ਅਮਰੀਕਾ ਵਿਚ ਚੋਰ-ਲੁਟੇਰਿਆਂ ਦਾ ਖ਼ੌਫ਼
ਅਮਰੀਕਾ ਵਿਚ ਚੋਰ-ਲੁਟੇਰਿਆਂ ਦਾ ਖ਼ੌਫ਼ ਸਿਖਰਾਂ ’ਤੇ ਪੁੱਜ ਗਿਆ ਹੈ ਅਤੇ ਘਰਾਂ ਦੇ ਅੱਗੋਂ ਰੋਜ਼ਾਨਾ ਢਾਈ ਲੱਖ ਪਾਰਸਲ ਜਾਂ ਪੈਕੇਜ ਚੋਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ
ਨਿਊ ਯਾਰਕ : ਅਮਰੀਕਾ ਵਿਚ ਚੋਰ-ਲੁਟੇਰਿਆਂ ਦਾ ਖ਼ੌਫ਼ ਸਿਖਰਾਂ ’ਤੇ ਪੁੱਜ ਗਿਆ ਹੈ ਅਤੇ ਘਰਾਂ ਦੇ ਅੱਗੋਂ ਰੋਜ਼ਾਨਾ ਢਾਈ ਲੱਖ ਪਾਰਸਲ ਜਾਂ ਪੈਕੇਜ ਚੋਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਜੀ ਹਾਂ, ਸੇਫ਼ਟੀ ਰਿਸਰਚ ਕੰਪਨੀ ਸੇਫ਼ ਵਾਈਜ਼ ਦੀ ਰਿਪੋਰਟ ਕਹਿੰਦੀ ਹੈ ਪਿਛਲੇ ਸਾਲ ਪੋਰਚ ਪਾਇਰੇਟਸ 15 ਅਰਬ ਡਾਲਰ ਮੁੱਲ ਦੀਆਂ ਵਸਤਾਂ ਚੋਰੀ ਕਰ ਕੇ ਲੈ ਗਏ। ਚੋਰ-ਲੁਟੇਰਿਆਂ ਦੇ ਹੌਸਲੇ ਐਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਭੀੜ-ਭਾੜ ਵਾਲੀਆਂ ਗਲੀਆਂ ਵਿਚੋਂ ਵੀ ਪਾਰਸਲ ਚੋਰੀ ਕਰਨ ਤੋਂ ਨਹੀਂ ਘਬਰਾਉਂਦੇ। ਐਟਲਾਂਟਾ ਦੀ ਵਸਨੀਕ ਟੌਨੀਆ ਸ਼ੈਪਰਡ ਉਨ੍ਹਾਂ ਪੀੜਤਾਂ ਵਿਚੋਂ ਇਕ ਹੈ ਜਿਨ੍ਹਾਂ ਦੇ ਦਰਵਾਜ਼ੇ ’ਤੇ ਪਏ ਪਾਰਸਲ ਲਗਾਤਾਰ ਚੋਰੀ ਹੋ ਰਹੇ ਹਨ। ਸੀ.ਬੀ.ਐਸ. ਨਿਊਜ਼ ਨਾਲ ਗੱਲਬਾਤ ਕ ਰਦਿਆਂ ਸ਼ੈਪਰਡ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵਿਚ ਪੋਰਟ ਪਾਇਰੇਟ ਸਾਫ਼ ਨਜ਼ਰ ਆ ਰਿਹਾ ਹੈ ਅਤੇ ਪਾਰਸਲ ਚੁੱਕਣ ਤੋਂ ਪਹਿਲਾਂ ਡੋਰਬੈੱਲ ਕੈਮਰੇ ਵੱਲ ਵੀ ਦੇਖਦਾ ਹੈ ਪਰ ਉਸ ਦੇ ਚਿਹਰੇ ’ਤੇ ਘਬਰਾਹਟ ਦਾ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ। ਹੁਣ ਆਨਲਾਈਨ ਆਰਡਰ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਹੋਵੇਗਾ ਕਿਉਂਕਿ ਡਿਲੀਵਰੀ ਮੌਕੇ ਜੇ ਕੋਈ ਘਰ ਨਾ ਹੋਇਆ ਤਾਂ ਮੁੜ ਪਾਰਸਲ ਚੋਰੀ ਹੋਣ ਤੋਂ ਸ਼ਾਇਦ ਕੋਈ ਨਹੀਂ ਰੋਕ ਸਕੇਗਾ।
ਘਰਾਂ ਦੇ ਬਾਹਰੋਂ ਰੋਜ਼ਾਨਾ 250,000 ਪੈਕੇਜ ਹੋ ਰਹੇ ਚੋਰੀ
ਨੌਰਥ ਅਮੈਰਿਕਾ ਵਿਚ ਲੋਕ ਧੜਾ-ਧੜਾ ਕ੍ਰਿਸਮਸ ਲਈ ਆਨਲਾਈਨ ਖਰੀਦਾਰੀ ਕਰ ਰਹੇ ਹਨ ਅਤੇ ਡਿਲੀਵਰੀਜ਼ ਦੀ ਰਫ਼ਤਾਰ ਵੀ ਵਧਦੀ ਜਾ ਰਹੀ ਹੈ। ਇਸ ਰੁਝਾਨ ਦਾ ਸਭ ਤੋਂ ਵੱਧ ਫਾਇਦਾ ਪੋਰਚ ਪਾਇਰੇਟਸ ਨੂੰ ਹੋ ਰਿਹਾ ਹੈ ਜੋ ਬਗੈਰ ਕੁਝ ਕੀਤਿਆਂ ਲੋਕਾਂ ਦੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੁੱਟ ਦੇ ਲਿਜਾ ਰਹੇ ਹਨ। ਨਿਊ ਜਰਸੀ ਤੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਜੌਸ਼ ਗੌਟਹਾਈਮਰ ਵੱਲੋਂ ਸੰਸਦ ਦੇ ਹੇਠਲੇ ਸਦਨ ਵਿਚ ਪੋਰਚ ਪਾਇਰੇਟਸ ਐਕਟ ਵੀ ਪੇਸ਼ ਕੀਤਾ ਗਿਆ ਹੈ ਜਿਸ ਤਹਿਤ ਚੋਰ-ਲੁਟੇਰਿਆਂ ਨੂੰ ਸਖ਼ਤ ਸਜ਼ਾਾਂ ਦਿਤੀਆਂ ਜਾ ਸਕਦੀਆਂ ਹਨ ਪਰ ਇਸ ਦੇ ਨੇੜ ਭਵਿੱਖ ਵਿਚ ਪਾਸ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਤਜਵੀਜ਼ਸ਼ੁਦਾ ਕਾਨੂੰਨ ਤਹਿਤ ਪਾਰਸਲ ਚੋਰੀ ਦੇ ਮਾਮਲਿਆਂ ਨੂੰ ਫੈਡਰਲ ਕ੍ਰਾਈਮ ਮੰਨਿਆ ਜਾਵੇਗਾ ਅਤੇ ਚੋਰੀ ਕਰਨ ਵਾਲੇ ਨੂੰ ਢਾਈ ਲੱਖ ਡਾਲਰ ਤੱਕ ਜੁਰਮਾਨਾ ਅਤੇ 10 ਸਾਲ ਤੱਕ ਜੇਲ ਭੇਜਣ ਦਾ ਜ਼ਿਕਰ ਕੀਤਾ ਗਿਆ ਹੈ। ਫ਼ਿਲਹਾਲ ਸਿਰਫ਼ ਯੂ.ਐਸ. ਮੇਲ ਅਧੀਨ ਘਰਾਂ ਤੱਕ ਪੁੱਜਣ ਵਾਲੇ ਪਾਰਸਲ ਜਾਂ ਪੈਕੇਜ ਹੀ ਫੈਡਰਲ ਅਪਰਾਧ ਦੇ ਘੇਰੇ ਵਿਚ ਆਉਂਦੇ ਹਨ ਪਰ ਕਾਨੂੰਨ ਪਾਸ ਹੋਣ ਮਗਰੋਂ ਯੂ.ਪੀ.ਐਸ., ਐਮਾਜ਼ੌਨ, ਫ਼ੈਡਐਕਸ ਜਾਂ ਡੀ.ਐਚ.ਐਲ. ਵੱਲੋਂ ਘਰ ਤੱਕ ਪਹੁੰਚਾਏ ਪੈਕੇਜ ਵੀ ਸਖ਼ਤ ਸਜ਼ਾ ਅਤੇ ਮੋਟੇ ਜੁਰਮਾਨੇ ਦੇ ਘੇਰੇ ਵਿਚ ਆਉਣਗੇ।
ਨਵਾਂ ਕਾਨੂੰਨ ਰੋਕੇਗਾ 15 ਅਰਬ ਡਾਲਰ ਦੀ ਸਾਲਾਨਾ ਲੁੱਟ
ਦੂਜੇ ਪਾਸੇ ਐਕਰਮੈਨ ਸਕਿਉਰਿਟੀ ਸਿਸਟਮਜ਼ ਦੇ ਚੀਫ਼ ਮਾਰਕਿਟਿੰਗ ਅਫ਼ਸਰ ਨਿਕ ਥੌਮਸ ਦਾ ਕਹਿਣਾ ਸੀ ਕਿ ਲੋਕਾਂ ਨੂੰ ਪੋਰਚ ਪਾਇਰੇਟਸ ਵਿਚ ਅੱਗੇ ਆਉਣਾ ਚਾਹੀਦਾ ਹੈ। ਵਧੇਰੇ ਚੌਕਸੀ ਨਾਲ ਵੱਡੀ ਗਿਣਤੀ ਵਿਚ ਚੋਰੀਆਂ ਰੋਕੀਆਂ ਜਾ ਸਕਦੀਆਂ ਹਨ। ਚੋਰਾਂ ਨੂੰ ਘਰਾਂ ਵਿਚ ਪਰਵਾਰਕ ਮੈਂਬਰਾਂ ਦੀ ਮੌਜੂਦਗੀ ਅਹਿਸਾਸ ਕਰਵਾਉਣ ਲਈ ਕੁਝ ਤਰੀਕੇ ਅਖਤਿਆਰ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਿਚ ਮਨੁੱਖੀ ਸਰੀਰ ਦੀ ਗਰਮੀ ਨਾਲ ਜਗਣ ਵਾਲੀਆਂ ਲਾਈਟਸ ਦੀ ਵਰਤੋਂ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਇਸੇ ਦੌਰਾਨ ਟੌਨੀਆ ਸ਼ੈਪਰਡ ਨੇ ਕਿਹਾ ਕਿ ਉਹ ਆਪਣਾ ਨੁਕਸਾਨ ਬਰਦਾਸ਼ਤ ਕਰਨ ਲਈ ਮਜਬੂਰ ਹੈ ਪਰ ਕਈ ਮਾਮਲਿਆਂ ਵਿਚ ਲੋਕਾਂ ਕੋਲ ਜ਼ਿਆਦਾ ਆਰਥਿਕ ਗੁੰਜਾਇਜ਼ ਨਹੀਂ ਹੁੰਦੀ ਅਤੇ ਉਹ ਮਨ ਮਸੋਸ ਕੇ ਰਹਿ ਜਾਂਦੇ ਹਨ।