ਯੂ.ਕੇ. ਵਿਚ ਪ੍ਰਵਾਸੀਆਂ ਦੀ ਰਿਹਾਇਸ਼ ਵਾਲੇ ਹੋਟਲਾਂ ’ਤੇ ਹਮਲੇ
ਯੂ.ਕੇ. ਵਿਚ ਤਿੰਨ ਬੱਚੀਆਂ ਦੇ ਕਤਲ ਮਗਰੋਂ ਸ਼ੁਰੂ ਹੋਏ ਦੰਗਿਆਂ ਦਾ ਸੇਕ ਪ੍ਰਵਾਸੀਆਂ ਤੱਕ ਪੁੱਜ ਚੁੱਕਾ ਹੈ ਅਤੇ ਦੰਗਾਈਆਂ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਰਿਹਾਇਸ਼ ਵਾਲੇ ਕਈ ਹੋਟਲਾਂ ਵਿਚ ਸਾੜ-ਫੂਕ ਕੀਤੇ ਜਾਣ ਦੀ ਰਿਪੋਰਟ ਹੈ।
ਲੰਡਨ : ਯੂ.ਕੇ. ਵਿਚ ਤਿੰਨ ਬੱਚੀਆਂ ਦੇ ਕਤਲ ਮਗਰੋਂ ਸ਼ੁਰੂ ਹੋਏ ਦੰਗਿਆਂ ਦਾ ਸੇਕ ਪ੍ਰਵਾਸੀਆਂ ਤੱਕ ਪੁੱਜ ਚੁੱਕਾ ਹੈ ਅਤੇ ਦੰਗਾਈਆਂ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਰਿਹਾਇਸ਼ ਵਾਲੇ ਕਈ ਹੋਟਲਾਂ ਵਿਚ ਸਾੜ-ਫੂਕ ਕੀਤੇ ਜਾਣ ਦੀ ਰਿਪੋਰਟ ਹੈ। ਦੰਗਾਈਆਂ ਵੱਲੋਂ ਗੱਡੀਆਂ ਨੂੰ ਘੇਰ ਕੇ ਇਨ੍ਹਾਂ ਵਿਚ ਸਵਾਰ ਲੋਕਾਂ ਦੀ ਨਸਲ ਬਾਰੇ ਪੁੱਛ ਕੀਤੀ ਜਾ ਰਹੀ ਹੈ ਅਤੇ ਤਸੱਲੀਬਖਸ਼ ਜਵਾਬ ਨਾ ਆਉਣ ’ਤੇ ਹਮਲਾ ਕਰ ਦਿਤਾ ਜਾਂਦਾ ਹੈ। ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਯੂ.ਕੇ. ਸਰਕਾਰ ਵੱਲੋਂ ਦੰਗਾਈਆਂ ਵਿਰੁੱਧ ਕਾਰਵਾਈ ਲਈ ਪੁਲਿਸ ਨੂੰ ਪੂਰੀ ਖੁੱਲ੍ਹ ਦੇ ਦਿਤੀ ਗਈ ਹੈ। ਪ੍ਰਧਾਨ ਮੰਤਰੀ ਕਿਅਰ ਸਟਾਰਮਰ ਨੇ ਇਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਦੰਗਾਈਆਂ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਉਨ੍ਹਾਂ ਨੂੰ ਆਪਣੇ ਕੀਤੇ ’ਤੇ ਪਛਤਾਉਣਾ ਪਵੇਗਾ। ਦੂਜੇ ਪਾਸੇ ਇਸਲਾਮ ਵਿਰੋਧੀ ਪ੍ਰਚਾਰਕ ਟੌਮੀ ਰੌਬਿਨਸਨ ਨੇ ਟਕਰਾਅ ਦੀ ਇਕ ਵੀਡੀਓ ਜਾਰੀ ਕਰਦਿਆਂ ਦਾਅਵਾ ਕਰ ਦਿਤਾ ਕਿ ਦੋ ਮੁਜ਼ਾਹਰਾਕਾਰੀਆਂ ਨੂੰ ਮੁਸਲਮਾਨਾਂ ਨੇ ਛੁਰੇ ਮਾਰ ਦਿਤੇ। ਵੀਡੀਓ ਜਾਰੀ ਹੋਣ ਤੋਂ ਦੋ ਘੰਟੇ ਬਾਅਦ ਸਟ੍ਰੈਟਫੋਰਡਸ਼ਾਇਰ ਦੀ ਪੁਲਿਸ ਨੇ ਵੀਡੀਓ ਨੂੰ ਫਰਜ਼ੀ ਕਰਾਰ ਦਿਤਾ ਅਤੇ ਆਨਲਾਈਨ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦਾ ਐਲਾਨ ਵੀ ਕੀਤਾ ਗਿਆ।
3 ਬੱਚੀਆਂ ਦੇ ਕਤਲ ਮਗਰੋਂ ਸਾੜ-ਫੂਕ ਦਾ ਸਿਲਸਿਲਾ ਵਧਿਆ
ਇਸੇ ਦੌਰਾਨ ਅਦਾਕਾਰ ਲੌਰੈਂਸ ਫੌਕਸ ਨੇ ਇਕ ਝੂਠਾ ਦਾਅਵਾ ਕਰਦਿਆਂ ਕਿਹਾ ਕਿ ਦਰਜਨਾਂ ਪ੍ਰਵਾਸੀਆਂ ਨੇ ਅਗਜ਼ਨੀ ਦੀ ਵਾਰਦਾਤ ਨੂੰ ਅੰਜਾਮ ਦਿਤਾ। ਯੂ.ਕੇ. ਦੇ ਵੱਖ ਵੱਖ ਸ਼ਹਿਰਾਂ ਵਿਚ ਹੁਣ ਤੱਕ 430 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗਰੇਟਰ ਮੈਨਚੈਸਟਰ ਦੇ ਬੋਲਟਨ ਇਲਾਕੇ ਵਿਚ ਮੁਜ਼ਾਹਰਕਾਰੀਆਂ ਅਤੇ ਪੁਲਿਸ ਦਰਮਿਆਨ ਖੂਨੀ ਟਕਰਾਅ ਹੋਇਆ ਅਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਕਈ ਥਾਵਾਂ ’ਤੇ ਮੁਜ਼ਾਹਰਕਾਰੀਆਂ ਨਾਲ ਨਜਿੱਠਣ ਲਈ ਪੁਲਿਸ ਨੂੰ ਕੁੱਤਿਆਂ ਦੀ ਵਰਤੋਂ ਕਰਨੀ ਪੈ ਰਹੀ ਹੈ। ਕਲੀਵਲੈਂਡ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ 55 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਜਦਕਿ ਹਾਰਟਲੀਪੂਲ ਵਿਖੇ 20 ਦੰਗਾਈ ਗ੍ਰਿਫ਼ਤਾਰ ਕੀਤੇ ਗਏ। ਸਹਾਇਕ ਚੀਫ ਕਾਂਸਟੇਬਲ ਡੇਵਿਡ ਫੈਲਟਨ ਦਾ ਕਹਿਣਾ ਸੀ ਕਿ ਹਿੰਸਾ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਬੋਲਟਨ ਵਿਖੇ ਹੀ ਏਸ਼ੀਆਈ ਮੂਲ ਦੇ ਲੋਕਾਂ ਵੱਲੋਂ ਵੱਖਰੇ ਤੌਰ ’ਤੇ ਰੋਸ ਵਿਖਾਵਾ ਕੀਤਾ ਗਿਆ। ਹਰ ਪਾਸੇ ਅਫਰਾ-ਤਫਰੀ ਵਾਲਾ ਮਾਹੌਲ ਹੋਣ ਕਾਰਨ ਲੁਟੇਰਿਆਂ ਦੀ ਲਾਟਰੀ ਲੱਗ ਚੁੱਕੀ ਹੈ ਅਤੇ ਗਰੀਬ ਤਬਕੇ ਦੇ ਲੋਕ ਵੀ ਸਟੋਰਾਂ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਪ੍ਰਧਾਨ ਮੰਤਰੀ ਕਿਅਰ ਸਟਾਰਮਰ ਨੇ ਕਿਹਾ ਕਿ ਰੋਸ ਵਿਖਾਵਿਆਂ ਦੇ ਨਾਂ ’ਤੇ ਸਮੂਹਕ ਹਿੰਸਾ ਕੀਤੀ ਜਾ ਰਹੀ ਹੈ ਅਤੇ ਗੁੰਡਿਆਂ ਨੂੰ ਜੇਲ ਭੇਜਣ ਲਈ ਜੋ ਵੀ ਕਰਨਾ ਪਿਆ, ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਚਮੜੀ ਦੇ ਰੰਗ ਨੂੰ ਵੇਖ ਦੇ ਹਿੰਸਾ ਕਰਨ ਵਾਲੇ ਇਨਸਾਨ ਨਹੀਂ ਸਗੋਂ ਕੱਟੜਪੰਥੀ ਤਾਕਤਾਂ ਦੇ ਚੇਲੇ ਹਨ। ਇਸ ਮੁਲਕ ਵਿਚ ਹਰ ਇਕ ਨੂੰ ਸੁਰੱਖਿਅਤ ਰਹਿਣ ਦਾ ਹੱਕ ਹੈ ਪਰ ਇਸ ਦੇ ਬਾਵਜੂਦ ਮਸਜਿਦਾਂ ’ਤੇ ਹਮਲੇ ਕੀਤੇ ਗਏ।