ਅਮਰੀਕਾ ਵਿਚ ਬਰਡ ਫਲੂ ਦੇ ਨਵੇਂ ਸਟ੍ਰੇਨ ਨਾਲ ਪਹਿਲੀ ਮੌਤ

ਬਰਡ ਫ਼ਲੂ ਦੇ ਐਚ 5 ਐਨ 5 ਸਟ੍ਰੇਨ ਨਾਲ ਦੁਨੀਆਂ ਵਿਚ ਪਹਿਲੀ ਮਨੁੱਖੀ ਮੌਤ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਹੋਣ ਦੀ ਰਿਪੋਰਟ ਹੈ

Update: 2025-11-22 12:25 GMT

ਸਿਐਟਲ : ਬਰਡ ਫ਼ਲੂ ਦੇ ਐਚ 5 ਐਨ 5 ਸਟ੍ਰੇਨ ਨਾਲ ਦੁਨੀਆਂ ਵਿਚ ਪਹਿਲੀ ਮਨੁੱਖੀ ਮੌਤ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਹੋਣ ਦੀ ਰਿਪੋਰਟ ਹੈ। ਵਾਇਰਸ ਦੇ ਐਚ 5 ਐਨ 5 ਸਟ੍ਰੇਨ ਤੋਂ ਪੀੜਤ ਵਡੇਰੀ ਉਮਰ ਦੇ ਮਰੀਜ਼ ਨੂੰ ਨਵੰਬਰ ਦੇ ਸ਼ੁਰੂ ਵਿਚ ਤੇਜ਼ ਬੁਖ਼ਾਰ ਅਤੇ ਸਾਹ ਲੈਣ ਵਿਚ ਤਕਲੀਫ਼ ਵਰਗੀਆਂ ਅਲਾਮਤਾਂ ਸਾਹਮਣੇ ਆਉਣ ’ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਿਐਟਲ ਦੇ 100 ਮੀਲ ਪੱਛਮ ਵੱਲ ਗ੍ਰੇਜ਼ ਹਾਰਬਰ ਕਾਊਂਟੀ ਵਿਚ ਰਹਿੰਦੇ ਮਰੀਜ਼ ਨੇ ਆਪਣੇ ਘਰ ਦੇ ਪਿਛਲੇ ਹਿੱਸੇ ਵਿਚ ਕੁਝ ਮੁਰਗੀਆਂ ਰੱਖੀਆਂ ਹੋਈਆਂ ਸਨ ਜਿਸ ਦਾ ਇਲਾਜ ਪਹਿਲਾਂ ਸਥਾਨਕ ਪੱਧਰ ’ਤੇ ਕੀਤਾ ਗਿਆ ਪਰ ਹਾਲਤ ਵਿਗੜਨ ਮਗਰੋਂ ਕਿੰਗ ਕਾਊਂਟੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਵਾਸ਼ਿੰਗਟਨ ਸੂਬੇ ਦੇ ਸਿਹਤ ਵਿਭਾਗ ਨੇ ਬਰਡ ਫ਼ਲੂ ਨਾਲ ਮੌਤ ਮਗਰੋਂ ਕਿਹਾ ਕਿ ਲੋਕਾਂ ਵਿਚ ਇਹ ਵਾਇਰਸ ਫੈਲਣ ਦਾ ਖ਼ਤਰਾ ਬਹੁਤ ਘੱਟ ਹੈ ਅਤੇ ਕਿਸੇ ਹੋਰ ਮਨੁੱਖ ਵਿਚ ਐਵੀਅਨ ਫਲੂ ਦੇ ਲੱਛਣ ਨਜ਼ਰ ਨਹੀਂ ਆਏ।

ਵਾਸ਼ਿੰਗਟਨ ਸੂਬੇ ਵਿਚ ਕਈ ਦਿਨ ਤੋਂ ਬਿਮਾਰ ਬਜ਼ੁਰਗ ਨੇ ਦਮ ਤੋੜਿਆ

ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਰਨ ਵਾਲੇ ਬਜ਼ੁਰਗ ਦੇ ਸੰਪਰਕ ਵਿਚ ਆਏ ਲੋਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਹਫ਼ਤੇ ਪਹਿਲਾਂ ਬਜ਼ੁਰਗ ਦੀਆਂ ਦੋ ਮੁਰਗੀਆਂ ਅਣਪਛਾਤੀ ਬਿਮਾਰੀ ਦਾ ਸ਼ਿਕਾਰ ਬਣ ਗਈਆਂ ਪਰ ਬਾਕੀ ਮੁਰਗੀਆਂ ਪੂਰੀ ਤਰ੍ਹਾਂ ਸਿਹਤਮੰਦ ਸਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਬਰਡ ਫਲੂ ਤੋਂ ਪੀੜਤ ਮੁਰਗੀਆਂ ਜਾਂ ਹੋਰ ਪੰਛੀਆਂ ਦੇ ਜ਼ਿਆਦਾ ਨੇੜੇ ਜਾਣ ਜਾਂ ਵਾਇਰਸ ਨਾਲ ਮਰਨ ਵਾਲੀਆਂ ਮੁਰਗੀਆਂ ਨੂੰ ਹੱਥ ਲਾਉਣ ਨਾਲ ਵਾਇਰਸ ਮਨੁੱਖ ਨੂੰ ਬਿਮਾਰ ਕਰ ਸਕਦਾ ਹੈ। ਹੁਣ ਤੱਕ ਮਨੁੱਖ ਵਿਚ ਬਰਡ ਫ਼ਲੂ ਫੈਲਣ ਦੇ ਮਾਮਲੇ ਐਚ 5 ਐਨ 1 ਵਾਇਰਸ ਨਾਲ ਸਬੰਧਤ ਰਹੇ ਪਰ ਤਾਜ਼ਾ ਸਟ੍ਰੇਨ ਮਨੁੱਖ ਉਤੇ ਵਧੇਰੇ ਅਸਰਦਾਰ ਸਾਬਤ ਹੋ ਰਿਹਾ ਹੈ। ਫ਼ਿਲਹਾਲ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਕਿ ਐਚ 5 ਐਨ 5 ਸਟ੍ਰੇਨ ਮਨੁੱਖ ਵਾਸਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2022 ਵਿਚ ਬਰਡ ਫਲੂ ਫੈਲਣ ਮਗਰੋਂ 71 ਜਣੇ ਵਾਇਰਸ ਦੀ ਲਪੇਟ ਵਿਚ ਆਏ ਅਤੇ ਲੂਈਜ਼ਿਆਨਾ ਨਾਲ ਸਬੰਧਤ ਇਕ ਸ਼ਖਸ ਦੀ ਮੌਤ ਹੋ ਗਈ।

ਸਿਹਤ ਮਾਹਰਾਂ ਵੱਲੋਂ ਮਨੁੱਖ ਉਤੇ ਬਹੁਤਾ ਅਸਰ ਨਾ ਹੋਣ ਦਾ ਦਾਅਵਾ

ਸਿਹਤ ਮਾਹਰ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਐਚ 5 ਐਨ 5 ਸਟ੍ਰੇਨ ਕੋਈ ਨਵਾਂ ਨਹੀਂ ਪਰ ਕਿਸੇ ਮਨੁੱਖ ਦੇ ਇਨਫੈਕਟਡ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੀ ਵਾਇਰੋਲੌਜਿਸਟ ਡਾ. ਐਂਜਲਾ ਰਾਸਮੁਸੇਨ ਨੇ ਚਿਤਾਵਨੀ ਦਿਤੀ ਹੈ ਕਿ ਐਚ 5 ਐਨ 5 ਵਾਇਰਸ ਨੂੰ ਐਚ 5 ਐਨ 1 ਸਟ੍ਰੇਨ ਵਾਂਗ ਹਲਕੇ ਤੌਰ ’ਤੇ ਨਾ ਲਿਆ ਜਾਵੇ ਕਿਉਂਕਿ ਇਹ ਲੋਕਾਂ ਨੂੰ ਹਸਪਤਾਲ ਪਹੁੰਚਾ ਸਕਦਾ ਹੈ। ਇਸੇ ਦੌਰਾਨ ਅਮਰੀਕਾ ਦੇ ਟੈਨੇਸੀ ਸੂਬੇ ਵਿਚ ਇਨਫ਼ੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਡਾ. ਵਿਲੀਅਮ ਸ਼ਾਫ਼ਨਰ ਦਾ ਕਹਿਣਾ ਸੀ ਕਿ ਬਰਡ ਫਲੂ ਦਾ ਐਚ 5 ਐਨ 5 ਸਟ੍ਰੇਨ ਦੇ ਗੁੰਝਲਦਾਰ ਅਸਰ ਹੁਣ ਤੱਕ ਸਾਹਮਣੇ ਨਹੀਂ ਆਏ। ਜਨਵਰੀ 2022 ਤੋਂ ਬਾਅਦ ਅਮਰੀਕਾ ਦੇ ਜੰਗਲੀ ਅਤੇ ਪਾਲਤੂ ਹਰ ਕਿਸਮ ਦੇ ਪੰਛੀਆਂ ਵਿਚ ਬਰਡ ਫਲੂ ਫੈਲਿਆ ਅਤੇ ਕੋਈ ਸੂਬਾ ਵਾਇਰਸ ਤੋਂ ਮੁਕਤ ਨਾ ਰਹਿ ਸਕਿਆ। 174 ਮਿਲੀਅਨ ਮੁਰਗੀਆਂ, ਟਰਕੀ ਜਾਂ ਬਤਖਾਂ ਦੇ ਇਨਫੈਕਟਡ ਹੋਣ ਤੋਂ ਇਲਾਵਾ ਇਕ ਹਜ਼ਾਰ ਗਊਆਂ ਨੂੰ ਵੀ ਵਾਇਰਸ ਦੀ ਲਾਗ ਲੱਗਣ ਦੀ ਰਿਪੋਰਟ ਸਾਹਮਣੇ ਆਈ।

Tags:    

Similar News