ਅਮਰੀਕਾ ਦੇ ਗੁਰਦਵਾਰਾ ਸਾਹਿਬ ਵੱਲੋਂ ਵੱਡਾ ਦਾਅਵਾ
ਪੈਸੇਫਿਕ ਕੋਸਟ ਖਾਲਸਾ ਦੀਵਾਨ ਸੋਸਾਇਟੀ ਨੇ ਕਿਹਾ ਹੈ ਕਿ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੇ ਯਤਨਾਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।
ਸਟੌਕਟਨ : ਅਮਰੀਕਾ ਵਿਚ ਗ੍ਰਿਫ਼ਤਾਰ 8 ਪੰਜਾਬੀ ਗੈਂਗਸਟਰਾਂ ਨਾਲ ਕੋਈ ਵਾਹ-ਵਾਸਤਾ ਨਾ ਹੋਣ ਦਾ ਦਾਅਵਾ ਕਰਦਿਆਂ ਪੈਸੇਫਿਕ ਕੋਸਟ ਖਾਲਸਾ ਦੀਵਾਨ ਸੋਸਾਇਟੀ ਨੇ ਕਿਹਾ ਹੈ ਕਿ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੇ ਯਤਨਾਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਸਟੌਕਟਨ ਗੁਰਦਵਾਰਾ ਮੈਨੇਜਮੈਂਟ ਕਮੇਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੈਨ ਵਾਕਿਨ ਕਾਊਂਟੀ ਦੀ ਪੁਲਿਸ ਵੱਲੋਂ ਵੱਖ ਵੱਖ ਪੁਲਿਸ ਮਹਿਕਮਿਆਂ ਅਤੇ ਐਫ਼.ਬੀ.ਆਈ. ਦੇ ਸਹਿਯੋਗ ਨਾਲ ਕੀਤੀ ਗਈ ਕਾਰਵਾਈ ਨੂੰ ਜਾਣ-ਬੁੱਝ ਕੇ ਗੁਰਦਵਾਰਾ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ। ਗੁਰਦਵਾਰਾ ਮੈਨੇਜਮੈਂਟ ਕਮੇਟੀ ਨੇ ਪ੍ਰਵਾਨ ਕੀਤਾ ਕਿ ਗ੍ਰਿਫ਼ਤਾਰ ਕੀਤੇ ਪੰਜਾਬੀ ਨੌਜਵਾਨ ਸੈਨ ਵਾਕਿਨ ਕਾਊਂਟੀ ਵਿਚ ਰਹਿੰਦੇ ਸਨ ਅਤੇ ਇਸੇ ਕਰ ਕੇ ਸਟੌਕਟਨ ਦੇ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕਣ ਵਿਚ ਆਉਂਦੇ ਹੋਣਗੇ ਪਰ ਕਿਸੇ ਵੀ ਧਾਰਮਿਕ ਸਥਾਨ ਵਿਚ ਦਾਖਲ ਹੋਣ ਵਾਲੇ ਕਿਸੇ ਸ਼ਖਸ ਤੋਂ ਉਸ ਦਾ ਕਰੈਕਟਰ ਸਰਟੀਫ਼ਿਕੇਟ ਨਹੀਂ ਮੰਗਿਆ ਜਾਂਦਾ।
ਕੈਲੇਫੋਰਨੀਆ ’ਚ ਗ੍ਰਿਫ਼ਤਾਰ ਪੰਜਾਬੀਆਂ ਨਾਲ ਕੋਈ ਵਾਹ-ਵਾਸਤਾ ਨਹੀਂ
ਦੁਨੀਆਂ ਭਰ ਦੇ ਗੁਰਦਵਾਰਾ ਸਾਹਿਬਾਨ ਵਿਚ ਹਰ ਧਰਮ ਅਤੇ ਤਬਕੇ ਦੇ ਲੋਕ ਸੀਸ ਨਿਵਾਉਣ ਜਾ ਸਕਦੇ ਹਨ। ਮੈਨੇਜਮੈਂਟ ਕਮੇਟੀ ਨੇ ਅੱਗੇ ਕਿਹਾ ਕਿ ਸਟੌਕਟਨ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਅਟਵਾਲ ਨੂੰ ਪਿਛਲੇ ਸਮੇਂ ਦੌਰਾਨ ਕਦੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਕਮੇਟੀ ਨੇ ਦੱਸਿਆ ਹਰਨੇਕ ਸਿੰਘ ਅਟਵਾਲ ਨੂੰ ਫਰਜ਼ੀ ਦੋਸ਼ਾਂ ਅਧੀਨ ਕੁਝ ਸਮੇਂ ਵਾਸਤੇ ਹਿਰਾਸਤ ਵਿਚ ਜ਼ਰੂਰ ਲਿਆ ਗਿਆ ਪਰ ਪੜਤਾਲ ਦੌਰਾਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣ ਮਗਰੋਂ ਛੱਡ ਦਿਤਾ ਗਿਆ। ਮੈਨੇਜਮੈਂਟ ਕਮੇਟੀ ਨੇ ਦੋਸ਼ ਲਾਇਆ ਕਿ ਸਤੰਬਰ 2023 ਵਿਚ ਖੁਦ ਨੂੰ ਭਾਰਤ ਸਰਕਾਰ ਦਾ ਨੁਮਾਇੰਦਾ ਦੱਸਣ ਵਾਲੇ ਇਕ ਸ਼ਖਸ ਵੱਲੋਂ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਡਰਾਉਣ ਧਮਕਾਉਣ ਦੇ ਯਤਨ ਕੀਤੇ ਗਏ ਜਦਕਿ ਬਾਅਦ ਵਿਚ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਅਤੇ ਸਾਬਕਾ ਸਕੱਤਰ ਨੂੰ ਮੋਟੀ ਰਕਮ ਦੀ ਪੇਸ਼ਕਸ਼ ਵੀ ਕੀਤੀ ਗਈ।
ਗੁਰਦਵਾਰਾ ਪ੍ਰਧਾਨ ਨੂੰ ਕਦੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ : ਮੈਨੇਜਮੈਂਟ ਕਮੇਟੀ
ਮੈਨੇਜਮੈਂਟ ਕਮੇਟੀ ਵੱਲੋਂ ਅਮਰੀਕਾ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਲਾਅ ਐਨਫ਼ੋਰਸਮੈਂਟ ਏਜੰਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਮਰੀਕਾ ਦੇ ਹਰ ਵਸਨੀਕ ਦੀ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਆ ਯਕੀਨੀ ਬਣਾਈ ਜਾਵੇ। ਇਥੇ ਦਸਣਾ ਬਣਦਾ ਹੈ ਕਿ ਸੈਨ ਵਾਕਿਨ ਕਾਊਂਟੀ ਪੁਲਿਸ ਵੱਲੋਂ ਗ੍ਰਿਫ਼ਤਾਰ ਅੱਠ ਜਣਿਆਂ ਨੂੰ ਪਵਿੱਤਰ ਮਾਝਾ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਅਤੇ ਗਰੁੱਪ ਦੀਆਂ ਜੜਾਂ ਕੈਨੇਡਾ ਸਣੇ ਦੁਨੀਆਂ ਦੇ ਹੋਰਨਾਂ ਮੁਲਕਾਂ ਤੱਕ ਫੈਲੀਆਂ ਹੋਣ ਦੇ ਸੰਕੇਤ ਮਿਲ ਰਹੇ ਹਨ।