ਯੂਕਰੇਨ ਦੇ ਪ੍ਰਮਾਣੂ ਪਲਾਂਟ ’ਤੇ ਡਰੋਨ ਹਮਲਾ
ਯੂਕਰੇਨ ਦੇ ਚਰਨੋਬਿਲ ਪ੍ਰਮਾਣੂ ਪਲਾਂਟ ਉਤੇ ਵੀਰਵਾਰ ਰਾਤ ਡਰੋਨ ਹਮਲਾ ਹੋਣ ਦੀ ਰਿਪੋਰਟ ਹੈ ਅਤੇ ਰਾਸ਼ਟਰਪਤੀ ਵਲੌਦੀਮੀਰ ਜ਼ੈਲੈਂਸਕੀ ਵੱਲੋਂ ਹਮਲੇ ਦਾ ਦੋਸ਼ ਰੂਸ ’ਤੇ ਲਾਇਆ ਜਾ ਰਿਹਾ ਹੈ।
ਕੀਵ : ਯੂਕਰੇਨ ਦੇ ਚਰਨੋਬਿਲ ਪ੍ਰਮਾਣੂ ਪਲਾਂਟ ਉਤੇ ਵੀਰਵਾਰ ਰਾਤ ਡਰੋਨ ਹਮਲਾ ਹੋਣ ਦੀ ਰਿਪੋਰਟ ਹੈ ਅਤੇ ਰਾਸ਼ਟਰਪਤੀ ਵਲੌਦੀਮੀਰ ਜ਼ੈਲੈਂਸਕੀ ਵੱਲੋਂ ਹਮਲੇ ਦਾ ਦੋਸ਼ ਰੂਸ ’ਤੇ ਲਾਇਆ ਜਾ ਰਿਹਾ ਹੈ। ਜ਼ੈਲੈਂਸਕੀ ਨੇ ਦੱਸਿਆ ਕਿ ਹਮਲਾ ਤਬਾਹ ਹੋ ਚੁੱਕੇ ਪਾਵਰ ਰਿਐਕਟਰ ਨੰਬਰ 4 ’ਤੇ ਕੀਤਾ ਗਿਆ ਜਦੋਂ ਧਮਾਕਾਖੇਜ਼ ਸਮੱਗਰੀ ਨਾਲ ਲੈਸ ਡਰੋਨ ਕੌਂਕਰੀਟ ਨਾਲ ਬਣੀ ਸੁਰੱਖਿਆ ਛਤਰੀ ਨਾਲ ਟਕਰਾਇਆ। ਹਮਲੇ ਮਗਰੋਂ ਇਮਾਰਤ ਵਿਚ ਅੱਗ ਲੱਗ ਗਈ ਜਿਸ ਨੂੰ ਬੁੁਝਾ ਦਿਤਾ ਗਿਆ। ਜ਼ੈਲੈਂਸਕੀ ਨੇ ਦੰਸਿਆ ਕਿ ਪ੍ਰਮਾਣੂ ਪਲਾਂਟ ਵਿਚ 1986 ਵਿਚ ਹੋਏ ਧਮਾਕੇ ਮਗਰੋਂ ਰੇਡੀਏਸ਼ਨ ਰੋਕਣ ਲਈ ਕੌਂਕਰੀਟ ਵਾਲੀ ਸੁਰੱਖਿਆ ਛਤਰੀ ਬਣਾਈ ਗਈ।
ਰਾਸ਼ਟਰਪਤੀ ਜ਼ੈਲੈਂਸਕੀ ਨੇ ਰੂਸ ’ਤੇ ਲਾਇਆ ਦੋਸ਼
ਫ਼ਿਲਹਾਲਅ ਰੇਡੀਏਸ਼ਨ ਦਾ ਪੱਧਰ ਵਧਣ ਦਾ ਕੋਈ ਖਤਰਾ ਨਹੀਂ ਪਰ ਪ੍ਰਮਾਣੂ ਟਿਕਾਣੇ ਉਤੇ ਹੋਏ ਹਮਲੇ ਮਗਰੋਂ ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ ਵਧ ਗਈਆਂ। ਉਧਰ ਰੂਸ ਦੇ ਰੱਖਿਆ ਵਿਭਾਗ ਕ੍ਰੈਮਲਿਨ ਵੱਲੋਂ ਜ਼ੈਲੈਂਸਕੀ ਦੇ ਦਾਅਵੇ ਨੂੰ ਬੇਬੁਨਿਆਦ ਕਰਾਰ ਦਿਤਾ ਗਿਆ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੌਵ ਨੇ ਕਿਹਾ ਕਿ ਰੂਸੀ ਵੱਲੋਂ ਅਜਿਹਾ ਕੋਈ ਹਮਲਾ ਨਹੀਂ ਕੀਤਾ ਗਿਆ। ਜ਼ੈਲੈਂਸਕੀ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਵਿਚ ਚਰਨੋਬਿਲ ਪ੍ਰਮਾਣੂ ਪਲਾਂਟ ਦੀ ਇਮਾਰਤ ਵਿਚੋਂ ਤੇਜ਼ ਰੌਸ਼ਨੀ ਨਿਕਲਦੀ ਦੇਖੀ ਜਾ ਸਕਦੀ ਹੈ ਅਤੇ ਇਸ ਮਗਰੋਂ ਪੂਰਾ ਅਸਮਾਨ ਧੂੰਏਂ ਨਾਲ ਭਰ ਜਾਂਦਾ ਹੈ। ਇਥੇ ਦਸਣਾ ਬਣਦਾ ਹੈ ਕਿ ਯੂਕਰੇਨ ਦੇ ਹੋਂਦ ਵਿਚ ਆਉੁਣ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੌਰਾਨ 26 ਅਪ੍ਰੈਲ 1986 ਨੂੰ ਚਰਨੋਬਿਲ ਨਿਊਕਲੀਅਰ ਪਾਵਰ ਪਲਾਂਟ ਵਿਚ ਧਮਾਕਾ ਹੋਇਆ ਅਤੇ ਇਥੇ ਕੰਮ ਕਰ ਰਹੇ 32 ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਰੇਡੀਏਸ਼ਨ ਦੀ ਲਪੇਟ ਵਿਚ ਆ ਗਏ।
ਕ੍ਰੈਮਲਿਨ ਵੱਲੋਂ ਹਮਲੇ ਵਿਚ ਹੱਥ ਹੋਣ ਤੋਂ ਇਨਕਾਰ
ਧਮਾਕੇ ਦੌਰਾਨ ਮਰਨ ਵਾਲਿਆਂ ਦੀ ਅਸਲ ਗਿਣਤੀ ਅੱਜ ਤੱਕ ਪਤਾ ਨਹੀਂ ਲੱਗ ਸਕੀ ਪਰ ਮਾਹਰਾਂ ਮੁਤਾਬਕ ਤਕਰੀਬਨ 50 ਲੱਖ ਲੋਕ ਰੇਡੀਏਸ਼ਨ ਦਾ ਸ਼ਿਕਾਰ ਬਣੇ ਅਤੇ ਇਨ੍ਹਾਂ ਵਿਚੋਂ 4 ਹਜ਼ਾਰ ਤੋਂ ਵੱਧ ਲੋਕਾਂ ਦੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਕਾਰਨ ਜਾਨ ਗਈ। ਉਸ ਵੇਲੇ ਮਾਮਲੇ ’ਤੇ ਪਰਦਾ ਪਾਉਣ ਦਾ ਯਤਨ ਕੀਤਾ ਗਿਆ ਪਰ ਸਵੀਡਿਸ਼ ਰਿਪੋਰਟ ਸਾਹਮਣੇ ਆਉਣ ਮਗਰੋਂ ਯੂ.ਐਸ.ਐਸ.ਆਰ. ਦੀ ਸਰਕਾਰ ਨੇ ਧਮਾਕੇ ਦੀ ਗੱਲ ਕਬੂਲ ਕਰ ਲਈ। ਬਾਅਦ ਵਿਚ ਸੋਵੀਅਤ ਯੂਨੀਅਨ ਦੀ ਵੰਡ ਹੋਈ ਤਾਂ ਚਰਨੋਬਿਲ ਪ੍ਰਮਾਣੂ ਪਲਾਂਟ ਯੂਕਰੇਨ ਦੇ ਹਿੱਸੇ ਆ ਗਿਆ।