ਹਿਜ਼ਬੁੱਲ੍ਹਾ ਵੱਲੋਂ ਇਜ਼ਰਾਈਲ ’ਤੇ ਵੱਡਾ ਹਮਲਾ, ਰਾਕੇਟਾਂ ਦਾ ਵਰ੍ਹਾਇਆ ਮੀਂਹ
ਇਰਾਨ ਸਮਰਥਕ ਸੰਗਠਨ ਹਿਜ਼ਬੁੱਲ੍ਹਾ ਵੱਲੋਂ ਇਜ਼ਰਾਈਲ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਗਿਆ ਏ, ਜਿਸ ਦੇ ਤਹਿਤ ਇਸ ਅੱਤਵਾਦੀ ਸੰਗਠਨ ਨੇ ਯਹੂਦੀ ਦੇਸ਼ ’ਤੇ 200 ਤੋਂ ਜ਼ਿਆਦਾ ਰਾਕੇਟਾਂ ਦਾ ਮੀਂਹ ਵਰ੍ਹਾ ਦਿੱਤਾ। ਇੱਥੇ ਹੀ ਬਸ ਨਹੀਂ, 20 ਡ੍ਰੋਨਾਂ ਰਾਹੀਂ ਵੀ ਹਮਲਾ ਕੀਤਾ ਗਿਆ।
ਬੇਰੂਤ : ਇਰਾਨ ਸਮਰਥਕ ਸੰਗਠਨ ਹਿਜ਼ਬੁੱਲ੍ਹਾ ਵੱਲੋਂ ਇਜ਼ਰਾਈਲ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਗਿਆ ਏ, ਜਿਸ ਦੇ ਤਹਿਤ ਇਸ ਅੱਤਵਾਦੀ ਸੰਗਠਨ ਨੇ ਯਹੂਦੀ ਦੇਸ਼ ’ਤੇ 200 ਤੋਂ ਜ਼ਿਆਦਾ ਰਾਕੇਟਾਂ ਦਾ ਮੀਂਹ ਵਰ੍ਹਾ ਦਿੱਤਾ। ਇੱਥੇ ਹੀ ਬਸ ਨਹੀਂ, 20 ਡ੍ਰੋਨਾਂ ਰਾਹੀਂ ਵੀ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਹਿਜਬੁੱਲ੍ਹਾ ਵੱਲੋਂ ਇਜ਼ਰਾਈਲ ਦੇ ਕਈ ਮਿਲਟਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਆਪਣੇ ਇਕ ਸੀਨੀਅਰ ਕਮਾਂਡਰ ਦੀ ਹੱਤਿਆ ਦੇ ਬਦਲੇ ਵਿਚ ਅੱਤਵਾਦੀ ਸੰਗਠਨ ਹਿਜਬੁੱਲ੍ਹਾ ਨੇ ਇਜ਼ਰਾਈਲ ਦੇ ਕਈ ਫ਼ੌਜੀ ਟਿਕਾਣਿਆਂ ’ਤੇ 200 ਤੋਂ ਜ਼ਿਆਦਾ ਰਾਕੇਟ ਦਾਗ਼ੇ। ਇਹ ਜਾਣਕਾਰੀ ਖ਼ੁਦ ਸੰਗਠਨ ਵੱਲੋਂ ਦਿੱਤੀ ਗਈ ਐ। ਇਰਾਨ ਸਮਰਥਿਤ ਅੱਤਵਾਦੀ ਸੰਗਠਨ ਵੱਲੋਂ ਕੀਤਾ ਗਿਆ ਇਹ ਹਮਲਾ ਲੇਬਨਾਨ ਇਜ਼ਰਾਈਲ ਸਰਹੱਦ ’ਤੇ ਚੱਲ ਰਹੇ ਸੰਘਰਸ਼ ਵਿਚੋਂ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਏ। ਉਧਰ ਇਜ਼ਰਾਈਲੀ ਫ਼ੌਜ ਦਾ ਕਹਿਣਾ ਏ ਕਿ ਰਾਕੇਟ ਉਸ ਦੇ ਖੇਤਰ ਵਿਚ ਦਾਗ਼ੇ ਗਏ ਸੀ, ਜਿਨ੍ਹਾਂ ਵਿਚੋਂ ਕਈਆਂ ਨੂੰ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲ ਸਕੀ।
ਦਰਅਸਲ ਇਜ਼ਰਾਈਲ ਨੇ ਬੀਤੇ ਦਿਨ ਦੱਖਣੀ ਲੇਬਨਾਨ ਦੇ ਟਾਇਰੇ ਸ਼ਹਿਰ ਵਿਚ ਹਿਜ਼ਬੁੱਲ੍ਹਾ ਦੇ ਤਿੰਨ ਖੇਤਰੀ ਡਿਵੀਜ਼ਨਾਂ ਵਿਚੋਂ ਇਕ ਦੀ ਅਗਵਾਈ ਕਰਨ ਵਾਲੇ ਮੁਹੰਮਦ ਨਾਮੇਹ ਨਾਸਿਰ ਨੂੰ ਮਾਰ ਦਿੱਤਾ ਸੀ। ਇਸ ਮਗਰੋਂ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਗ ਗੈਲੇਂਟ ਨੇ ਬਿਆਨ ਦਿੰਦਿਆਂ ਆਖਿਆ ਸੀ ਕਿ ਆਈਡੀਐਫ ਹਿਜ਼ਬੁੱਲ੍ਹਾ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਦੇ ਲਈ ਤਿਆਰ ਰਹੇਗੀ। ਰੱਖਿਆ ਮੰਤਰੀ ਦੇ ਇਸ ਬਿਆਨ ਦੇ ਕੁੱਝ ਘੰਟਿਆਂ ਮਗਰੋਂ ਹੀ ਹਿਜ਼ਬੁੱਲ੍ਹਾ ਨੇ ਉਤਰੀ ਇਜ਼ਰਾਈਲ ਅਤੇ ਕਬਜ਼ੇ ਵਾਲੇ ਸੀਰੀਆਈ ਗੋਲਨ ਪਹਾੜੀਆਂ ’ਤੇ ਰਾਕੇਟਾਂ ਦਾ ਮੀਂਹ ਵਰ੍ਹਾ ਦਿੱਤਾ। ਹਮਲਾ ਹੁੰਦੇ ਹੀ ਗਾਜ਼ਾ ਦੀ ਸਰਹੱਦ ਦੇ ਨੇੜੇ ਨਹਿਲ ਓਜ਼ ਇਲਾਕੇ ਵਿਚ ਸਾਇਰਨ ਵੱਜਣ ਲੱਗਿਆ ਕਿਉਂਕਿ ਗੋਲਨ ਹਾਈਟਸ ਵਿਚ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਅੰਦਰ ਮੌਜੂਦ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਗਿਆ।
ਦੱਸ ਦਈਏ ਕਿ ਇਜ਼ਰਾਈਲ ਵਿਚ ਇਕ ਹੋਰ ਮੋਰਚੇ ’ਤੇ ਜੰਗ ਦੇ ਆਸਾਰ ਬਣਦੇ ਦਿਖਾਈ ਦੇ ਰਹੇ ਨੇ, ਜਿਸ ਦੇ ਚਲਦਿਆਂ ਉਤਰੀ ਇਜ਼ਰਾਈਲ ਵਿਚ ਹਿਜਬੁੱਲ੍ਹਾ ਦੇ ਹਮਲੇ ਵਧਣ ਤੋਂ ਬਾਅਦ ਕਈ ਹਿੱਸਿਆਂ ਨੂੰ ਖਾਲੀ ਕਰਵਾ ਦਿੱਤਾ ਗਿਆ ਏ ਅਤੇ ਉਥੋਂ ਦੇ ਲੋਕਾਂ ਨੂੰ ਦੱਖਣ ਇਜ਼ਰਾਈਲ ਦੇ ਹੋਟਲਾਂ ਵਿਚ ਭੇਜ ਦਿੱਤਾ ਗਿਆ ਏ। ਇੱਥੇ ਹੀ ਬਸ ਨਹੀਂ, ਹਿਜਬੁੱਲ੍ਹਾ ਦੇ ਇਸ ਹਮਲੇ ਮਗਰੋਂ ਇਜ਼ਰਾਈਲੀ ਲੋਕਾਂ ਨੇ ਆਪਣੇ ਘਰੇਲੂ ਬੰਕਰਾਂ ਵਿਚ ਖਾਣਾ ਪਾਣੀ ਅਤੇ ਹੋਰ ਚੀਜ਼ਾਂ ਜਮ੍ਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ।