ਅਮਰੀਕਾ ’ਚ ਪੰਜਾਬੀ ਕਾਰੋਬਾਰੀ ਦੀ ਲਾਸ਼ ਨਹਿਰ ਵਿਚੋਂ ਮਿਲੀ
ਅਮਰੀਕਾ ਦੇ ਪ੍ਰਸਿੱਧ ਪੰਜਾਬੀ ਕਾਰੋਬਾਰੀ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਣ ਮਗਰੋਂ ਸਨਸਨੀ ਫੈਲ ਗਈ।
ਫਰਿਜ਼ਨੋ : ਅਮਰੀਕਾ ਦੇ ਪ੍ਰਸਿੱਧ ਪੰਜਾਬੀ ਕਾਰੋਬਾਰੀ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਣ ਮਗਰੋਂ ਸਨਸਨੀ ਫੈਲ ਗਈ। 55 ਸਾਲ ਦੇ ਸੁਰਿੰਦਰ ਪਾਲ ਤਕਰੀਬਨ ਇਕ ਮਹੀਨੇ ਤੋਂ ਲਾਪਤਾ ਸਨ ਅਤੇ ਉਨ੍ਹਾਂ ਨੂੰ ਆਖਰੀ ਵਾਰ ਫਰਿਜ਼ਨੋ ਦੇ ਬਲੈਕਸਟੋਨ ਅਤੇ ਡੈਕੋਟਾ ਐਵੇਨਿਊ ਇਲਾਕੇ ਵਿਚ ਦੇਖਿਆ ਗਿਆ। ਸੁਰਿੰਦਰ ਪਾਲ ਅਤੇ ਉਨ੍ਹਾਂ ਦੀ ਪਤਨੀ ਕੈਲੇਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿਚ ਸਟੈਂਡਰਡ ਸਵੀਟਸ ਐਂਡ ਸਪਾਈਸਿਜ਼ ਨਾਂ ਦਾ ਰੈਸਟੋਰੈਂਟ ਅਤੇ ਗਰੌਸਰੀ ਚਲਾਉਂਦੇ ਸਨ। ਸੁਰਿੰਦਰ ਪਾਲ ਦੀ ਪਤਨੀ ਟ੍ਰੇਸੀ ਹੈਨਸਨ ਮੁਤਾਬਕ ਭਾਰਤ ਤੋਂ ਸਟੱਡੀ ਵੀਜ਼ਾ ਆਏ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਰੈਸਟੋਰੈਂਟ ਵਿਚ ਆਉਣਾ ਸ਼ੁਰੂ ਕਰ ਦਿਤੀ ਜਿਨ੍ਹਾਂ ਨੂੰ ਬਿਲਕੁਲ ਘਰ ਵਰਗਾ ਭਾਰਤੀ ਖਾਣਾ ਮਿਲ ਰਿਹਾ ਸੀ।
22 ਜੂਨ ਤੋਂ ਲਾਪਤਾ ਸਨ ਸੁਰਿੰਦਰ ਪਾਲ
ਸੁਰਿੰਦਰ ਪਾਲ ਨਾਲ ਉਹ ਪਿਤਾ ਵਾਂਗ ਵਰਤਾਉ ਕਰਦੇ। 22 ਜੂਨ ਨੂੰ ਸੁਰਿੰਦਰ ਪਾਲ ਰੈਸਟੋਰੈਂਟ ਵਾਸਤੇ ਸਮਾਨ ਲਿਆਉਣ ਦਾ ਗੱਲ ਕਰ ਕੇ ਰਵਾਨਾ ਹੋਏ ਪਰ ਮੁੜ ਕਦੇ ਨਾ ਪਰਤੇ। ਟ੍ਰੇਸੀ ਹੈਨਸਨ ਨੇ ਦੱਸਿਆ ਕਿ ਜਦੋਂ ਦੇਰ ਸ਼ਾਮ ਤੱਕ ਸੁਰਿੰਦਰ ਪਾਲ ਦਾ ਕੋਈ ਸੁਨੇਹਾ ਨਾ ਆਇਆ ਤਾਂ ਚਿੰਤਾ ਹੋਣ ਲੱਗੀ ਕਿਉਂਕਿ ਪਹਿਲਾਂ ਕਦੇ ਵੀ ਅਜਿਹਾ ਨਹੀਂ ਸੀ ਹੋਇਆ। ਉਹ ਫੋਨ ਕਾਲ ਦਾ ਜਵਾਬ ਵੀ ਨਹੀਂ ਦੇ ਰਹੇ ਸਨ ਜਿਸ ਮਗਰੋਂ ਟ੍ਰੇਸੀ ਨੇ ਆਪਣੀ ਭੈਣ ਨਾਲ ਸਲਾਹ ਕਰਦਿਆਂ ਪੁਲਿਸ ਨੂੰ ਕਾਲ ਕਰ ਦਿਤੀ। ਅਗਲੇ ਦਿਨ ਫਰਿਜ਼ਨੋ ਪੁਲਿਸ ਨੂੰ ਸੁਰਿੰਦਰ ਪਾਲ ਦੀ ਵੈਨ ਮਕਿਨਲੀ ਐਂਡ ਟੈਂਪਰੈਂਸ ਦੇ ਇੰਟਰਸੈਕਸ਼ਨ ਨੇੜੇ ਲਾਵਾਰਿਸ ਹਾਲਤ ਵਿਚ ਮਿਲੀ। ਇਹ ਜਗ੍ਹਾ ਸੁਰਿੰਦਰ ਪਾਲ ਦੇ ਕਲੌਵਿਸ ਸ਼ਹਿਰ ਵਿਖੇ ਸਥਿਤ ਘਰ ਤੋਂ ਸਿਰਫ਼ 2 ਮੀਲ ਦੂਰ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਡੂੰਘਾਈ ਨਾਲ ਪੜਤਾਲ
ਟ੍ਰੇਸੀ ਹੈਨਸਨ ਮੁਤਾਬਕ ਸੁਰਿੰਦਰ ਪਾਲ ਦਾ ਫੋਨ ਵੈਨ ਦੇ ਅੰਦਰੋਂ ਮਿਲਿਆ ਅਤੇ ਵੈਨ ਲੌਕ ਕੀਤੀ ਹੋਈ ਸੀ। ਇਥੇ ਦਸਣਾ ਬਣਦਾ ਹੈ ਕਿ ਸੁਰਿੰਦਰ ਪਾਲ ਸੈਂਟਰਲ ਵੈਲੀ ਦੀ ਇਕ ਨਾਮੀ ਸ਼ਖਸੀਅਤ ਸਨ ਅਤੇ ਲਾਸ਼ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਤਾਂ ਭਾਈਚਾਰੇ ਸੋਗ ਦੀ ਲਹਿਰ ਦੌੜ ਗਈ। ਉਧਰ ਕਲੌਵਿਸ ਪੁਲਿਸ ਨੇ ਕਿਹਾ ਕਿ ਮੌਤ ਦੇ ਕਾਰਨਾਂ ਪੜਤਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਕੋਈ ਸ਼ੱਕੀ ਤੱਥ ਸਾਹਮਣੇ ਨਹੀਂ ਆਇਆ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ।