ਨਿਊ ਯਾਰਕ ਵਿਖੇ ਬੈਲਟ ਪੇਪਰ ਬੰਗਾਲੀ ਭਾਸ਼ਾ ਵਿਚ ਵੀ
ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿਚ 200 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ 47ਵੇਂ ਰਾਸ਼ਟਰਪਤੀ ਦੀ ਚੋਣ ਲਈ ਅੰਗਰੇਜ਼ੀ ਤੋਂ ਇਲਾਵਾ ਸਿਰਫ ਚਾਰ ਹੋਰ ਭਾਸ਼ਾਵਾਂ ਵਿਚ ਬੈਲਟ ਪੇਪਰ ਛਾਪੇ ਗਏ ਹਨ ਅਤੇ ਇਨ੍ਹਾਂ ਵਿਚ ਬੰਗਾਲੀ ਭਾਸ਼ਾ ਵੀ ਸ਼ਾਮਲ ਹੈ।;
ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿਚ 200 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ 47ਵੇਂ ਰਾਸ਼ਟਰਪਤੀ ਦੀ ਚੋਣ ਲਈ ਅੰਗਰੇਜ਼ੀ ਤੋਂ ਇਲਾਵਾ ਸਿਰਫ ਚਾਰ ਹੋਰ ਭਾਸ਼ਾਵਾਂ ਵਿਚ ਬੈਲਟ ਪੇਪਰ ਛਾਪੇ ਗਏ ਹਨ ਅਤੇ ਇਨ੍ਹਾਂ ਵਿਚ ਬੰਗਾਲੀ ਭਾਸ਼ਾ ਵੀ ਸ਼ਾਮਲ ਹੈ। ਨਿਊ ਯਾਰਕ ਸਿਟੀ ਦੇ ਬੋਰਡ ਆਫ਼ ਇਲੈਕਸ਼ਨਜ਼ ਦੇ ਕਾਰਜਕਾਰੀ ਡਾਇਰੈਕਟਰ ਮਾਈਕਲ ਜੇ. ਰਾਯਨ ਨੇ ਦੱਸਿਆ ਕਿ ਅੰਗਰੇਜ਼ੀ, ਸਪੈਨਿਸ਼, ਕੋਰੀਅਨ ਅਤੇ ਚਾਇਨੀਜ਼ ਤੋਂ ਇਲਾਵਾ ਬੰਗਾਲੀ ਭਾਸ਼ਾ ਵਿਚ ਬੈਲਟ ਪੇਪਰ ਛਾਪੇ ਗਏ ਹਨ। ਟਾਈਮਜ਼ ਸਕੁਏਅਰ ਵਿਖੇ ਸੇਲਜ਼ ਏਜੰਟ ਦਾ ਕੰਮ ਕਰਦੇ ਸ਼ੁਭਸ਼ੇਸ਼ ਨੇ ਦੱਸਿਆ ਕਿ ਉਸ ਦੇ ਪਿਤਾ ਕੁਈਨਜ਼ ਵਿਖੇ ਰਹਿੰਦੇ ਹਨ ਅਤੇ ਵੋਟ ਪਾਉਣ ਦੌਰਾਨ ਆਪਣੇ ਮਾਂ ਬੋਲੀ ਵਿਚ ਵੋਟਰ ਪਰਚੀ ਪੜ੍ਹ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਵੇਗੀ।
ਵੋਟਰ ਪਰਚੀਆਂ ’ਤੇ ਛਪਣ ਵਾਲੀ ਇਕੋ ਇਕ ਭਾਰਤੀ ਜ਼ੁਬਾਨ ਹੋਣ ਦਾ ਮਾਣ
ਸ਼ੁਭਸ਼ੇਸ਼ ਦਾ ਕਹਿਣਾ ਸੀ ਕਿ ਉਸ ਦੇ ਹਮ-ਉਮਰ ਲੋਕ ਅੰਗਰੇਜ਼ੀ ਜਾਣਦੇ ਹਨ ਅਤੇ ਪ੍ਰਸ਼ਾਸਨਿਕ ਕੰਮਕਾਜ ਵਿਚ ਕੋਈ ਦਿੱਕਤ ਨਹੀਂ ਆਉਂਦੀ ਪਰ ਉਸ ਦੇ ਪਿਤਾ ਵਰਗੇ ਹਜ਼ਾਰਾਂ ਲੋਕਾਂ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ। ਬੰਗਾਲੀ ਭਾਸ਼ਾ ਵਿਚ ਵੋਟਰ ਪਰਚੀਆਂ ਛਾਪਣਾ ਨਿਊ ਯਾਰਕ ਸ਼ਹਿਰ ਵਾਸਤੇ ਕਾਨੂੰਨੀ ਜ਼ਿੰਮੇਵਾਰ ਬਣ ਚੁੱਕਾ ਸੀ। ਮਾਈਕਲ ਜੇ. ਰਾਯਨ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਕ ਮੁਕੱਦਮਾ ਦਾਇਰ ਕੀਤਾ ਗਿਆ ਜਿਸ ਵਿਚ ਭਾਰਤੀ ਮੂਲ ਦੇ ਲੋਕਾਂ ਵੱਲੋਂ ਪੜ੍ਹੀਆਂ ਅਤੇ ਸਮਝੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਵੀ ਵੋਟਰ ਪਰਚੀਆਂ ਛਾਪਣ ਦੀ ਮੰਗ ਕੀਤੀ ਗਈ। ਆਖਰਵਾਰ ਬੰਗਾਲੀ ਭਾਸ਼ਾ ’ਤੇ ਸਹਿਮਤੀ ਬਣ ਗਈ। ਇਥੇ ਦਸਣਾ ਬਣਦਾ ਹੈ ਕਿ ਬੰਗਾਲੀ ਬੋਲਣ ਵਾਲੇ ਸਿਰਫ ਭਾਰਤੀ ਨਹੀਂ ਸਗੋਂ ਬੰਗਲਾਦੇਸ਼ ਨਾਲ ਸਬੰਧਤ ਲੋਕ ਵੀ ਵੱਡੀ ਗਿਣਤੀ ਵਿਚ ਕੁਈਨਜ਼ ਜਾਂ ਹੋਰ ਇਲਾਕਿਆਂ ਵਿਚ ਵਸਦੇ ਹਨ। ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਵੀਨਾਸ਼ ਗੁਪਤਾ ਨੇ ਕਿਹਾ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਉਪਰਾਲੇ ਦਾ ਫਾਇਦਾ ਹੋਵੇਗਾ ਅਤੇ ਉਹ ਖੁੱਲ੍ਹ ਕੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ।