ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਈ ਬੁੱਕ ਕੀਤੀ ਸਮੁੱਚੀ ਬਿਜ਼ਨਸ ਕਲਾਸ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਵੀਂ ਦਿੱਲੀ ਤੋਂ ਹਾਂਗਕਾਂਗ ਲਿਜਾਣ ਲਈ ਏਅਰ ਇੰਡੀਆ ਫਲਾਈਟ ਦੀ ਸਮੁੱਚੀ ਬਿਜ਼ਨਸ ਕਲਾਸ ਬੁੱਕ ਕੀਤੀ ਗਈ;

ਹਾਂਗਕਾਂਗ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਵੀਂ ਦਿੱਲੀ ਤੋਂ ਹਾਂਗਕਾਂਗ ਲਿਜਾਣ ਲਈ ਏਅਰ ਇੰਡੀਆ ਫਲਾਈਟ ਦੀ ਸਮੁੱਚੀ ਬਿਜ਼ਨਸ ਕਲਾਸ ਬੁੱਕ ਕੀਤੀ ਗਈ ਅਤੇ ਸੰਪੂਰਨ ਸੇਵਾ ਸੰਭਾਲ ਨਾਲ ਸਰੂਪ ਲਿਜਾਣ ਦੀ ਵੀਡੀਓ ਏਅਰ ਇੰਡੀਆ ਦੇ ਪਾਇਲਟ ਸਰਬ ਜਸਪ੍ਰੀਤ ਸਿੰਘ ਮਿਨਹਾਸ ਵੱਲੋਂ ਸਾਂਝੀ ਕੀਤੀ ਗਈ ਹੈ। ਵੀਡੀਓ ਰਾਹੀਂ ਸਰਬ ਜਸਪ੍ਰੀਤ ਸਿੰਘ ਨੇ ਦਰਸਾਇਆ ਹੈ ਕਿ ਹਾਂਗਕਾਂਗ ਗੁਰਦਵਾਰਾ ਸਾਹਿਬ ਦੇ ਸੇਵਾਦਾਰਾਂ, ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਏਅਰ ਇੰਡੀਆ ਦੇ ਸਟਾਫ਼ ਵੱਲੋਂ ਇਸ ਧਾਰਮਿਕ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਮੁਕੰਮਲ ਸਹਿਯੋਗ ਦਿਤਾ ਗਿਆ।
ਹਾਂਗਕਾਂਗ ਦੇ ਗੁਰਦਵਾਰਾ ਸਾਹਿਬ ਵਿਚ ਲਿਜਾਏ ਗਏ ਪਵਿੱਤਰ ਸਰੂਪ
ਸੋਸ਼ਲ ਮੀਡੀਆ ’ਤੇ ਵੀਡੀਓ ਬਾਰੇ ਬੇਹੱਦ ਹਾਂਪੱਖੀ ਟਿੱਪਣੀਆਂ ਆ ਰਹੀਆਂ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਸ਼ਰਧਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਵਰਤੋਂਕਾਰ ਆਸਿਫ ਖਾਨ ਨੇ ਲਿਖਿਆ ਕਿ ਧਾਰਮਿਕ ਗ੍ਰੰਥ ਨੂੰ ਪੂਰਨ ਸਤਿਕਾਰ ਨਾਲ ਲਿਜਾਣ ਲਈ ਸਭਨਾਂ ਨੂੰ ਵਧਾਈ, ਅਜਿਹੀ ਸਮਰਪਣ ਭਾਵਨਾ ਹੋਰਨਾਂ ਅੰਦਰ ਵੀ ਡੂੰਘਾ ਜਜ਼ਬਾ ਪੈਦਾ ਕਰਦੀ ਹੈ। ਇਕ ਹੋਰ ਸੋਸ਼ਲ ਮੀਡੀਆ ਵਰਤੋਂਕਾਰ ਵਿਨਾਇਕ ਪ੍ਰਭੂ ਨੇ ਕਿਹਾ ਕਿ ਉਹ ਭਾਵੇਂ ਪੰਜਾਬੀ ਨਹੀਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਸਤਿਕਾਰ ਨੂੰ ਵੇਖਦਿਆਂ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਸ਼੍ਰੋਮਣੀ ਗੁੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 2019 ਵਿਚ ਸੁਲਤਾਨਪੁਰ ਲੋਧੀ ਦੇ ਗੁਰਦਵਾਰਾ ਬੇਰ ਸਾਹਿਬ ਵਿਖੇ ਕੀਤੀ ਇਕੱਤਰਤਾ ਦੌਰਾਨ ਫੈਸਲਾ ਲਿਆ ਗਿਆ ਕਿ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੇ ਸਰੂਪ ਚਾਰਟਰਡ ਪਲੇਨ ਰਾਹੀਂ ਹੀ ਵਿਦੇਸ਼ ਲਿਜਾਏ ਜਾਣ।
ਏਅਰ ਇੰਡੀਆ ਦੇ ਪਾਇਲਟ ਨੇ ਸਾਂਝੀ ਕੀਤੀ ਵੀਡੀਓ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੜਕੀ ਰਸਤੇ ਜਾਂ ਸਮੁੰਦਰੀ ਰਸਤੇ ਸਰੂਪ ਲਿਜਾਣ ਦੀ ਮਨਾਹੀ ਕੀਤੀ ਗਈ। ਇਸ ਵੇਲੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਕੋਈ ਵੀ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਨਹੀਂ ਕਰਦੀ। 2010 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਦੇ ਨੌਰਥ ਕੈਰੋਲਾਈਨਾ ਵਿਖੇ ਸਰੂਪਾਂ ਦੀ ਛਪਾਈ ਕਰਨ ਦਾ ਫੈਸਲਾ ਲਿਆ ਗਿਆ ਪਰ ਪ੍ਰੌਜੈਕਟ ਕਦੇ ਸ਼ੁਰੂ ਹੀ ਨਾ ਹੋ ਸਕਿਆ। ਇਸੇ ਤਰ੍ਹਾਂ ਸਤੰਬਰ 2023 ਵਿਚ ਕੈਲੇਫੋਰਨੀਆ ਦੇ ਟ੍ਰੇਸੀ ਸਿਟੀ ਵਿਖੇ ਵੀ ਪ੍ਰਿੰਟਿੰਗ ਪ੍ਰੈਸ ਲਾਉਣ ਦੀ ਤਜਵੀਜ਼ ਸਾਹਮਣੇ ਆਈ ਸੀ।