ਕੈਨੇਡਾ ਉਤੇ ਟੈਰਿਫਸ ਘਟਾ ਸਕਦੇ ਨੇ ਡੌਨਲਡ ਟਰੰਪ

2 ਅਪ੍ਰੈਲ ਤੋਂ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਰੁੱਧ ਲਾਗੂ ਹੋਣ ਵਾਲੀਆਂ ਟੈਰਿਫਸ ਵਿਚ ਕੈਨੇਡਾ ਨੂੰ ਸਭ ਤੋਂ ਘੱਟ ਘੱਟ ਟੈਰਿਫਸ ਬਰਦਾਸ਼ਤ ਕਰਨੀਆਂ ਪੈ ਸਕਦੀਆਂ ਹਨ।

Update: 2025-03-26 12:33 GMT

ਟੋਰਾਂਟੋ/ਨਵੀਂ ਦਿੱਲੀ : ਡੌਨਲਡ ਟਰੰਪ ਵੱਲੋਂ ਆਪਣੇ ਗੁਆਂਢੀ ਮੁਲਕ ਵਿਰੁੱਧ ਸਟੈਂਡ ਨਰਮ ਕੀਤੇ ਜਾਣ ਦੇ ਆਸਾਰ ਹਨ ਅਤੇ 2 ਅਪ੍ਰੈਲ ਤੋਂ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਰੁੱਧ ਲਾਗੂ ਹੋਣ ਵਾਲੀਆਂ ਟੈਰਿਫਸ ਵਿਚ ਕੈਨੇਡਾ ਨੂੰ ਸਭ ਤੋਂ ਘੱਟ ਘੱਟ ਟੈਰਿਫਸ ਬਰਦਾਸ਼ਤ ਕਰਨੀਆਂ ਪੈ ਸਕਦੀਆਂ ਹਨ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਟਰੰਪ ਵੱਲੋਂ ਤਿੰਨ ਸ਼੍ਰੇਣੀਆਂ ਤਹਿਤ ਟੈਰਿਫਸ ਲਾਗੂ ਕੀਤੀਆਂ ਜਾਣਗੀਆਂ ਅਤੇ ਕੈਨੇਡਾ ਨੂੰ ਸਭ ਤੋਂ ਹੇਠਲੀ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਕੈਨੇਡਾ ਸਰਕਾਰ ਅਤੇ ਵਾਈਟ ਹਾਊਸ ਦੇ ਅਧਿਕਾਰੀਆਂ ਦਰਮਿਆਨ ਪਿਛਲੇ ਕਈ ਹਫ਼ਤੇ ਤੋਂ ਚੱਲ ਰਹੇ ਵਿਚਾਰ ਵਟਾਂਦਰੇ ਮਗਰੋਂ ਇਹ ਤਰੀਕੇ ਕੱਢਿਆ ਗਿਆ ਹੈ।

ਭਾਰਤ ਨਾਲ ਸ਼ਰਾਬ ਅਤੇ ਖੇਤੀ ਜਿਣਸਾਂ ਦੇ ਮੁੱਦੇ ’ਤੇ ਵਿਵਾਦ

ਦੂਜੇ ਪਾਸੇ ਅਮਰੀਕਾ ਆਪਣੀ ਸ਼ਰਾਬ ਅਤੇ ਖੇਤੀ ਜਿਣਸਾਂ ਉਤੇ ਭਾਰਤ ਵੱਲੋਂ ਵਸੂਲ ਕੀਤੇ ਜਾ ਰਹੇ ਟੈਕਸ ਵਿਚ ਵੱਡੀ ਕਟੌਤੀ ਚਾਹੁੰਦਾ ਹੈ ਅਤੇ ਟਰੰਪ ਦੀ ਸਖ਼ਤੀ ਨੂੰ ਵੇਖਦਿਆਂ ਭਾਰਤ ਸਰਕਾਰ ਵੱਲੋਂ ਕਟੌਤੀਦੇ ਸੰਕੇਤ ਵੀ ਦਿਤੇ ਜਾ ਰਹੇ ਹਨ। ਅਮਰੀਕਾ ਦਾ ਉਚ ਪੱਧਰੀ ਵਪਾਰ ਵਫ਼ਦ ਇਸ ਵੇਲੇ ਨਵੀਂ ਦਿੱਲੀ ਵਿਖੇ ਮੌਜੂਦ ਹੈ ਅਤੇ ਚਾਰ ਲੱਖ ਕਰੋੜ ਰੁਪਏ ਦਾ ਵਪਾਰ ਘਾਟਾ ਖਤਮ ਕੀਤੇ ਬਗੈਰ ਵਾਪਸ ਜਾਣ ਦਾ ਇਰਾਦਾ ਨਹੀਂ ਰਖਦਾ। ਦੋਹਾਂ ਮੁਲਕਾਂ ਦਰਮਿਆਨ 17 ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦਾ ਵਪਾਰ ਹੁੰਦਾ ਹੈ ਜਿਸ ਵਿਚੋਂ ਭਾਰਤ ਦਾ ਐਕਸਪੋਰਟ 9 ਲੱਖ ਕਰੋੜ ਰੁਪਏ ਤੋਂ ਵੱਧ ਬਣਦਾ ਹੈ। ਭਾਰਤ ਵੱਲੋਂ ਇਸ ਵੇਲੇ ਅਮਰੀਕਾ ਦੀ ਸ਼ਰਾਬ ’ਤੇ 150 ਫੀ ਸਦੀ, ਕਾਰਾਂ ’ਤੇ 100 ਤੋਂ 165 ਫੀ ਸਦੀ ਅਤੇ ਖੇਤੀ ਜਿਣਸਾਂ ਉਤੇ 120 ਫੀ ਸਦੀ ਟੈਕਸ ਵਸੂਲ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਸਹਾਇਕ ਵਪਾਰ ਨੁਮਾਇੰਦੇ ਬ੍ਰੈਂਡਨ ਲਿੰਚ ਦੀ ਅਗਵਾਈ ਵਾਲੀ ਟੀਮ 29 ਮਾਰਚ ਤੱਕ ਭਾਰਤ ਵਿਚ ਰਹੇਗੀ ਅਤੇ ਸੂਤਰਾਂ ਨੇ ਦੱਸਿਆ ਕਿ ਦੋਹਾਂ ਮੁਲਕਾਂ ਦਰਮਿਆਨ ਮੰਗਲਵਾਰ ਨੂੰ ਟੈਰਿਫਸ ਦੇ ਮੁੱਦੇ ’ਤੇ ਲੰਮਾ ਵਿਚਾਰ ਵਟਾਂਦਰਾ ਹੋਇਆ। ਹੁਣ ਸਮੱਸਿਆ ਇਹ ਪੈਦਾ ਹੋ ਰਹੀ ਹੈ ਕਿ ਅਮਰੀਕਾ ਦੇ ਖੇਤੀ ਉਤਪਾਦਾਂ ਉਤੇ ਟੈਕਸ ਘਟਾਇਆ ਤਾਂ ਭਾਰਤੀ ਕਿਸਾਨਾਂ ਉਤੇ ਮਾੜਾ ਅਸਰ ਪੈ ਸਕਦਾ ਹੈ।

ਅਮਰੀਕੀ ਵਸਤਾਂ ਤੋਂ 2 ਲੱਖ ਕਰੋੜ ਦਾ ਟੈਕਸ ਘਟਾ ਸਕਦੈ ਭਾਰਤ

ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਵਸਤਾਂ ਤੋਂ ਤਕਰੀਬਨ 2 ਲੱਖ ਕਰੋੜ ਰੁਪਏ ਦਾ ਟੈਕਸ ਭਾਰਤ ਘਟਾ ਸਕਦਾ ਹੈ। ਭਾਰਤ ਸਰਕਾਰ ਵੱਲੋਂ ਆਟੋ ਟੈਰਿਫਸ ਵਿਚ ਪੜਾਅਵਾਰ ਤਰੀਕੇ ਨਾਲ ਕਟੌਤੀ ਦੇ ਸੰਕੇਤ ਦਿਤੇ ਗਏ ਹਨ ਪਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ 2 ਅਪ੍ਰੈਲ ਤੋਂ ਟੈਰਿਫ਼ਸ ਲਾਉਣ ਦਾ ਐਲਾਨ ਕਰ ਚੁੱਕੇ ਹਨ। ਅਜਿਹੇ ਵਿਚ 5 ਲੱਖ 66 ਹਜ਼ਾਰ ਕਰੋੜ ਰੁਪਏ ਦਾ ਐਕਸਪੋਰਟ ਦਾਅ ’ਤੇ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵੱਲੋਂ 13,760 ਕਰੋੜ ਰੁਪਏ ਦੇ ਖੇਤੀ ਉਤਪਾਦ ਭਾਰਤ ਭੇਜੇ ਜਾਂਦੇ ਹਨ ਜਦਕਿ ਭਾਰਤ ਹਰ ਸਾਲ 43 ਹਜ਼ਾਰ ਕਰੋੜ ਰੁਪਏ ਦੀਆਂ ਖੇਤੀ ਜਿਣਸਾਂ ਅਮਰੀਕਾ ਭੇਜਦਾ ਹੈ। ਅਮਰੀਕਾ ਵੱਲੋਂ ਆਪਣੇ ਕਿਸਾਨਾਂ ਨੂੰ ਭਾਰੀ ਭਰਕਮ ਸਬਸਿਡੀ ਦਿਤੀ ਜਾਂਦੀ ਹੈ ਪਰ ਭਾਰਤ ਵਿਚ 70 ਕਰੋੜ ਲੋਕਾਂ ਦੀ ਰੋਜ਼ੀ ਰੋਟੀ ਦਾਅ ’ਤੇ ਲੱਗ ਸਕਦੀ ਹੈ।

Tags:    

Similar News