ਅਮਰੀਕਾ ਵਿਚ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਲੱਗੀ ਠਾਹ
ਅਮਰੀਕਾ ਦੀ ਕੰਪਨੀ ਵਾਲਮਾਰਟ ਦੀ ਵੈਬਸਾਈਟ ’ਤੇ ਹਿੰਦੂ ਦੇਵਤਾ ਦੀਆਂ ਤਸਵੀਰਾਂ ਵਾਲੀ ਚੱਪਲ ਅਤੇ ਸਵਿਮ ਸੂਟ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ
ਨਿਊ ਯਾਰਕ : ਅਮਰੀਕਾ ਦੀ ਈ-ਕਾਮਰਸ ਕੰਪਨੀ ਵਾਲਮਾਰਟ ਦੀ ਵੈਬਸਾਈਟ ’ਤੇ ਹਿੰਦੂ ਦੇਵਤਾ ਦੀਆਂ ਤਸਵੀਰਾਂ ਵਾਲੀ ਚੱਪਲ ਅਤੇ ਸਵਿਮ ਸੂਟ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਅਤੇ ਕੰਪਨੀ ਵਿਰੁੱਧ ਸਖ਼ਤ ਰੋਸ ਪ੍ਰਗਟਾਇਆ ਗਿਆ। ਵਿਵਾਦ ਪੈਦਾ ਹੋਣ ਮਗਰੋਂ ਕੰਪਨੀ ਨੇ ਤੁਰਤ ਕਾਰਵਾਈ ਕਰਦਿਆਂ ਸਬੰਧਤ ਪ੍ਰੋਡਕਟਸ ਆਨਲਾਈਨ ਵਿਕਰੀ ਤੋਂ ਹਟਾ ਦਿਤੇ। ਹਿੰਦੂ ਅਮੈਰਿਕਨ ਫਾਊਂਡੇਸ਼ਨ ਵੱਲੋਂ ਵਾਲਮਾਰਟ ਦਾ ਸ਼ੁਕਰੀਆ ਅਦਾ ਕੀਤਾ ਗਿਆ ਅਤੇ ਪਤਾ ਲੱਗਾ ਹੈ ਕਿ ਇਹ ਵਿਵਾਦਤ ਪ੍ਰੋਡਕਟ ਸਿਰਫ ਅਮਰੀਕਾ ਵਿਚ ਹੀ ਮੁਹੱਈਆ ਸਨ।
ਵਾਲਮਾਰਟ ਦੀ ਵੈਬਸਾਈਟ ’ਤੇ ਵਿਕ ਰਹੀਆਂ ਸਨ ਧਾਰਮਿਕ ਤਸਵੀਰਾਂ ਵਾਲੀਆਂ ਚੱਪਲਾਂ
ਦੱਸਿਆ ਜਾ ਰਿਹਾ ਹੈ ਕਿ ਹਿੰਦੂ ਦੇਵਤਾ ਦੀਆਂ ਤਸਵੀਰਾਂ ਵਾਲੇ ਪ੍ਰੋਡਕਟ ਚੈਪਸ ਨਾਂ ਦੀ ਕੰਪਨੀ ਵੱਲੋਂ ਵੇਚੇ ਜਾ ਰਹੇ ਸਨ। ਇਸੇ ਦੌਰਾਨ ਫਾਊਂਡੇਸ਼ਨ ਨੇ ਕਿਹਾ ਕਿ ਜੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਨੀ ਹੈ ਤਾਂ ਇਸ ਬਾਰੇ ਗਾਈਡਲਾਈਨਜ਼ ਦੀ ਪਾਲਣਾ ਕਰਨੀ ਹੋਵੇਗੀ।
ਇਤਰਾਜ਼ ਪ੍ਰਗਟਾਉਣ ’ਤੇ ਵਾਲਮਾਰਟ ਨੇ ਵਿਕਰੀ ਬੰਦ ਕੀਤੀ
ਉਧਰ ਵਾਲਮਾਰਟ ਨੇ ਆਪਣੀ ਵੈਬਸਾਈਟ ਰਾਹੀਂ ਹੋ ਰਹੀ ਵਿਕਰੀ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਵੱਜਣ ’ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਭਵਿੱਖ ਅਜਿਹੀਆਂ ਗੱਲਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ।