ਦੁਨੀਆਂ ਦੀਆਂ ਇਨ੍ਹਾਂ ਥਾਵਾਂ ’ਤੇ ਨਹੀਂ ਹੋਵੇਗਾ ਪਰਮਾਣੂ ਬੰਬ ਦਾ ਅਸਰ!
ਜੇਕਰ ਕਦੇ ਦੁਨੀਆ ਵਿਚ ਪਰਮਾਣੂ ਯੁੱਧ ਦੀ ਨੌਬਤ ਆ ਜਾਂਦੀ ਐ ਤਾਂ ਅਜਿਹੇ ਵਿਚ ਲੋਕ ਆਪਣੀ ਜਾਨ ਕਿਵੇਂ ਬਚਾਉਣਗੇ? ਸੋ ਆਓ ਤੁਹਾਨੂੰ ਦੱਸਦੇ ਆਂ ਕਿ ਜੇਕਰ ਪਰਮਾਣੂ ਹਥਿਆਰਾਂ ਦੇ ਦਮ ’ਤੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਜਾਨ ਬਚਾਉਣ ਲਈ ਧਰਤੀ ’ਤੇ ਸਭ ਤੋਂ ਸੁਰੱਖਿਅਤ ਥਾਵਾਂ ਕਿਹੜੀਆਂ ਕਿਹੜੀਆਂ ਹੋਣਗੀਆਂ?;
ਨਵੀਂ ਦਿੱਲੀ : ਜਦੋਂ ਤੋਂ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਏ, ਉਦੋਂ ਤੋਂ ਹੀ ਦੁਨੀਆ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਫੈਲਿਆ ਹੋਇਆ ਏ। ਕੁੱਝ ਜਾਣਕਾਰਾਂ ਦਾ ਕਹਿਣਾ ਏ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪਰਮਾਣੂ ਹਮਲਾ ਵੀ ਕਰ ਸਕਦੇ ਨੇ। ਜੇਕਰ ਅਜਿਹਾ ਹੋਇਆ ਤਾਂ ਪੂਰੀ ਦੁਨੀਆ ਵਿਚ ਤਬਾਹੀ ਮੱਚ ਜਾਵੇਗੀ ਕਿਉਂਕਿ ਯੂਕ੍ਰੇਨ ਦਾ ਸਾਥ ਅਮਰੀਕਾ ਦੇ ਰਿਹਾ ਏ ਜੋ ਇਸ ਮਗਰੋਂ ਚੁੱਪ ਨਹੀਂ ਬੈਠੇਗਾ। ਹਾਲਾਂਕਿ ਘਬਰਾਉਣ ਦੀ ਜ਼ਰੂਰਤ ਨਹੀਂ, ਇਹ ਸਿਰਫ਼ ਜਾਣਕਾਰਾਂ ਵੱਲੋਂ ਲਗਾਏ ਜਾ ਰਹੇ ਅੰਦਾਜ਼ੇ ਨੇ ਪਰ ਫਿਰ ਵੀ ਜੇਕਰ ਕਦੇ ਦੁਨੀਆ ਵਿਚ ਪਰਮਾਣੂ ਯੁੱਧ ਦੀ ਨੌਬਤ ਆ ਜਾਂਦੀ ਐ ਤਾਂ ਅਜਿਹੇ ਵਿਚ ਲੋਕ ਆਪਣੀ ਜਾਨ ਕਿਵੇਂ ਬਚਾਉਣਗੇ? ਅੱਜ ਹਰ ਕੋਈ ਇਸ ਸਵਾਲ ਦਾ ਜਵਾਬ ਲੱਭਣ ਵਿਚ ਲੱਗਿਆ ਹੋਇਆ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਜੇਕਰ ਪਰਮਾਣੂ ਹਥਿਆਰਾਂ ਦੇ ਦਮ ’ਤੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਜਾਨ ਬਚਾਉਣ ਲਈ ਧਰਤੀ ’ਤੇ ਸਭ ਤੋਂ ਸੁਰੱਖਿਅਤ ਥਾਵਾਂ ਕਿਹੜੀਆਂ ਕਿਹੜੀਆਂ ਹੋਣਗੀਆਂ?
ਜਿਸ ਤਰੀਕੇ ਨਾਲ ਰੂਸ ਅਤੇ ਯੂਕ੍ਰੇਨ ਵਿਚਕਾਰ ਯੁੱਧ ਹੋਇਆ, ਉਸ ਤੋਂ ਸਾਰੀ ਦੁਨੀਆ ਦੇ ਲੋਕ ਚਿੰਤਾ ਵਿਚ ਪਏ ਹੋਏ ਨੇ ਕਿ ਜੇਕਰ ਗਰਮਾ ਗਰਮੀ ਵਿਚ ਰੂਸ ਪਰਮਾਣੂ ਹਮਲਾ ਕਰ ਦਿੰਦਾ ਤਾਂ ਕੀ ਹੁੰਦਾ? ਸਾਰੀ ਦੁਨੀਆ ਵਿਚ ਤੀਜਾ ਵਿਸ਼ਵ ਯੁੱਧ ਛਿੜ ਜਾਣਾ ਸੀ ਕਿਉਂਕਿ ਜਿੱਥੇ ਬਹੁਤ ਸਾਰੇ ਦੇਸ਼ ਰੂਸ ਦੀ ਹਮਾਇਤ ਕਰ ਰਹੇ ਨੇ, ਉਥੇ ਹੀ ਬਹੁਤ ਸਾਰੇ ਯੂਕ੍ਰੇਨ ਦੀ ਹਮਾਇਤ ਵਿਚ ਵੀ ਖੜ੍ਹੇ ਹੋਏ ਨੇ। ਜੇਕਰ ਪਰਮਾਣੂ ਯੁੱਧ ਹੋਇਆ ਤਾਂ ਦੁਨੀਆ ਦੇ ਸਾਰੇ ਦੇਸ਼ ਇਸ ਤੋਂ ਬਚ ਨਹੀਂ ਸਕਣਗੇ ਪਰ ਜਿਹੜੀਆਂ ਥਾਵਾਂ ’ਤੇ ਪਰਮਾਣੂ ਯੁੱਧ ਦਾ ਘੱਟ ਅਸਰ ਪਵੇਗਾ, ਉਨ੍ਹਾਂ ਵਿਚੋਂ ਸਭ ਤੋਂ ਪਰਮੁੱਖ ਐ ਅੰਟਾਰਕਟਿਕਾ।
ਜੀ ਹਾਂ, ਸਾਲ 1961 ਵਿਚ ਇਕ ਸੰਧੀ ਤਹਿਤ ਦੁਨੀਆ ਦੇ 12 ਦੇਸ਼ਾਂ ਨੇ ਅੰਟਾਰਕਟਿਕਾ ਨੂੰ ਵਿਗਿਆਨਕ ਰਿਸਰਚ ਦੇ ਲਈ ਅਹਿਮ ਸਥਾਨ ਮੰਨਿਆ ਸੀ। ਇਸ ਸੰਧੀ ’ਤੇ ਅਰਜਨਟੀਨਾ, ਆਸਟ੍ਰੇਲੀਆ, ਬੈਲਜ਼ੀਅਮ, ਚਿੱਲੀ, ਫਰਾਂਸ, ਜਪਾਨ, ਨਿਊਜ਼ੀਲੈਂਡ, ਨਾਰਵੇ, ਸਾਊਥ ਅਫ਼ਰੀਕਾ, ਸੋਵੀਅਤ ਸੰਘ, ਯੂਨਾਇਟਡ ਕਿੰਗਡਮ, ਯੂਨਾਇਟਡ ਸਟੇਟਸ ਆਫ਼ ਅਮਰੀਕਾ ਸ਼ਾਮਲ ਸਨ ਜਦਕਿ ਬਾਅਦ ਵਿਚ ਚੀਨ, ਬ੍ਰਾਜ਼ੀਲ, ਜਰਮਨੀ, ਉਤਰ ਕੋਰੀਆ ਅਤੇ ਪੋਲੈਂਡ ਨੇ ਵੀ ਇਸ ਪ੍ਰਸਤਾਵ ਨੂੰ ਮੰਨ ਲਿਆ ਸੀ। ਇਸੇ ਸੰਧੀ ਕਰਕੇ ਇਸ ਜਗ੍ਹਾ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਫ਼ੌਜੀ ਗਤੀਵਿਧੀ ਨਹੀਂ ਹੋ ਸਕਦੀ। ਯਾਨੀ ਯੁੱਧ ਦੇ ਸਮੇਂ ਵੀ ਕੋਈ ਦੇਸ਼ ਇੱਥੇ ਹਮਲਾ ਨਹੀਂ ਕਰ ਸਕਦਾ। ਇਸ ਲਈ ਪਰਮਾਣੂ ਹਮਲੇ ਤੋਂ ਬਚਣ ਲਈ ਇਹ ਜਗ੍ਹਾ ਸਭ ਤੋਂ ਸੁਰੱਖਿਅਤ ਹੋ ਸਕਦੀ ਐ।
ਪਰਮਾਣੂ ਯੁੱਧ ਦੌਰਾਨ ਜੇਕਰ ਤੁਸੀਂ ਪਹਾੜਾਂ ਜਾਂ ਬਰਫ਼ ਦੇ ਵਿਚਕਾਰ ਜਾ ਕੇ ਨਹੀਂ ਛੁਪਣਾ ਚਾਹੁੰਦੇ ਤਾਂ ਆਈਸਲੈਂਡ ਵੀ ਪਰਮਾਣੂ ਹਮਲੇ ਤੋਂ ਬਚਣ ਲਈ ਸਭ ਤੋਂ ਬੈਸਟ ਜਗ੍ਹਾ ਹੋਵੇਗੀ ਕਿਉਂਕਿ ਇੱਥੇ ਜਨਸੰਖਿਆ ਘੱਟ ਐ ਅਤੇ ਨਿਊਟਲ ਸਰਕਾਰ ਐ। ਇਸ ਦੇਸ਼ ਨੇ ਖ਼ੁਦ ਨੂੰ ਕੌਮਾਂਤਰੀ ਸਿਆਸੀ ਮੁੱਦਿਆਂ ਤੋਂ ਦੂਰ ਰੱਖਿਆ ਹੋਇਆ ਏ। ਅਜਿਹੇ ਵਿਚ ਇਸ ਦੇਸ਼ ’ਤੇ ਪਰਮਾਣੂ ਹਮਲੇ ਦੀ ਸੰਭਾਵਨਾ ਬਹੁਤ ਘੱਟ ਐ। ਇਹ ਜਗ੍ਹਾ ਵੀ ਪਰਮਾਣੂ ਯੁੱਧ ਦੌਰਾਨ ਬਚਣ ਲਈ ਸੁਰੱਖਿਅਤ ਹੋ ਸਕਦੀ ਐ।
ਇਸ ਤੋਂ ਇਲਾਵਾ ਅਮਰੀਕਾ ਦੇ ਕੋਲੋਰਾਡੋ ਵਿਚ ਚੀਏਨੇ ਪਹਾੜ ’ਤੇ ਇਕ ਵਿਸ਼ਾਲ ਬੰਕਰ ਮੌਜੂਦ ਐ, ਜਿਸ ਵਿਚ 25 ਟਨ ਦਾ ਬਲਾਸਟ ਡੋਰ ਲੱਗਿਆ ਹੋਇਆ ਏ। ਇਸ ਬੰਕਰ ਦੇ ਅੰਦਰ ਨਾਰਥ ਅਮਰੀਕਨ ਐਰੋਸਪੇਸ ਡਿਫੈਂਸ ਕਮਾਂਡ ਅਤੇ ਯੂਨਾਇਟਡ ਸਟੇਟਸ ਨਾਰਦਨ ਕਮਾਂਡ ਦਾ ਹੈੱਡ ਕੁਆਟਰ ਸਥਿਤ ਐ ਜੋ ਇਸ ਜਗ੍ਹਾ ਨੂੰ ਬੇਹੱਦ ਸੁਰੱਖਿਅਤ ਬਣਾਉਂਦਾ ਏ ਅਤੇ ਇੱਥੇ ਰਹਿ ਕੇ ਦੁਨੀਆ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਸਕਦੀ ਐ। ਸਾਲ 1966 ਵਿਚ ਇਸ ਦਾ ਨਿਰਮਾਣ ਰੂਸੀ ਨਿਊਕਲੀਅਰ ਹਮਲੇ, ਬੈਲਾਸਟਿਕ ਮਿਜ਼ਾਇਲ ਅਤੇ ਲੌਂਗ ਰੇਂਜ ਸੋਵੀਅਤ ਬੰਬਰਜ਼ ਤੋਂ ਬਚਣ ਲਈ ਕੀਤਾ ਗਿਆ ਸੀ। ਇਸ ਜਗ੍ਹਾ ’ਤੇ ਵੀ ਪਰਮਾਣੂ ਹਮਲੇ ਦਾ ਕੋਈ ਅਸਰ ਨਹੀਂ ਹੋਵੇਗਾ।
ਇਸ ਤੋਂ ਇਲਾਵਾ ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਗੁਆਮ ਆਈਲੈਂਡ ਯੂਨਾਇਟਡ ਸਟੇਟਸ ਆਫ਼ ਅਮੈਰਿਕਾ ਦਾ ਇਕ ਸਵੈ ਸਾਸ਼ਿਤ ਖੇਤਰ ਐ, ਇੱਥੋਂ ਦੀ ਕੁੱਲ ਆਬਾਦੀ 1.6 ਲੱਖ ਐ ਅਤੇ ਇੱਥੇ ਮਹਿਜ਼ 1300 ਲੋਕਾਂ ਦੀ ਇਕ ਛੋਟੀ ਜਿਹੀ ਆਰਮੀ ਵੀ ਐ, ਜਿਸ ਵਿਚ 280 ਲੋਕ ਹੀ ਫੁੱਲ ਟਾਇਮ ਕੰਮ ਕਰਦੇ ਨੇ। ਅਜਿਹੇ ਵਿਚ ਇਸ ਛੋਟੇ ਜਿਹੇ ਆਈਲੈਂਡ ’ਤੇ ਹਮਲਾ ਕਰਨ ਦਾ ਕੋਈ ਤੁਕ ਨਹੀਂ ਬਣਦਾ ਅਤੇ ਇੱਥੇ ਵੀ ਪਰਮਾਣੂ ਹਮਲੇ ਦੌਰਾਨ ਛੁਪਿਆ ਜਾ ਸਕਦਾ ਏ।
ਪਰਮਾਣੂ ਹਮਲੇ ਤੋਂ ਮੁਕਤ ਸਥਾਨਾਂ ਵਿਚ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦਾ ਨਾਂਅ ਵੀ ਸ਼ਾਮਲ ਐ। ਅਜਿਹਾ ਇਸ ਲਈ ਐ ਕਿਉਂਕਿ ਇਸ ਇਲਾਕੇ ਨੂੰ ਰਾਜਨੀਤਕ ਮੁੱਦਿਆਂ ਤੋਂ ਬਿਲਕੁਲ ਦੂਰ ਕਰ ਦਿੱਤਾ ਗਿਆ ਏ। ਇੱਥੇ 20 ਲੱਖ ਤੋਂ ਜ਼ਿਆਦਾ ਦੀ ਆਬਾਦੀ ਐ ਅਤੇ ਕਈ ਲੋਕ ਇੱਥੇ ਰਹਿ ਸਕਦੇ ਨੇ। ਅੰਗਰੇਜ਼ ਸਕਾਟਿਸ਼, ਵੇਲਸ ਮੂਲ ਦੇ ਲੋਕ ਇੱਥੇ ਵੱਡੀ ਗਿਣਤੀ ਵਿਚ ਰਹਿੰਦੇ ਨੇ ਪਰ ਇਹ ਸਾਰੇ ਮੁਲਕ ਭਾਰਤ ਤੋਂ ਕਾਫੀ ਜ਼ਿਆਦਾ ਦੂਰ ਨੇ।
ਹੁਣ ਗੱਲ ਕਰਦੇ ਆਂ ਉਸ ਦੇਸ਼ ਦੀ ਜਿਸ ਨੂੰ ਭਾਰਤ ਦਾ ਸਭ ਤੋਂ ਚੰਗਾ ਦੋਸਤ ਕਿਹਾ ਜਾਂਦੈ। ਜੀ ਹਾਂ, ਅਸੀਂ ਗੱਲ ਕਰ ਰਹੇ ਆਂ ਇਜ਼ਰਾਇਲ ਦੀ। ਇਜ਼ਰਾਇਲ ਅਤੇ ਭਾਰਤ ਦੀ ਦੋਸਤੀ ਕਾਫੀ ਪੁਰਾਣੀ ਐ ਅਤੇ ਸਿਆਸੀ ਪੱਧਰ ’ਤੇ ਦੋਵੇਂ ਦੇਸ਼ਾਂ ਦੇ ਰਿਸ਼ਤੇ ਕਾਫ਼ੀ ਮਜ਼ਬੂਤ ਨੇ। ਉਪਰ ਦੱਸੀਆਂ ਗਈਆਂ ਸਾਰੀਆਂ ਥਾਵਾਂ ਵਿਚੋਂ ਭਾਰਤ ਦੇ ਸਭ ਤੋਂ ਨੇੜੇ ਇਜ਼ਰਾਇਲ ਹੀ ਐ। ਅਜਿਹੇ ਵਿਚ ਭਾਰਤੀਆਂ ਲਈ ਇੱਥੇ ਜਾਣਾ ਆਸਾਨ ਅਤੇ ਮੁਮਕਿਨ ਵੀ ਹੋਵੇਗਾ। ਇਜ਼ਰਾਇਲ ਦੇ ਸੁਰੱਖਿਅਤ ਹੋਣ ਦਾ ਕਾਰਨ ਇਹ ਐ ਕਿ ਇੱਥੇ ਦੁਨੀਆ ਭਰ ਦੇ ਕਈ ਧਰਮਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਮੌਜੂਦ ਨੇ, ਇਸ ਲਈ ਕੋਈ ਵੀ ਦੇਸ਼ ਇੱਥੇ ਹਮਲਾ ਕਰਨ ਦੇ ਬਾਰੇ ਵਿਚ ਨਹੀਂ ਸੋਚੇਗਾ।
ਸੋ ਅਸੀਂ ਅਰਦਾਸ ਕਰਦੇ ਆਂ ਕਿ ਦੁਨੀਆ ਵਿਚ ਕਦੇ ਅਜਿਹੀ ਨੌਬਤ ਹੀ ਨਾ ਆਵੇ ਕਿ ਲੋਕਾਂ ਨੂੰ ਇਸ ਤਰ੍ਹਾਂ ਛੁਪਣਾ ਪਵੇ। ਵੱਖ ਵੱਖ ਦੇਸ਼ਾਂ ਵੱਲੋਂ ਤਿਆਰ ਕੀਤੇ ਗਏ ਇਸ ਮੌਤ ਦੇ ਸਮਾਨ ਯਾਨੀ ਪਰਮਾਣੂ ਹਥਿਆਰਾਂ ’ਤੇ ਪਹਿਲਾਂ ਹੀ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਐ ਤਾਂ ਇਸ ਤਰ੍ਹਾਂ ਦੇ ਖ਼ਤਰੇ ਨੂੰ ਸਦਾ ਲਈ ਖ਼ਤਮ ਕੀਤਾ ਜਾ ਸਕੇ।