ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਮੁੜ ਤਬਾਹੀ ਦਾ ਖਦਸ਼ਾ
ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਇਕ ਹੋਰ ਸਮੁੰਦਰੀ ਤੂਫਾਨ ਤਬਾਹੀ ਮਚਾ ਸਕਦਾ ਹੈ।;
ਫਲੋਰੀਡਾ : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਇਕ ਹੋਰ ਸਮੁੰਦਰੀ ਤੂਫਾਨ ਤਬਾਹੀ ਮਚਾ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਹਰੀਕੇਨ ਮਿਲਟਨ ਬੁੱਧਵਾਰ ਨੂੰ ਟੈਂਪਾ ਬੇਅ ਇਲਾਕੇ ਵਿਚ ਦਸਤਕ ਦੇਵੇਗਾ ਜਿਸ ਦੇ ਮੱਦੇਨਜ਼ਰ ਸਮੁੰਦਰ ਨੇੜੇ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ। ਦੂਜੇ ਪਾਸੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਸਮੁੰਦਰੀ ਤੂਫਾਨ ਹੈਲਨ ਵੱਲੋਂ ਮਚਾਈ ਤਬਾਹੀ ਨਾਲ ਨਜਿੱਠ ਰਹੇ ਰਾਹਤ ਕਾਮਿਆਂ ਨੂੰ ਮੁੜ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਦਿਤੇ ਗਏ ਹਨ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਐਤਵਾਰ ਨੂੰ ਕਿਹਾ ਕਿ ਬਿਨਾਂ ਸ਼ੱਕ ਮਿਲਟਨ ਵੀ ਭਾਰੀ ਨੁਕਸਾਨ ਕਰ ਸਕਦਾ ਹੈ। ਡਿਸੈਂਟਿਸ ਵੱਲੋਂ ਸੂਬੇ ਦੀਆਂ 67 ਕਾਊਂਟੀਜ਼ ਵਿਚੋਂ 51 ਵਿਚ ਐਮਰਜੰਸੀ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਿਥੇ ਸੂਬੇ ਦੇ 90 ਫੀ ਸਦੀ ਆਬਾਦੀ ਵਸਦੀ ਹੈ।
ਸਮੁੰਦਰੀ ਤੂਫਾਨ ‘ਮਿਲਟਨ’ ਬੁੱਧਵਾਰ ਨੂੰ ਦੇਵੇਗਾ ਦਸਤਕ
ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ ਐਤਵਾਰ ਬਾਅਦ ਦੁਪਹਿਰ ਤੱਕ ਸਮੁੰਦਰੀ ਤੂਫਾਨ ਮਿਲਟਨ ਟੈਂਪਾ ਤੋਂ 1,300 ਕਿਲੋਮੀਟਰ ਦੱਖਣ ਪੱਛਮ ਵੱਲ ਮੌਜੂਦ ਸੀ ਅਤੇ ਹਵਾਵਾਂ ਦੀ ਵੱਧ ਤੋਂ ਵੱਧ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। 2017 ਤੋਂ ਬਾਅਦ ਪਹਿਲੀ ਵਾਰ ਫਲੋਰੀਡਾ ਵਿਚ ਵੱਡੇ ਪੱਧਰ ’ਤੇ ਲੋਕਾਂ ਨੂੰ ਘਰ ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣਾ ਪਵੇਗਾ। ਸੇਂਟ ਪੀਟਰਜ਼ਬਰਗ ਅਤੇ ਟੈਂਪਾ ਬੇਅ ਇਲਾਕੇ ਵਿਚ ਸਮੁੰਦਰੀ ਤੂਫਾਨ ਹੈਲਨ ਵੱਲੋਂ ਮਚਾਈ ਤਬਾਹੀ ਦੇ ਨਿਸ਼ਾਨ ਹੁਣ ਤੱਕ ਮਿਟਾਏ ਨਹੀਂ ਜਾ ਸਕੇ ਅਤੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਮੁੜ ਬਗੈਰ ਬਿਜਲੀ ਤੋਂ ਸਮਾਂ ਕੱਟਣਾ ਹੋਵੇਗਾ। ਫੈਡਰਲ ਐਮਰਜੰਸੀ ਮੈਨੇਜਮੈਂਟ ਏਜੰਸੀ, ਸੂਬਾ ਸਰਕਾਰ ਨਾਲ ਤਾਲਮੇਲ ਅਧੀਨ ਕੰਮ ਕਰ ਰਹੀ ਹੈ ਅਤੇ ਜਾਨੀ ਨੁਕਸਾਨ ਰੋਕਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ 4 ਹਜ਼ਾਰ ਤੋਂ ਵੱਧ ਨੈਸ਼ਨਲ ਗਾਰਡਜ਼ ਪਹਿਲਾਂ ਹੀ ਮਲਬਾ ਹਟਾਉਣ ਵਿਚ ਮਦਦ ਕਰ ਰਹੇ ਹਨ ਅਤੇ ਨਵੀਂ ਸਮੱਸਿਆ ਨੂੰ ਧਿਆਨ ਵਿਚ ਰਖਦਿਆਂ ਗਿਣਤੀ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਫਲੋਰੀਡਾ ਦੇ ਐਮਰਜੰਸੀ ਵਿਭਾਗ ਵੱਲੋਂ ਸੇਂਟ ਪੀਟਰਜ਼ਬਰਗ ਦੇ ਟਰੌਪੀਕਾਨਾ ਫੀਲਡ ਵਿਖੇ ਬੇਸ ਕੈਂਪ ਸਥਾਪਤ ਕੀਤਾ ਗਿਆ ਹੈ ਜਿਥੇ ਨਾ ਸਿਰਫ ਲੰਘ ਚੁੱਕੇ ਤੂਫਾਨ ਬਲਕਿ ਆਉਣ ਵਾਲੇ ਤੂਫਾਨ ਬਾਰੇ ਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸਮੁੰਦਰੀ ਤੂਫਾਨ ਹੈਲਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 230 ਤੋਂ ਟੱਪ ਗਈ।