ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਮਰੀਕਾ ਦੇ ਯੂਟਾਹ ਸੂਬੇ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦਮ ਤੋੜ ਗਿਆ। ਪੰਜਾਬੀ ਨੌਜਵਾਨ ਦੀ ਸ਼ਨਾਖਤ 30 ਸਾਲ ਦੇ ਮਲਕੀਤ ਸਿੰਘ ਵਜੋਂ ਕੀਤੀ ਗਈ ਹੈ;
ਸਾਲਟ ਲੇਕ ਕਾਊਂਟੀ : ਅਮਰੀਕਾ ਦੇ ਯੂਟਾਹ ਸੂਬੇ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦਮ ਤੋੜ ਗਿਆ। ਪੰਜਾਬੀ ਨੌਜਵਾਨ ਦੀ ਸ਼ਨਾਖਤ 30 ਸਾਲ ਦੇ ਮਲਕੀਤ ਸਿੰਘ ਵਜੋਂ ਕੀਤੀ ਗਈ ਹੈ ਜੋ ਪੰਜਾਬ ਦੇ ਸ੍ਰੀ ਹਰਗੋਬਿੰਦਪੁਰ ਕਸਬੇ ਨਾਲ ਸਬੰਧਤ ਸੀ। ਮਲਕੀਤ ਸਿੰਘ ਆਪਣੇ ਪਿੱਛੇ ਪਤਨੀ, ਦੋ ਬੱਚੇ ਅਤੇ ਬਜ਼ੁਰਗ ਮਾਂ-ਪਿਉ ਛੱਡ ਗਿਆ ਹੈ। ਮਲਕੀਤ ਸਿੰਘ ਦੀ ਕਜ਼ਨ ਬਲਜੀਤ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਯੂਟਾਹ ਸੂਬੇ ਦੇ ਲੈਂਬਜ਼ ਕੈਨੀਅਨ ਵਿਖੇ ਹਾਦਸਾ ਵਾਪਰਿਆ ਅਤੇ ਸੈਮੀ ਟਰੱਕ ਬੇਕਾਬੂ ਹੋ ਕੇ ਖਤਾਨਾਂ ਵਿਚ ਮੂਧਾ ਵੱਜ ਗਿਆ।
ਯੂਟਾਹ ਸੂਬੇ ਦੇ ਲੈਂਬਜ਼ ਕੈਨੀਅਨ ਵਿਚ ਪਲਟਿਆ ਟਰੱਕ
ਮਲਕੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਪੁੱਜਾ ਸੀ ਅਤੇ ਪੰਜਾਬ ਰਹਿੰਦੇ ਮਾਪਿਆਂ ਸਿਰ ਕਰਜ਼ੇ ਦੀ ਪੰਡ ਛੱਡ ਗਿਆ ਹੈ। ਪਰਵਾਰ ਦੇ ਗੁਜ਼ਾਰੇ ਲਈ ਕਮਾਈ ਕਰਨ ਵਾਲਾ ਇਕੋ ਇਕ ਸ਼ਖਸ ਇਸ ਦੁਨੀਆਂ ਵਿਚ ਨਹੀਂ ਰਿਹਾ ਜਿਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਧਰ ਮੀਡੀਆ ਰਿਪੋਰਟਾਂ ਮੁਤਾਬਕ ਲੈਂਬਜ਼ ਕੈਨੀਅਨ ਵਿਖੇ ਸੈਮੀ ਟਰੱਕ ਨਾਲ ਵਾਪਰੇ ਹਾਦਸੇ ਦੌਰਾਨ ਡਰਾਈਵਰ ਦੇ ਨਾਲ ਬੈਠਾ ਸ਼ਖਸ ਬੁੜਕ ਕੇ ਬਾਹਰ ਜਾ ਡਿੱਗਾ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਯੂਟਾਹ ਦੇ ਪਬਲਿਕ ਸੇਫਟੀ ਡਿਪਾਰਟਮੈਂਟ ਨੇ ਕਿਹਾ ਕਿ ਟਰੱਕ ਬੇਕਾਬੂ ਹੋਣ ਮਗਰੋਂ ਹਾਈਵੇਅ ਦੇ ਵਿਚਕਾਰ ਬਣੇ ਕੰਕਰੀਟ ਬੈਰੀਅਰ ਨਾਲ ਟਕਰਾਇਆ ਅਤੇ ਫਿਰ ਖਤਾਨਾਂ ਵਿਚ ਪਲਟ ਗਿਆ।
ਬਜ਼ੁਰਗ ਮਾਪੇ, ਪਤਨੀ ਅਤੇ ਬੱਚੇ ਪਿੱਛੇ ਛੱਡ ਗਿਐ ਮਲਕੀਤ ਸਿੰਘ
ਟਰੱਕ ਡਰਾਈਵਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਦੌਰਾਨ ਟਰੈਕਟਰ ਅਤੇ ਟ੍ਰੇਲਰ ਵੱਖ ਹੋ ਗਏ ਅਤੇ ਟ੍ਰੇਲਰ ਹਾਈਵੇਅ ’ਤੇ ਰਹਿ ਜਾਣ ਕਾਰਨ ਜਾਮ ਲੱਗ ਗਿਆ। ਇਥੇ ਦਸਣਾ ਬਣਦਾ ਹੈ ਕਿ ਇਕ ਦਿਨ ਪਹਿਲਾਂ ਹੀ ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅੱਲਾਵਾਲ ਨਾਲ ਸਬੰਧਤ ਅਜੇਪਾਲ ਸਿੰਘ ਗਿੱਲ ਐਸ.ਡੀ.ਓ. ਦੀ ਨੌਕਰੀ ਛੱਡ ਕੇ ਅਮਰੀਕਾ ਗਿਆ ਅਤੇ ਉਥੇ ਭਾਣਾ ਵਾਪਰ ਗਿਆ।