ਐਚ-1ਬੀ ਵੀਜ਼ਿਆਂ ਵਿਚ ਵੱਡੀ ਧੋਖਾਧੜੀ ਦਾ ਦਾਅਵਾ

ਅਮਰੀਕਾ ਦੇ ਐਚ-1ਬੀ ਵੀਜ਼ਾ ਪ੍ਰੋਗਰਾਮ ਵਿਚ ਵੱਡੇ ਪੱਧਰ ’ਤੇ ਫਰੌਡ ਹੋਣ ਦਾ ਦਾਅਵਾ ਕੀਤਾ ਗਿਆ ਹੈ

Update: 2025-11-26 13:33 GMT

ਵਾਸ਼ਿੰਗਟਨ ਡੀ.ਸੀ. : ਅਮਰੀਕਾ ਦੇ ਐਚ-1ਬੀ ਵੀਜ਼ਾ ਪ੍ਰੋਗਰਾਮ ਵਿਚ ਵੱਡੇ ਪੱਧਰ ’ਤੇ ਫਰੌਡ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਸਾਬਕਾ ਮੈਂਬਰ ਅਤੇ ਪ੍ਰਸਿੱਧ ਆਰਥਿਕ ਮਾਹਰ ਡੇਵ ਬਰੈਟ ਨੇ ਤੱਥਾਂ ਦੇ ਆਧਾਰ ’ਤੇ ਕਿਹਾ ਹੈ ਕਿ ਭਾਰਤ ਦੇ ਚੇਨਈ ਜ਼ਿਲ੍ਹੇ ਨੂੰ ਸਵਾ ਦੋ ਲੱਖ ਐਚ-1ਬੀ ਵੀਜ਼ਾ ਮਿਲੇ ਜਦਕਿ ਪੂਰੀ ਦੁਨੀਆਂ ਵਾਸਤੇ ਸਾਲਾਨਾ ਗਿਣਤੀ 85 ਹਜ਼ਾਰ ਤੈਅ ਕੀਤੀ ਗਈ ਹੈ। ਇਕ ਪੌਡਕਾਸਟ ਦੌਰਾਨ ਉਨ੍ਹਾਂ ਕਿਹਾ ਕਿ ਐਚ-1ਬੀ ਵੀਜ਼ਾ ਇੰਡਸਟ੍ਰੀਅਲ ਲੈਵਲ ਦੀ ਠੱਗੀ-ਠੋਰੀ ਦਾ ਜ਼ਰੀਆ ਬਣ ਕੇ ਰਹਿ ਗਿਆ ਹੈ। 71 ਫੀ ਸਦੀ ਐਚ-1ਬੀ ਵੀਜ਼ੇ ਭਾਰਤ ਨੂੰ ਮਿਲਦੇ ਹਨ ਅਤੇ ਦੂਜੇ ਨੰਬਰ ’ਤੇ 12 ਫੀ ਸਦੀ ਅੰਕੜੇ ਨਾਲ ਚੀਨ ਆਉਂਦਾ ਹੈ।

ਚੇਨਈ ਨੂੰ ਮਿਲੇ 2.2 ਲੱਖ ਵੀਜ਼ੇ, ਬਾਕੀ ਦੁਨੀਆਂ ਨੂੰ ਸਿਰਫ਼ 85 ਹਜ਼ਾਰ

ਦੋਹਾਂ ਮੁਲਕਾਂ ਨੂੰ ਵੱਖ ਕਰ ਦਿਤਾ ਜਾਵੇ ਤਾਂ ਪੂਰੀ ਦੁਨੀਆਂ ਦੇ ਹੁਨਰ ਵਾਸਤੇ ਕੋਈ ਜਗ੍ਹਾ ਖਾਲੀ ਹੀ ਨਹੀਂ ਬਚਦੀ। ਡੇਵ ਬਰੈਟ ਨੇ ਇਸ ਮੁੱਦੇ ਨੂੰ ਅਮਰੀਕਾ ਦੀ ਘਰੇਲੂ ਸਿਆਸਤ ਨਾਲ ਵੀ ਜੋੜਿਆ ਅਤੇ ਕਿਹਾ ਕਿ ਐਚ-1ਬੀ ਵੀਜ਼ਾ ਸਥਾਨਕ ਕਿਰਤੀਆਂ ਤੋਂ ਰੁਜ਼ਗਾਰ ਖੋਹ ਰਿਹਾ ਹੈ। ਬਰੈਟ ਮੁਤਾਬਕ ਵੱਡੀ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਖੁਦ ਨੂੰ ਸਕਿਲਡ ਵਰਕਰ ਦੱਸ ਕੇ ਅਮਰੀਕਾ ਪੁੱਜ ਜਾਂਦੇ ਹਨ ਪਰ ਕਈ ਮਾਮਲਿਆਂ ਵਿਚ ਉਨ੍ਹਾਂ ਦਾ ਹੁਨਰ ਕਾਰਗਰ ਨਹੀਂ ਹੁੰਦਾ। ਚੇਨਈ ਸਥਿਤ ਅਮਰੀਕੀ ਕੌਂਸਲੇਟ ਦੁਨੀਆਂ ਦੇ ਸਭ ਤੋਂ ਜ਼ਿਆਦਾ ਰੁਝੇਵਿਆਂ ਵਾਲੇ ਐਚ-1ਬੀ ਵੀਜ਼ਾ ਪ੍ਰੋਸੈਸਿੰਗ ਸੈਂਟਰਾਂ ਵਿਚੋਂ ਇਕ ਹੈ ਜਿਥੇ ਤਾਮਿਲਨਾਡੂ, ਕਰਨਾਟਕ, ਕੇਰਲ ਅਤੇ ਤੇਲੰਗਾਨਾ ਤੋਂ ਵੱਡੀ ਗਿਣਤੀ ਵਿਚ ਅਰਜ਼ੀਆਂ ਆਉਂਦੀਆਂ ਹਨ। ਇਨ੍ਹਾਂ ਰਾਜਾਂ ਵਿਚ ਆਈ.ਟੀ. ਕੰਪਨੀਆਂ ਦੇ ਟੈਕ ਵਰਕਰਜ਼ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਅਰਜ਼ੀਆਂ ਦੀ ਗਿਣਤੀ ਵਧ ਜਾਂਦੀ ਹੈ।

ਹੈਦਰਾਬਾਦ ਵਿਚ ਰੇਹੜੀਆਂ ’ਤੇ ਵਿਕਦੇ ਫਰਜ਼ੀ ਜੌਬ ਲੈਟਰ

ਡੇਵ ਬਰੈਟ ਦੇ ਦੋਸ਼ਾਂ ਤੋਂ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਸਾਬਕਾ ਅਮਰੀਕੀ ਡਿਪਲੋਮੈਟ ਮਹਿਵਿਸ਼ ਸਿਦੀਕੀ ਵੱਲੋਂ ਵੀ ਅਜਿਹਾ ਹੀ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਐਚ-1ਬੀ ਵੀਜ਼ੇ ਫ਼ਰਜ਼ੀ ਇੰਪਲੌਇਰ ਲੈਟਰ, ਨਕਲੀ ਡਿਗਰੀਆਂ ਅਤੇ ਕਿਸੇ ਹੋਰ ਤੋਂ ਇੰਟਰਵਿਊ ਰਾਹੀਂ ਹਾਸਲ ਕੀਤੇ ਜਾਂਦੇ ਹਨ। ਸਿਦੀਕੀ ਮੁਤਾਬਕ ਹੈਦਰਾਬਾਦ ਵਿਚ ਕਈ ਥਾਵਾਂ ’ਤੇ ਐਚ-1ਬੀ ਵੀਜ਼ੇ ਲਈ ਫ਼ਰਜ਼ੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ ਅਤੇ ਫਰਜ਼ੀ ਜੌਬ ਲੇਟਰ ਵੇਚਣ ਦਾ ਧੰਦਾ ਆਮ ਹੈ। ਹੁਣ ਤੱਕ ਅਮਰੀਕਾ ਸਰਕਾਰ ਵੱਲੋਂ ਇਨ੍ਹਾਂ ਦੋਸ਼ਾਂ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ। ਦੱਸ ਦੇਈਏ ਕਿ ਟਰੰਪ ਨੇ ਸੱਤਾ ਸੰਭਾਲਣ ਮਗਰੋਂ ਐਚ-1ਬੀ ਵੀਜ਼ਾ ਲਈ ਫੀਸ ਵਧਾ ਕੇ ਇਕ ਲੱਖ ਡਾਲਰ ਕਰ ਦਿਤੀ ਅਤੇ ਇਸ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਉਤੇ ਹੀ ਪਵੇਗਾ।

Tags:    

Similar News