ਹਰਜਿੰਦਰ ਸਿੰਘ ਬਾਰੇ ਫਲੋਰੀਡਾ ਦੇ ਗਵਰਨਰ ਦਾ ਵੱਡਾ ਐਲਾਨ

ਅਮਰੀਕਾ ਵਿਚ ਗ੍ਰਿਫ਼ਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਅਤੇ ਉਸ ਨੂੰ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਸਜ਼ਾ ਮਿਲਣ ਦੇ ਆਸਾਰ ਹਨ

Update: 2025-08-27 12:51 GMT

ਫਲੋਰੀਡਾ : ਅਮਰੀਕਾ ਵਿਚ ਗ੍ਰਿਫ਼ਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਅਤੇ ਉਸ ਨੂੰ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਸਜ਼ਾ ਮਿਲਣ ਦੇ ਆਸਾਰ ਹਨ। ਜੀ ਹਾਂ, ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਹੈ ਕਿ ਹਰਜਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਟਰੱਕ ਚਲਾਉਣ ਦੇ ਕਾਬਲ ਨਹੀਂ ਪਰ ਇਸ ਦੇ ਬਾਵਜੂਦ ਸਟੀਅਰਿੰਗ ਵ੍ਹੀਲ ’ਤੇ ਬੈਠ ਗਿਆ ਅਤੇ ਵੱਡੀ ਲਾਪ੍ਰਵਾਹੀ ਵਰਤਦਿਆਂ ਯੂ-ਟਰਨ ਲੈਣ ਦਾ ਯਤਨ ਕੀਤਾ ਜੋ ਬੇਹੱਦ ਖ਼ਤਰਨਾਕ ਸਾਬਤ ਹੋਇਆ। ਡਿਸੈਂਟਿਸ ਨੇ ਅੱਗੇ ਕਿਹਾ ਕਿ ਹਰਜਿੰਦਰ ਸਿੰਘ ਦੇ ਹੱਕ ਵਿਚ ਚਲਾਈ ਮੁਹਿੰਮ ਰਾਹੀਂ ਉਸ ਨੂੰ ਬੇਕਸੂਰ ਸਾਬਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਥੋਂ ਤੱਕ ਕਿ ਉਸ ਨੂੰ ਪੀੜਤ ਦਰਸਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ ਪਰ ਫਲੋਰੀਡਾ ਸਰਕਾਰ ਇਨ੍ਹਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ।

ਕੋਈ ਨਰਮੀ ਨਹੀਂ ਵਰਤੀ ਜਾਵੇਗੀ, ਕਾਨੂੰਨ ਮੁਤਾਬਕ ਸਜ਼ਾ ਮਿਲੇਗੀ

ਗਵਰਨਰ ਨੇ ਦਲੀਲ ਦਿਤੀ ਕਿ ਪਟੀਸ਼ਨ ’ਤੇ ਦਸਤਖ਼ਤ ਕਰਨ ਵਾਲਿਆਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਹਨ ਅਤੇ ਮਾਮਲਾ ਅਮਰੀਕਾ ਨਾਲ ਸਬੰਧਤ ਹੈ। ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਹਾਦਸੇ ਤੋਂ ਤੁਰਤ ਬਾਅਦ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਸਵਾਲ ’ਤੇ ਰੌਨ ਡਿਸੈਂਟਿਸ ਨੇ ਕਿਹਾ ਕਿ ਫਲੋਰੀਡਾ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਦੀ ਮੁੱਖ ਤਰਜੀਹ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਅਤੇ ਹਾਈਵੇਅ ’ਤੇ ਆਵਾਜਾਈ ਬਹਾਲ ਕਰਨਾ ਸੀ। ਪਹਿਲੀ ਨਜ਼ਰੇ ਇਹ ਅਪਰਾਧਕ ਮਾਮਲਾ ਮਹਿਸੂਸ ਨਾ ਹੋਇਆ ਅਤੇ ਹਰਜਿੰਦਰ ਸਿੰਘ ਨੂੰ ਆਪਣੇ ਸਾਥੀ ਹਰਨੀਤ ਸਿੰਘ ਨਾਲ ਫਰਾਰ ਹੋਣ ਦਾ ਮੌਕਾ ਮਿਲ ਗਿਆ। ਹਿਲਜ਼ਬ੍ਰੋਅ ਕਾਊਂਟੀ ਐਵੇਏਸ਼ਨ ਅਥਾਰਿਟੀ ਦੇ ਇਕ ਸਮਗਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਫਲੋਰੀਡਾ ਦੇ ਗਵਰਨਰ ਨੇ ਕਿਹਾ ਕਿ ਹਾਦਸੇ ਦੇ ਚਸ਼ਮਦੀਦ ਕਾਲੇ ਰੰਗ ਦੀ ਕ੍ਰਾਈਸਲਰ ਮਿੰਨੀ ਵੈਨ ਵਿਚ ਸਵਾਰ ਤਿੰਨ ਜਣੇ ਸਨ ਪਰ ਬਦਕਿਸਮਤੀ ਨਾਲ ਤਿੰਨਾਂ ਦੀ ਮੌਤ ਹੋ ਗਈ। ਦੂਜੇ ਪਾਸੇ ਹਰਜਿੰਦਰ ਸਿੰਘ ਅਤੇ ਉਸ ਦੇ ਸਾਥੀ ਹਰਨੀਤ ਸਿੰਘ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਹਾਲਾਤ ਦੇ ਮੱਦੇਨਜ਼ਰ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਦਾ ਪਹਿਲਾ ਕੰਮ ਹਾਦਸੇ ਦੇ ਕਾਰਨ ਸਾਹਮਣੇ ਲਿਆਉਣਾ ਬਣ ਗਿਆ ਅਤੇ ਟਰੱਕ ਦੇ ਡੈਸ਼ਕੈਮ ਵਿਚ ਰਿਕਾਰਡ ਵੀਡੀਓ ਦੀ ਘੋਖ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਹਰਨੀਤ ਸਿੰਘ ਦੀ ਮੀਡੀਆ ਨਾਲ ਗੱਲਬਾਤ ਦੇ ਕੁਝ ਹਿੱਸੇ ਸਾਹਮਣੇ ਆ ਰਹੇ ਹਨ।

ਕਿਹਾ, ਪਟੀਸ਼ਨ ’ਤੇ ਦਸਤਖ਼ਤ ਕਰਨ ਵਾਲਿਆਂ ’ਚੋਂ ਜ਼ਿਆਦਾਤਰ ਅਮਰੀਕੀ ਨਹੀਂ

ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਹਰਨੀਤ ਸਿੰਘ ਨੇ ਕਿਹਾ ਕਿ ਉਹ ਮੋਬਾਈਲ ’ਤੇ ਵੀਡੀਓ ਦੇਖ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਪਰ ਟਰੱਕ ਵਿਚ ਲੱਗੇ ਜੀ.ਪੀ.ਐਸ. ਰਾਹੀਂ ਯੂ-ਟਰਨ ਨਾ ਲੈਣ ਦੀ ਚਿਤਾਵਨੀ ਉਸ ਨੇ ਸੁਣੀ ਸੀ। ਹਰਨੀਤ ਸਿੰਘ ਨੇ ਅੱਗੇ ਕਿਹਾ ਕਿ ਉਹ ਮਿਆਮੀ ਵੱਲ ਜਾਣਾ ਚਾਹੁੰਦੇ ਸਨ ਅਤੇ ਜੀ.ਪੀ.ਐਸ. ਨੇ ਨੌਰਥ ਵੱਲ ਅੱਗੇ ਵਧਦਿਆਂ ਐਗਜ਼ਿਟ ਤੱਕ ਪੁੱਜਣ ਦੀ ਹਦਾਇਤ ਦਿਤੀ ਪਰ ਇਸੇ ਦੌਰਾਨ ਹਰਜਿੰਦਰ ਸਿੰਘ ਨੇ ਯੂ-ਟਰਨ ਲੈ ਲਿਆ। ਹਰਨੀਤ ਸਿੰਘ ਮੁਤਾਬਕ ਉਹ ਦੋਵੇਂ ਜਣੇ ਆਰਾਮ ਕਰ ਕੇ ਰਵਾਨਾ ਹੋਏ ਸਨ ਅਤੇ ਥਕਾਵਟ ਜਾਂ ਨੀਂਦ ਕੋਈ ਮਸਲਾ ਨਹੀਂ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਲੋਰੀਡਾ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਨੇ ਦੁਭਾਸ਼ੀਏ ਦੀ ਮਦਦ ਨਾਲ ਹਰਜਿੰਦਰ ਸਿੰਘ ਤੋਂ ਸਵਾਲ ਕਰਨ ਦੇ ਯਤਨ ਕੀਤੇ ਪਰ ਉਸ ਨੇ ਆਪਣੇ ਵਕੀਲ ਰਾਹੀਂ ਸਵਾਲਾਂ ਦੇ ਜਵਾਬ ਦੇਣ ਦੀ ਗੱਲ ਆਖੀ ਅਤੇ ਕੈਲੇਫੋਰਨੀਆ ਰਵਾਨਾ ਹੋ ਗਿਆ।

Tags:    

Similar News