ਚੰਡੀਗੜ੍ਹ ਦੀ ਜੰਮੀ ਹਰਮੀਤ ਕੌਰ ਅਮਰੀਕਾ ਦੀ ਸਹਾਇਕ ਅਟਾਰਨੀ ਜਨਰਲ ਨਾਮਜ਼ਦ
ਡੌਨਲਡ ਟਰੰਪ ਵੱਲੋਂ ਚੰਡੀਗੜ੍ਹ ਵਿਚ ਜੰਮੀ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਦੀ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ।
ਵਾਸ਼ਿੰਗਟਨ : ਡੌਨਲਡ ਟਰੰਪ ਵੱਲੋਂ ਚੰਡੀਗੜ੍ਹ ਵਿਚ ਜੰਮੀ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਦੀ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ। ਸੋਸ਼ਲ ਮੀਡੀਆ ਰਾਹੀਂ ਤਾਜ਼ਾ ਨਾਮਜ਼ਦਗੀ ਦੀ ਜਾਣਕਾਰੀ ਦਿੰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਨਿਆਂ ਵਿਭਾਗ ਵਿਚ ਨਾਗਰਿਕ ਹੱਕਾਂ ਬਾਰੇ ਨਵੀਂ ਸਹਾਇਕ ਅਟਾਰਨੀ ਜਨਰਲ ਨੂੰ ਨਾਮਜ਼ਦ ਕਰਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਟਰੰਪ ਨੇ ਲਿਖਿਆ ਕਿ ਆਪਣੇ ਪੇਸ਼ੇਵਰ ਸਫ਼ਰ ਦੌਰਾਨ ਹਰਮੀਤ ਕੌਰ ਨੇ ਹਮੇਸ਼ਾ ਨਾਗਰਿਕਾਂ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਅਤੇ ਸਾਡੀ ਬੋਲਣ ਦੀ ਆਜ਼ਾਦੀ ਬੰਦਿਸ਼ਾਂ ਲਾਉਣ ਦੇ ਯਤਨਾਂ ਨੂੰ ਨਾਕਾਮ ਕਰ ਦਿਤਾ।
ਟਰੰਪ ਵੱਲੋਂ ਆਪਣੀ ਕੈਬਨਿਟ ਵਿਚ ਇਕ ਹੋਰ ਵਾਧੇ ਦਾ ਐਲਾਨ
ਸਿਰਫ ਐਨਾ ਹੀ ਨਹੀਂ ਕੋਰੋਨਾ ਦੌਰਾਨ ਇਕ ਥਾਂ ਇਕੱਤਰ ਹੋ ਕੇ ਇਬਾਦਤ ਕਰਨ ਤੋਂ ਰੋਕੇ ਗਏ ਈਸਾਈਆਂ ਦੀ ਨੁਮਾਇੰਦਗੀ ਕੀਤੀ ਅਤੇ ਆਪਣੇ ਮੁਲਾਜ਼ਮਾਂ ਨਾਲ ਵਿਤਕਰਾ ਕਰ ਰਹੀਆਂ ਕਾਰਪੋਰੇਸ਼ਨਾਂ ਨੂੰ ਅਦਾਲਤਾਂ ਵਿਚ ਘੜੀਸਿਆ। ਹਰਮੀਤ ਕੌਰ ਨੂੰ ਅਮਰੀਕਾ ਦੇ ਚੋਟੀ ਦੇ ਇਲੈਕਸ਼ਨ ਲਾਅਇਰਜ਼ ਵਿਚੋਂ ਇਕ ਕਰਾਰ ਦਿੰਦਿਆਂ ਨਵੇਂ ਚੁਣੇ ਰਾਸ਼ਟਰਪਤੀ ਨੇ ਕਿਹਾ ਕਿ ਸਿਰਫ ਕਾਨੂੰਨੀ ਤੌਰ ’ਤੇ ਜਾਇਜ਼ ਵੋਟਾਂ ਦੀ ਗਿਣਤੀ ਯਕੀਨੀ ਬਣਾਉਣ ਵਾਸਤੇ ਹਰਮੀਤ ਕੌਰ ਨੇ ਸੰਘਰਸ਼ ਕੀਤਾ। ਇਥੇ ਦਸਣਾ ਬਣਦਾ ਹੈ ਕਿ ਡਾਰਟਮਥ ਕਾਲਜ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਦੇ ਲਾਅ ਸਕੂਲ ਤੋਂ ਪੜ੍ਹਨ ਵਾਲੀ ਹਰਮੀਤ ਕੌਰ ਢਿੱਲੋਂ ਨੇ ਅਮਰੀਕਾ ਦੀ ਚੌਥੀ ਅਪੀਲ ਅਦਾਲਤ ਵਿਚ ਸੇਵਾਵਾਂ ਨਿਭਾਈਆਂ। ਹਰਮੀਤ ਕੌਰ ਢਿੱਲੋਂ ਨੂੰ ਬੀਤੇ ਜੁਲਾਈ ਮਹੀਨੇ ਦੌਰਾਨ ਨੁਕਤਾਚੀਨੀ ਦਾ ਸਾਹਮਣਾ ਵੀ ਕਰਨਾ ਪਿਆ ਜਦੋਂ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਉਨ੍ਹਾਂ ਨੇ ਅਰਦਾਸ ਕੀਤੀ। ਹਾਲਾਂਕਿ ਹਰਮੀਤ ਕੌਰ ਢਿੱਲੋਂ ਵੱਲੋਂ ਕੀਤੀ ਅਰਦਾਸ ਦੀ ਬਦੌਲਤ ਹੀ ਟਰੰਪ ਰਾਸ਼ਟਰਪਤੀ ਦੀ ਚੋਣ ਵਿਚ ਜੇਤੂ ਰਹੇ। 1969 ਵਿਚ ਚੰਡੀਗੜ੍ਹ ਵਿਖੇ ਜੰਮੀ ਹਰਮੀਤ ਕੌਰ ਢਿੱਲੋਂ ਬਚਪਨ ਵਿਚ ਆਪਣੇ ਮਾਪਿਆਂ ਨਾਲ ਅਮਰੀਕਾ ਆ ਗਈ। ਮੁੁਢਲੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਉਨ੍ਹਾਂ ਨੇ ਨੌਰਥ ਕੈਰੋਲਾਈਨ ਸਕੂਲ ਆਫ਼ ਸਾਇੰਸ ਐਂਡ ਮੈਥੇਮੈਟਿਕਸ ਵਿਚ ਦਾਖਲਾ ਲਿਆ ਪਰ ਆਪਣਾ ਕਰੀਅਰ ਕਾਨੂੰਨ ਦੇ ਖੇਤਰ ਵਿਚ ਬਣਾਉਣਾ ਬਿਹਤਰ ਸਮਝਿਆ। ਉਨ੍ਹਾਂ ਦੀ ਵੈਬਸਾਈਟ ਮੁਤਾਬਕ ਉਹ ਨਿਊ ਯਾਰਕ, ਲੰਡਨ ਅਤੇ ਸੈਨ ਫਰਾਂਸਿਸਕੋ ਦੇ ਬੇਅ ਏਰੀਆ ਵਿਚ ਲਾਅ ਪ੍ਰੈਕਟਿਸ ਕਰਦੇ ਹਨ ਅਤੇ ਫੈਡਰਲ ਮਾਮਲਿਆਂ ਤੋਂ ਇਲਾਵਾ ਸੂਬਾ ਪੱਧਰੀ ਕਮਰਸ਼ੀਅਲ ਲਿਟੀਗੇਸ਼ਨ ਵੱਲ ਧਿਆਨ ਕੇਂਦਰਤ ਹੈ।
ਰਿਪਬਲਿਕਨ ਪਾਰਟੀ ਵਿਚ ਉਚ ਅਹੁਦਿਆਂ ’ਤੇ ਰਹਿ ਚੁੱਕੀ ਹੈ ਹਰਮੀਤ ਕੌਰ ਢਿੱਲੋਂ
ਕਾਰੋਬਾਰੀ ਖੇਤਰ ਵਿਚ ਗੈਰਵਾਜਬ ਮੁਕਾਬਲੇਬਾਜ਼ੀ ਅਤੇ ਅੰਦੂਰਨੀ ਭੇਤਾਂ ਦੀ ਦੁਰਵਰਤੋਂ ਜਾਂ ਗੁੰਝਲਦਾਰ ਸਮਝੌਤਿਆਂ ਦੇ ਵਿਵਾਦ ਨਾਲ ਸਬੰਧਤ ਮੁਕੱਦਮਿਆਂ ਵਿਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। 2016 ਵਿਚ ਕਲੀਵਲੈਂਡ ਵਿਖੇ ਹੋਈ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਸਟੇਜ ’ਤੇ ਆਉਣ ਦਾ ਮਾਣ ਹਾਸਲ ਕਰਨ ਵਾਲੀ ਹਰਮੀਤ ਕੌਰ ਢਿੱਲੋਂ ਭਾਰਤੀ ਮੂਲ ਦੀ ਪਹਿਲੀ ਸ਼ਖਸੀਅਤ ਹੈ। ਹਰਮੀਤ ਕੌਰ ਢਿੱਲੋਂ ਰਿਪਬਲਿਕਨਪਾਰਟੀ ਦੀ ਕੌਮੀ ਕਮੇਟੀ ਦੀ ਮੁਖੀ ਬਣਨ ਦੇ ਮੁਕਾਬਲੇ ਵਿਚ ਵੀ ਸ਼ਾਮਲ ਰਹਿ ਹੋ ਚੁੱਕੇ ਹਨ। ਦੱਸ ਦੇਈਏ ਕਿ ਟਰੰਪ ਦੀ ਕੈਬਨਿਟ ਵਿਚ ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦਾ ਮੁਖੀ ਥਾਪਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਵਿਵੇਕ ਰਾਮਾਸਵਾਮੀ ਨੂੰ ਟਰੰਪ ਸਰਕਾਰ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖਣ ਵਾਲੀ ਟੀਮ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਜਿਸ ਵਿਚ ਉਘੇ ਕਾਰੋਬਾਰੀ ਈਲੌਨ ਮਸਕ ਵੀ ਸ਼ਾਮਲ ਹਨ।