ਯੂਰਪ ਅਤੇ ਨੌਰਥ ਅਮੈਰਿਕਾ ਵਿਚ ਬਰਡ ਫ਼ਲੂ ਦਾ ਖੌਫ਼

ਅਮਰੀਕਾ, ਕੈਨੇਡਾ ਅਤੇ ਯੂਰਪ ਵਿਚ ਬਰਡ ਫਲੂ ਫੈਲਣ ਦੀ ਰਫ਼ਤਾਰ ਖ਼ਤਰਨਾਕ ਹੱਦ ਤੱਕ ਵਧ ਚੁੱਕੀ ਹੈ ਅਤੇ ਖੁਰਾਕ ਚਿੰਤਾਵਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ

Update: 2025-11-29 11:45 GMT

ਬਰਲਿਨ : ਅਮਰੀਕਾ, ਕੈਨੇਡਾ ਅਤੇ ਯੂਰਪ ਵਿਚ ਬਰਡ ਫਲੂ ਫੈਲਣ ਦੀ ਰਫ਼ਤਾਰ ਖ਼ਤਰਨਾਕ ਹੱਦ ਤੱਕ ਵਧ ਚੁੱਕੀ ਹੈ ਅਤੇ ਖੁਰਾਕ ਚਿੰਤਾਵਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਜੀ ਹਾਂ, 26 ਯੂਰਪੀ ਮੁਲਕਾਂ ਵਿਚ ਬਰਡ ਫਲੂ ਦੇ 1,445 ਮਾਮਲੇ ਦਰਜ ਕੀਤੇ ਗਏ ਜੋ ਪਿਛਲੇ ਸਾਲ ਦੇ ਮੁਕਾਬਲੇ 4 ਗੁਣਾ ਵੱਧ ਬਣਦੇ ਹਨ ਅਤੇ 2016 ਤੋਂ ਬਾਅਦ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ। ਜਰਮਨੀ, ਵਿਚ ਤਿੰਨ ਸਾਲ ਦੇ ਸਭ ਤੋਂ ਜ਼ਿਆਦਾ ਮਾਮਲੇ ਦੱਸੇ ਜਾ ਰਹੇ ਹਨ ਜਦਕਿ ਫਰਾਂਸ ਵਿਚ ਪਹਿਲਾਂ ਹੀ ਹਾਈ ਐਲਰਟ ਐਲਾਨਿਆ ਜਾ ਚੁੱਕਾ ਹੈ। ਨੌਰਥ ਅਮੈਰਿਕਾ ਵਿਚ ਹੁਣ ਤੱਕ 1 ਕਰੋੜ 60 ਲੱਖ ਮੁਰਗੀਆਂ, ਟਰਕੀ ਅਤੇ ਬਤਖਾਂ ਮਾਰਨੀਆਂ ਪਈਆਂ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਵਾਇਰਸ ਫੈਲਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਮੀਟ ਕੀਮਤਾਂ ਵਿਚ ਮੋਟਾ ਵਾਧਾ ਹੋ ਸਕਦਾ ਹੈ। ਧਰਤੀ ਦੇ ਉਤਰੀ ਗੋਲਾਰਧ ਯਾਨੀ ਨੌਰਥ ਹੈਮੀਸਫ਼ੀਅਰ ਤੋਂ ਪ੍ਰਵਾਸੀ ਪੰਛੀਆਂ ਦਾ ਸਮੇਂ ਤੋਂ ਪਹਿਲਾਂ ਦੱਖਣ ਵੱਲ ਪ੍ਰਵਾਸ ਵੀ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਮੰਨਿਆ ਜਾ ਰਿਹਾ ਹੈ।

4 ਗੁਣਾ ਤੇਜ਼ੀ ਨਾਲ ਫੈਲ ਰਿਹਾ ਵਾਇਰਸ

ਅਮਰੀਕਾ ਵਿਚ ਹੁਣ ਤੱਕ 107 ਥਾਵਾਂ ਬਰਡ ਫਲੂ ਫੈਲਣ ਦੀ ਰਿਪੋਰਟ ਹੈ ਅਤੇ ਟਰਕੀ ਦਾ ਸਭ ਤੋਂ ਵੱਡਾ ਉਤਪਾਦਕ ਸੂਬਾ ਮੰਨੇ ਜਾਂਦੇ ਮਿਨੇਸੋਟਾ ਵਿਚ ਤੈਅ ਸਮੇਂ ਤੋਂ ਦੋ ਮਹੀਨੇ ਪਹਿਲਾਂ ਹੀ ਬਰਡ ਫਲੂ ਫੈਲਣਾ ਸ਼ੁਰੂ ਹੋ ਗਿਆ। ਮਿਸ਼ੀਗਨ ਦੇ ਡਿਪਾਰਟਮੈਂਟ ਆਫ਼ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਦੇ ਡਾਇਰੈਕਟਰ ਟਿਮ ਬੋਰਿੰਗ ਦਾ ਕਹਿਣਾ ਸੀ ਕਿ ਮੌਜੂਦਾ ਸੀਜ਼ਨ ਦੀ ਰਫ਼ਤਾਰ ਪੋਲਟਰੀ ਫਾਰਮਰਜ਼ ਅੰਦਰ ਖੌਫ਼ ਪੈਦਾ ਕਰ ਰਹੀ ਹੈ। ਆਮ ਤੌਰ ’ਤੇ ਐਨੀ ਤੇਜ਼ੀ ਨਾਲ ਵਾਇਰਸ ਨਹੀਂ ਫੈਲਦਾ। ਅਮਰੀਕਾ ਵਿਚ ਸਤੰਬਰ ਤੋਂ ਹੁਣ ਤੱਕ 80 ਲੱਖ ਤੋਂ ਵੱਧ ਪੰਛੀ ਮਾਰਨੇ ਪਏ ਅਤੇ ਇਹ ਅੰਕੜਾ ਪਿਛਲੇ ਸਾਲ ਤੋਂ ਵੱਧ ਬਣਦਾ ਹੈ। ਅਮਰੀਕਾ ਤੋਂ ਬਹੁਤ ਘੱਟ ਪੋਲਟਰੀ ਫ਼ਾਰਮਰਜ਼ ਹੋਣ ਦੇ ਬਾਵਜੂਦ ਕੈਨੇਡਾ ਵਿਚ ਵੀ ਤਕਰੀਬਨ 8 ਮਿਲੀਅਨ ਪੰਛੀਆਂ ਨੂੰ ਵੱਢਿਆ ਜਾ ਚੁੱਕਾ ਹੈ। ਕੈਨੇਡਾ ਦੇ ਖੇਤੀ ਮੰਤਰੀ ਹੀਥ ਮੈਕਡੌਨਲਡ ਨੇ ਦੱਸਿਆ ਕਿ ਇਸ ਵਾਰ ਜੰਗਲੀ ਪੰਛੀਆਂ ਰਾਹੀਂ ਵਾਇਰਸ ਜ਼ਿਆਦਾ ਫੈਲ ਰਿਹਾ ਹੈ ਜੋ ਕਈ ਪਹਿਲੂਆਂ ਤੋਂ ਚਿੰਤਾ ਪੈਦਾ ਕਰਦਾ ਹੈ।

ਅਮਰੀਕਾ ਅਤੇ ਕੈਨੇਡਾ ਵਿਚ 16 ਮਿਲੀਅਨ ਤੋਂ ਵੱਧ ਪੰਛੀ ਵੱਢੇ

ਉਧਰ ਵਰਲਡ ਆਰਗੇਨਾਈਜ਼ੇਸ਼ਨ ਫੌਰ ਐਨੀਮਲ ਹੈਲਥ ਦਾ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਬਰਡ ਫਲੂ ਦਾ ਫੈਲਣਾ, ਫਿਲਹਾਲ ਜ਼ਿਆਦਾ ਖ਼ਤਰਨਾਕ ਨਹੀਂ ਮੰਨਿਆ ਜਾ ਸਕਦਾ ਪਰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪੱਛਮੀ ਮੁਲਕਾਂ ਦੇ ਮੁਕਾਬਲੇ ਏਸ਼ੀਆ ਵਿਚ ਹਾਲਾਤ ਸੁਖਾਵੇਂ ਨਜ਼ਰ ਆ ਰਹੇ ਹਨ। ਕੰਬੋਡੀਆ ਅਤੇ ਜਾਪਾਨ ਨੂੰ ਛੱਡ ਦਿਤਾ ਜਾਵੇ ਤਾਂ ਜ਼ਿਆਦਾਤਰ ਮੁਲਕਾਂ ਵਿਚ ਵਾਇਰਸ ਕਾਬੂ ਹੇਠ ਹੈ। ਕੰਬੋਡੀਆ ਵਿਚ ਲੱਖਾਂ ਪੰਛੀਆਂ ਨੂੰ ਵੱਢਿਆ ਚੁੱਕਾ ਹੈ ਜਦਕਿ ਜਾਪਾਨ ਦਾ ਅੰਕੜਾ 16 ਲੱਖ 50 ਹਜ਼ਾਰ ਦੱਸਿਆ ਜਾ ਰਿਹਾ ਹੈ। ਉਧਰ ਬਰਡ ਫਲੂ ਦੇ ਐਚ 5 ਐਨ 5 ਸਟ੍ਰੇਨ ਨਾਲ ਅਮਰੀਕਾ ਵਿਚ ਹੋਈ ਪਹਿਲੀ ਮਨੁੱਖੀ ਮੌਤ ਪਹਿਲਾਂ ਹੀ ਡੂੰਘੀਆਂ ਚਿੰਤਾਵਾਂ ਪੈਦਾ ਕਰ ਰਹੀ ਹੈ।

Tags:    

Similar News