ਅਮਰੀਕਾ ਦੇ ਫਲੋਰੀਡਾ ਵਿਚ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ
ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਹਾਲਾਤ ਖਤਰਨਾਕ ਬਣ ਗਏ ਜਦੋਂ 24 ਘੰਟੇ ਦੇ ਅੰਦਰ 20 ਇੰਚ ਤੱਕ ਬਾਰਸ਼ ਦਰਜ ਕੀਤੀ ਗਈ। ਲਗਾਤਾਰ ਪਏ ਮੀਂਹ ਕਾਰਨ ਸੜਕਾਂ ਨਦੀਆਂ ਦਾ ਰੂਪ ਅਖਤਿਆਰ ਕਰ ਗਈਆਂ ਅਤੇ ਲੋਕ ਗੱਡੀਆਂ ਵਿਚ ਹੀ ਫਸ ਗਏ।
ਮਿਆਮੀ : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਹਾਲਾਤ ਖਤਰਨਾਕ ਬਣ ਗਏ ਜਦੋਂ 24 ਘੰਟੇ ਦੇ ਅੰਦਰ 20 ਇੰਚ ਤੱਕ ਬਾਰਸ਼ ਦਰਜ ਕੀਤੀ ਗਈ। ਲਗਾਤਾਰ ਪਏ ਮੀਂਹ ਕਾਰਨ ਸੜਕਾਂ ਨਦੀਆਂ ਦਾ ਰੂਪ ਅਖਤਿਆਰ ਕਰ ਗਈਆਂ ਅਤੇ ਲੋਕ ਗੱਡੀਆਂ ਵਿਚ ਹੀ ਫਸ ਗਏ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਵੱਲੋਂ ਪੰਜ ਕਾਊਂਟੀਆਂ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਜਦਕਿ ਮੌਸਮ ਵਿਭਾਗ ਵੱਲੋਂ ਮੁੜ ਬਾਰਸ਼ ਹੋਣ ਦੀ ਚਿਤਾਵਨੀ ਦਿਤੀ ਗਈ ਹੈ।
ਫਲੋਰੀਡਾ ਵਿਚ ਇਸ ਸਾਲ ਜਨਵਰੀ ਤੋਂ ਮਈ ਤੱਕ ਔਸਤਨ 12 ਇੰਚ ਬਾਰਸ਼ ਹੋਈ ਪਰ ਕੁਝ ਘੰਟਿਆਂ ਵਿਚ ਡਿੱਗੇ ਪਾਣੀ ਨੇ ਹਰ ਪਾਸ ਜਲ-ਥਲ ਕਰ ਦਿਤਾ। ਸੂਬੇ ਦਾ ਦੱਖਣੀ ਇਲਾਕਾ ਸਭ ਤੋਂ ਵੱਧ ਪ੍ਰਭਾਵਤ ਦੱਸਿਆ ਜਾ ਰਿਹਾ ਹੈ ਕਿ ਜਦਕਿ ਪਿਛਲੇ ਸਮੇਂ ਤੱਕ ਸੋਕੇ ਦੀ ਮਾਰ ਹੇਠ ਮੰਨੇ ਜਾ ਰਹੇ ਪੱਛਮੀ ਇਲਾਕ ਵਿਚ 6 ਇੰਚ ਤੱਕ ਮੀਂਹ ਪੈਣ ਦੀ ਰਿਪੋਰਟ ਹੈ। ਮੌਸਮੀ ਗੜਬੜੀ ਨੂੰ ਫਿਲਹਾਲ ਸਮੁੰਦਰੀ ਤੂਫਾਨ ਦਾ ਰੂਪ ਨਹੀਂ ਮੰਨਿਆ ਗਿਆ ਪਰ ਆਉਣ ਵਾਲੇ ਕੁਝ ਦਿਨਾਂ ਦੌਰਾਨ ਹੋਰ ਬਾਰਸ਼ ਦਾ ਸਿਲਸਿਲਾ ਜਾਰੀ ਰਹਿਣ ਦੇ ਆਸਾਰ ਹਨ।
ਸਭ ਤੋਂ ਵੱਧ ਆਵਾਜਾਈ ਵਾਲੇ ਇੰਟਰਸਟੇਟ 95 ਦੇ ਬਰੋਵਾਰਡ ਕਾਊਂਟੀ ਵਾਲੇ ਹਿੱਸੇ ਤੋਂ ਟ੍ਰੈਫਿਕ ਨੂੰ ਡਾਇਵਰਟ ਕਰਨਾ ਪਿਆ ਜਿਥੇ ਹਾਈਵੇਅ ਦੇ ਉਪਰੋਂ ਪਾਣੀ ਵਗਣ ਦੀਆਂ ਰਿਪੋਰਟਾਂ ਹਨ। ਫਲੋਰੀਡਾ ਹਾਈਵੇਅ ਪੈਟਰੋਲ ਨੇ ਕਿਹਾ ਕਿ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਾਣੀ ਉਤਰਨ ਤੱਕ ਹਾਈਵੇਅ ਖੋਲਿ੍ਹਆ ਨਹੀਂ ਜਾਵੇਗਾ। ਇਸੇ ਦੌਰਾਨ ਮਿਆਮੀ ਵੈਦਰ ਸਰਵਿਸ ਨੇ ਟਵੀਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਅਤੇ ਹੋ ਸਕੇ ਤਾਂ ਉਚੀਆਂ ਥਾਵਾਂ ਚੜ੍ਹਨ ਦਾ ਸੁਝਾਅ ਦਿਤਾ ਗਿਆ ਹੈ। ਫੋਰਟ ਲੌਡਰਡੇਲ ਦੇ ਮੇਅਰ ਨੇ ਕਿਹਾ ਕਿ ਪ੍ਰਭਾਵਤ ਇਲਾਕਿਆਂ ਵਿਚ ਰਾਹਤ ਟੀਮਾਂ ਭੇਜੀਆਂ ਜਾ ਰਹੀਆਂ ਹਨ। ਇਸੇ ਦੌਰਾਨ ਪਾਣੀ ਵਿਚ ਫਸੇ ਕੁਝ ਲੋਕਾਂ ਨੇ ਹਡਬੀਤੀ ਸੁਣਾਦਿਆਂ ਕਿਹਾ ਕਿ ਉਹ ਮੁਸ਼ਕਲ ਹੀ ਨਿਕਲ ਸਕੇ।
ਇਕ ਮਹਿਲਾ ਦੀ ਕਾਰ ਪਾਣੀ ਕਾਰਨ ਬੰਦ ਹੋ ਗਈ ਤਾਂ ਉਥੋਂ ਲੰਘਦੀਆਂ ਦੂਜੀਆਂ ਗੱਡੀਆਂ ਕਾਰਨ ਪਾਣੀਆਂ ਦੀਆਂ ਛੱਲਾਂ ਲਗਾਤਾਰ ਬਣ ਰਹੀਆਂ ਸਨ ਅਤੇ ਉਸ ਦਾ ਆਪਣੀ ਗੱਡੀ ਵਿਚੋਂ ਬਾਹਰ ਆਉਣਾ ਔਖਾ ਹੋ ਗਿਆ। ਕਈ ਇਮਾਰਤਾਂ ਦੀਆਂ ਬੇਸਮੈਂਟਾਂ ਵਿਚ ਪਾਣੀ ਦਾਖਲ ਹੋਣ ਦੀ ਰਿਪੋਰਟ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ। ਫੋਰਟ ਲੌਡਰਡੇਲ-ਹੌਲੀਵੁੱਡ ਇੰਟਰਨੈਸ਼ਨਲ ਏਅਰਪੋਰਟ ’ਤੇ ਦਰਜਨਾਂ ਫਲਾਈਟਸ ਰੱਦ ਹੋ ਗਈਆਂ ਜਾਂ ਦੇਰੀ ਨਾਲ ਰਵਾਨਾ ਹੋਈਆਂ। ਉਧਰ ਵੈਸਟ ਪਾਮ ਬੀਚ ਇਲਾਕੇ ਵਿਚ ਇਕ ਵੱਡਾ ਵਾਵਰੋਲਾ ਆਉਣ ਦੀ ਰਿਪੋਰਟ ਹੈ ਜਿਸ ਕਾਰਨ ਹੋਏ ਨੁਕਸਾਨ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ। ਨੈਸ਼ਨਲ ਵੈਦਰ ਸਰਵਿਸ ਦੀ ਪੇਸ਼ੀਨਗੋਈ ਤੋਂ ਫਲੋਰੀਡਾ ਵਾਸੀਆਂ ਦਾ ਡਰ ਹੋਰ ਵਧਾ ਰਹੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ 17 ਤੋਂ 25 ਤੂਫਾਨ, 13 ਸਮੁੰਦਰੀ ਤੂਫਾਨ ਅਤੇ ਚਾਰ ਖਤਰਨਾਕ ਹਰੀਕੇਨ ਦਸਤਕ ਦੇ ਸਕਦੇ ਹਨ।