਿਚ ਰਹਿੰਦੀਆਂ ਨੇ। ਇਸ ਤੋਂ ਇਲਾਵਾ ਦੁਨੀਆ ਭਰ ਦੇ ਸਮੁੰਦਰਾਂ ਵਿਚ ਰੋਜ਼ਾਨਾ ਜਿੰਨਾ ਤਾਜ਼ਾ ਪਾਣੀ ਡਿਗਦਾ ਏ, ਉਸ ਦਾ ਕਰੀਬ 15 ਫ਼ੀਸਦੀ ਇਕੱਲੀ ਐਮਾਜ਼ੋਨ ਨਦੀ ਤੋਂ ਆਉਂਦਾ ਏ ਜੋ ਕਰੀਬ 6600 ਕਿਲੋਮੀਟਰ ਲੰਬੀ ਐ। ਇਹ ਸਮਝ ਲਓ ਕਿ ਇਹ ਜੰਗਲ ਆਪਣੇ ਆਪ ਵਿਚ ਇਕ ਛੋਟਾ ਜਿਹਾ ਸੰਸਾਰ ਐ, ਜਿੱਥੇ ਇਕ ਅਦ੍ਰਿਸ਼ ਉਡਣ ਵਾਲੀ ਨਦੀ ਨੂੰ ਪਾਣੀ ਸਪਲਾਈ ਹੋਣ ਦਾ ਕੰਮ ਚਲਦਾ ਏ।

ਦੁਨੀਆ ਵਿਚ ਉਂਝ ਭਾਵੇਂ ਹੋਰ ਵੀ ਜੰਗਲ ਮੌਜੂਦ ਨੇ ਪਰ ਜੋ ਗੱਲ ਐਮਾਜ਼ੋਨ ਨੂੰ ਵੱਖ ਕਰਦੀ ਐ, ਉਹ ਐ ਇੱਥੋਂ ਦੇ ਰੁੱਖ, ਜਿਨ੍ਹਾਂ ਦੀਆਂ ਜੜ੍ਹਾਂ ਜ਼ਮੀਨ ਦੀ ਡੂੰਘਾਈ ਤੋਂ ਪਾਣੀ ਕੱਢਦੀਆਂ ਨੇ। ਇਹ ਸਮਝ ਲਓ ਕਿ ਇਹ ਦਿਨ ਵਿਚ ਹਜ਼ਾਰ ਲੀਟਰ ਤੱਕ ਪਾਣੀ ਵਾਤਾਵਰਣ ਵਿਚ ਛੱਡ ਸਕਦੇ ਨੇ। ਅਜਿਹੇ ਕਰੋੜਾਂ ਰੁੱਖ ਮਿਲ ਕੇ ਦਿਨ ਦਾ 20 ਬਿਲੀਅਨ ਟਨ ਪਾਣੀ ਉਡਾ ਦਿੰਦੇ ਨੇ। ਉਥੇ ਹੀ ਐਮਾਜ਼ੋਨ ਨਦੀ ਦਿਨ ਵਿਚ 17 ਬਿਲੀਅਨ ਟਨ ਪਾਣੀ ਲੈ ਕੇ ਜਾਂਦੀ ਐ। ਜਦੋਂ ਸਮੁੰਦਰ ਵੱਲੋਂ ਪਾਣੀ ਭਾਫ਼ ਬਣ ਕੇ ਜ਼ਮੀਨ ਵੱਲ ਵਧਦਾ ਏ ਤਾਂ ਰਸਤੇ ਵਿਚ ਨਮੀ ਖੋਂਦਾ ਜਾਂਦਾ ਏ ਪਰ ਐਮਾਜ਼ੋਨ ਜੰਗਲ ਤੋਂ ਸਪਲਾਈ ਹੋ ਰਹੀ ਜਲਵਾਸ਼ਪਾਂ ਦੀ ਵਜ੍ਹਾ ਕਰਕੇ ਇੱਥੋਂ ਦੇ ਬੱਦਲਾਂ ਦੇ ਬਰਾਬਰ ਨਮੀ ਬਣੀ ਰਹਿੰਦੀ ਐ। ਉਥੇ ਹੀ ਵਾਤਾਵਰਣ ਵਿਚ ਸਥਿਤ ਧੂੜ ਦੇ ਕਣ ਜਦੋਂ ਇਸ ਨਮੀ ਦੇ ਨਾਲ ਮਿਲਦੇ ਨੇ, ਤਾਂ ਉਨ੍ਹਾਂ ਦੇ ਚਾਰੇ ਪਾਸੇ ਪਾਣੀ ਚਿਪਕ ਜਾਂਦਾ ਏ। ਫਿਰ ਕਣ ਬੂੰਦ ਵਿਚ ਬਦਲ ਜਾਂਦਾ ਏ। ਅਜਿਹੀਆਂ ਲੱਖਾਂ ਬੂੰਦਾਂ ਮਿਲ ਕੇ ਐਮਾਜ਼ੋਨ ਵਿਚ ਬਾਰਿਸ਼ ਕਰਦੀਆਂ ਨੇ, ਜਿਸ ਨਾਲ ਇੱਥੋਂ ਦੇ ਜੰਗਲ ਹਰੇ ਭਰੇ ਹੁੰਦੇ ਨੇ। ਯਾਨੀ ਕਿ ਇਹ ਰੁੱਖ ਖ਼ੁਦ ਹੀ ਆਪਣੇ ਲਈ ਬਾਰਿਸ਼ ਦਾ ਇੰਤਜ਼ਾਮ ਕਰ ਲੈਂਦੇ ਨੇ।

ਇਸ ਪ੍ਰਕਿਰਿਆ ਨੂੰ ਸਮਝਣ ਲਈ ਡਾ. ਨੋਬਰੇ ਨੇ ਦੋ ਰਸ਼ੀਅਨ ਭੌਤਿਕ ਵਿਗਿਆਨੀਆਂ ਦੀ ਬਾਇਓਪੰਪ ਥਿਊਰੀ ਦੀ ਮਦਦ ਲਈ। ਜਿਸ ਦੇ ਮੁਤਾਬਕ ਜੰਗਲਾਂ ਦੀ ਵਜ੍ਹਾ ਨਾਲ ਨੈਗੇਟਿਵ ਪ੍ਰੈਸ਼ਰ ਬਣਦਾ ਏ ਜੋ ਨਮੀ ਨੂੰ ਬਿਹਤਰ ਤਰੀਕੇ ਨਾਲ ਖਿੱਚ ਸਕਦਾ ਏ, ਜਿਸ ਨਾਲ ਜ਼ਿਆਦਾ ਬਾਰਿਸ਼ ਹੁੰਦੀ ਐ। ਯਾਨੀ ਕਿ ਇਸ ਨਾਲ ਇੱਥੋਂ ਦੇ ਜੰਗਲਾਂ ਵਿਚ ਵੀ ਨਮੀ ਬਣਦੀ ਰਹਿੰਦੀ ਐ ਅਤੇ ਇਨ੍ਹਾਂ ਦੇ ਉਪਰ ਵੀ। ਇਹ ਨਮੀ ਹਵਾਵਾਂ ਦੇ ਨਾਲ ਮਿਲ ਪੂਰਬ ਤੋਂ ਪੱਛਮ ਵੱਲ ਚਲਦੀਆਂ ਨੇ, ਫਿਰ ਏਂਡਿਜ ਪਹਾੜਾਂ ਨਾਲ ਟਕਰਾ ਕੇ ਬਾਰਿਸ਼ ਕਰਦੇ ਹੋਏ ਉਤਰ ਤੋਂ ਦੱਖਣ ਵੱਲ ਵਧਦੀਆਂ ਨੇ। ਫਿਰ ਦੱਖਣ ਵਿਚ ਪਹੁੰਚ ਕੇ ਹੋਰ ਬਾਰਿਸ਼ ਕਰਦੀਆਂ ਨੇ। ਇਹ ਸਮਝ ਲਓ ਕਿ ਇੱਥੋਂ ਦੇ ਜੰਗਲਾਂ ਦੇ ਉਪਰ ਇਕ ਤੈਅਸ਼ੁਦਾ ਮਾਰਗ ’ਤੇ ਚਲਦੀਆਂ ਰਹਿੰਦੀਆਂ ਨੇ, ਜਿਵੇਂ ਕੋਈ ਅਦ੍ਰਿਸ਼ ਅਤੇ ਉਡਦੀ ਹੋਈ ਨਦੀ ਹੋਵੇ।

Tags:    

Similar News