ਚੀਨ ਦੇ ਤਿੱਬਤ ਵਿਚ ਤਬਾਹਕੁੰਨ ਭੂਚਾਲ, 100 ਮੌਤਾਂ
ਚੀਨ ਦੇ ਤਿੱਬਤ ਇਲਾਕੇ ਵਿਚ ਮੰਗਲਵਾਰ ਸਵੇਰੇ ਆਏ ਜ਼ੋਰਦਾਰ ਭੂਚਾਲ ਦੌਰਾਨ ਘੱਟੋ ਘੱਟ 100 ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ।;
ਟਿੰਗਰੀ : ਚੀਨ ਦੇ ਤਿੱਬਤ ਇਲਾਕੇ ਵਿਚ ਮੰਗਲਵਾਰ ਸਵੇਰੇ ਆਏ ਜ਼ੋਰਦਾਰ ਭੂਚਾਲ ਦੌਰਾਨ ਘੱਟੋ ਘੱਟ 100 ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਭੂਚਾਲ ਦਾ ਕੇਂਦਰ ਤਿੱਬਤ ਦੇ ਸ਼ਿਜ਼ਾਂਗ ਵਿਖੇ 10 ਕਿਲੋਮੀਟਰ ਧਰਤੀ ਦੇ ਹੇਠਾਂ ਸੀ ਜਿਸ ਦੇ ਝਟਕੇ ਭਾਰਤ, ਨੇਪਾਲ ਅਤੇ ਭੂਟਾਨ ਵਿਚ ਵੀ ਮਹਿਸੂਸ ਕੀਤੇ ਗਏ। ਭਾਰਤ ਦੇ ਨੈਸ਼ਨਲ ਸੈਂਟਰ ਫ਼ੌਰ ਸੀਸਮੌਲੋਜੀ ਨੇ ਦੱਸਿਆ ਕÇ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਜਦਕਿ ਕਈ ਹੋਰਨਾਂ ਮੀਡੀਆ ਰਿਪੋਰਟਾਂ ਵਿਚ ਭੂਚਾਲ ਦੀ ਤੀਬਰਤਾ 6.8 ਦੱਸੀ ਗਈ। ਭਾਰਤ ਜਾਂ ਨੇਪਾਲ ਵਿਚ ਭੂਚਾਲ ਕਾਰਨ ਫ਼ਿਲਹਾਲ ਜਾਨ-ਮਾਲ ਦਾ ਕੋਈ ਨੁਕਸਾਨ ਹੋਣ ਦੀ ਰਿਪੋਰਟ ਨਹੀਂ।
ਦਰਜਨਾਂ ਜ਼ਖਮੀ, ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ
ਉਤਰਾਖੰਡ ਅਤੇ ਸਿੱਕਿਮ ਵਿਖੇ ਅੰਦਰੂਨੀ ਇਲਾਕਿਆਂ ਵਿਚ ਜਾਇਜ਼ਾ ਲਿਆ ਜਾ ਰਿਹਾ ਹੈ ਜਿਥੇ ਇਮਾਰਤਾਂ ਨੂੰ ਨੁਕਸਾਨ ਪੁੱਜਣ ਦੀ ਰਿਪੋਰਟ ਹੈ। ਉਧਰ ਤਿੱਬਤ ਵਿਚ ਭੂਚਾਲ ਮਗਰੋਂ ਲੈਵਲ 3 ਐਮਰਜੰਸੀ ਦਾ ਐਲਾਨ ਕਰਦਿਆਂ ਰਾਹਤ ਟੀਮਾਂ ਭੇਜੀਆਂ ਗਈਆਂ ਹਨ। ਲੈਵਲ 3 ਐਮਰਜੰਸੀ ਦਾ ਐਲਾਨ ਉਨ੍ਹਾਂ ਹਾਲਾਤ ਵਿਚ ਕੀਤਾ ਜਾਂਦਾ ਹੈ ਜਦੋਂ ਕੁਦਰਤੀ ਆਫ਼ਤ ਦਾ ਅਸਰ ਬਹੁਤ ਜ਼ਿਆਦਾ ਹੋਵੇ ਅਤੇ ਸਥਾਨਕ ਪ੍ਰਸ਼ਾਸਨ ਇਸ ਨਾਲ ਨਜਿੱਠਣ ਦੇ ਸਮਰੱਥ ਨਾ ਹੋਵੇ। ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਕਾਰਨ ਹੋਏ ਮਾਲੀ ਨੁਕਸਾਨ ਦਾ ਅੰਦਾਜ਼ਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਭੂਚਾਲ ਦੇ ਝਟਕੇ ਐਨੇ ਜ਼ੋਰਦਾਰ ਸਨ ਕਿ ਇਨ੍ਹਾਂ ਦਾ ਅਸਰ 400 ਕਿਲੋਮੀਟਰ ਦੂਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਮਹਿਸੂਸ ਕੀਤਾ ਗਿਆ। ਭੂ-ਵਿਗਿਆਨੀਆਂ ਮੁਤਾਬਕ ਭੂਚਾਲ ਦਾ ਕੇਂਦਰ ਉਸ ਜਗ੍ਹਾ ’ਤੇ ਹੈ ਜਿਥੇ ਭਾਰਤ ਅਤੇ ਯੂਰੇਸ਼ੀਆਈ ਟੈਕਟੌਨਿਕ ਪਲੇਟਸ ਟਕਰਾਉਂਦੀਆਂ ਹਨ। ਇਨ੍ਹਾਂ ਪਲੇਟਸ ਦੇ ਟਕਰਾਉਣ ਨਾਲ ਹਿਮਾਲਿਆ ਦੇ ਪਹਾੜਾਂ ਵਿਚ ਉਚੀਆਂ ਤਰੰਗਾਂ ਉਠਦੀਆਂ ਹਨ ਅਤੇ ਜ਼ਮੀਨ ਕੰਬਣ ਲਗਦੀ ਹੈ। ਇਸੇ ਦੌਰਾਨ ਡਾ. ਰਜਿੰਦਰ ਸਿੰਘ ਰਾਠੌੜ ਨੇ ਦੱਸਿਆ ਕਿ ਅਰਾਵਲੀ ਪਹਾੜਾਂ ਦੇ ਪੂਰਬ ਵੱਲ ਇਕ ਵੱਡੀ ਤਰੇੜ ਹੈ ਜੋ ਰਾਜਸਥਾਨ ਦੇ ਪੂਰਬੀ ਇਲਾਕੇ ਤੋਂ ਹੁੰਦੀ ਹੋਈ ਹਿਮਾਚਲ ਦੇ ਧਰਮਸ਼ਾਲਾ ਤੱਕ ਜਾਂਦੀ ਹੈ। ਤਾਜ਼ਾ ਭੂਚਾਲ ਆਉਣ ਮਗਰੋਂ ਰਾਜਸਥਾਨ ਦੇ ਜੈਪੁਰ, ਅਜਮੇਰ ਅਤੇ ਭਰਤਪੁਰ ਇਲਾਕਿਆਂ ਵਿਚ ਧਰਤੀ ਹੇਠਾਂ ਹਿਲਜੁਲ ਸ਼ੁਰੂ ਹੋ ਚੁੱਕੀ ਹੈ।
ਭਾਰਤ, ਨੇਪਾਲ ਅਤੇ ਭੂਟਾਨ ਵਿਚ ਵੀ ਮਹਿਸੂਸ ਕੀਤੇ ਗਏ ਝਟਕੇ
ਹੁਣ ਰਾਜਸਥਾਨ ਦੇ ਇਨ੍ਹਾਂ ਖੇਤਰਾਂ ਵਿਚ ਅਜਿਹੇ ਝਟਕੇ ਲਗਾਤਾਰ ਆਉਂਦੇ ਰਹਿ ਸਕਦੇ ਹਨ। ਚੇਤੇ ਰਹੇ ਕਿ ਚੀਨ ਵਿਚ ਸਭ ਤੋਂ ਤਬਾਹਕੁੰਨ ਭੂਚਾਲ 468 ਸਾਲ ਪਹਿਲਾਂ ਆਇਆ ਸੀ ਜਦੋਂ 8 ਲੱਖ ਤੋਂ ਵੱਧ ਲੋਕਾਂ ਦੀ ਜਾਨ ਗਈ। ਤੀਬਰਤਾ ਦੇ ਹਿਸਾਬ ਨਾਲ ਹੁਣ ਤੱਕ ਦਾ ਸਭ ਤੋਂ ਖਤਰਨਾਕ ਭੂਚਾਲ ਚਿਲੀ ਵਿਖੇ 22 ਮਈ 1960 ਨੂੰ ਆਇਆ ਸੀ ਜਿਸ ਦੀ ਤੀਬਰਤਾ 9.5 ਦਰਜ ਕੀਤੀ ਗਈ। ਚੀਨ ਦੇ ਸਿਚੁਆਨ ਸੂਬੇ ਵਿਚ 16 ਸਾਲ ਪਹਿਲਾਂ ਆਏ ਭੂਚਾਲ ਦੌਰਾਲ 70 ਹਜ਼ਾਰ ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ 2015 ਵਿਚ ਨੇਪਾਲ ਦੀ ਰਾਜਧਾਨੀ ਕਾਠਮੰਡੂ ਨੇੜੇ ਭੂਚਾਲ ਕਾਰਨ 9 ਹਜ਼ਾਰ ਲੋਕਾਂ ਦੀ ਜਾਨ ਗਈ ਜਦਕਿ ਹਜ਼ਾਰ ਹੋਰ ਜ਼ਖਮੀ ਹੋਏ।