ਅਮਰੀਕਾ ਵਿਚ ਇਕ ਹੋਰ ਪੰਜਾਬੀ ਨੇ ਦਮ ਤੋੜਿਆ
ਅਮਰੀਕਾ ਵਿਚ ਦਰਦਨਾਕ ਸੜਕ ਹਾਦਸੇ ਦੌਰਾਨ ਇਕਲੌਤੇ ਜਵਾਨ ਪੁੱਤ ਦੀ ਮੌਤ ਦੀ ਖਬਰ ਮਾਛੀਵਾੜਾ ਪੁੱਜੀ ਤਾਂ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।;
ਫਲੋਰੀਡਾ : ਅਮਰੀਕਾ ਵਿਚ ਦਰਦਨਾਕ ਸੜਕ ਹਾਦਸੇ ਦੌਰਾਨ ਇਕਲੌਤੇ ਜਵਾਨ ਪੁੱਤ ਦੀ ਮੌਤ ਦੀ ਖਬਰ ਮਾਛੀਵਾੜਾ ਪੁੱਜੀ ਤਾਂ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮਾਂ ਦਾ ਰੋਅ-ਰੋਅ ਬੁਰਾ ਹਾਲ ਹੈ ਅਤੇ ਪਿਤਾ ਆਪਣੇ ਦਿਲ ਦਾ ਦਰਦ ਬਿਆਨ ਨਹੀਂ ਕਰ ਸਕਦੇ। ਵੰਸ਼ਦੀਪ ਸਿੰਘ ਦੀ ਵੱਡੀ ਭੈਣ ਕੈਨੇਡਾ ਰਹਿੰਦੀ ਹੈ ਜਿਸ ਨੂੰ ਰੱਖੜੀ ਤੋਂ ਇਕ ਦਿਨ ਪਹਿਲਾਂ ਭਰਾ ਦੇ ਸਦੀਵੀ ਵਿਛੋੜੇ ਬਾਰੇ ਪਤਾ ਲੱਗਾ। ਦੂਜੇ ਪਾਸੇ ਫਲੋਰੀਡਾ ਸੂਬੇ ਵਿਚ 21 ਸਾਲ ਦਾ ਸਾਹਿਲਪ੍ਰੀਤ ਸਿੰਘ ਦਮ ਤੋੜ ਗਿਆ ਜੋ ਸਿਰਫ ਪੰਜ ਮਹੀਨੇ ਪਹਿਲਾਂ ਹੀ ਅਮਰੀਕਾ ਪੁੱਜਾ ਸੀ। ਮਾਛੀਵਾੜਾ ਦੇ ਜੇ.ਐਸ. ਨਗਰ ਦੇ ਵਸਨੀਕ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਬੇਟਾ ਵੰਸ਼ਦੀਪ ਸਿੰਘ ਬਿਹਤਰ ਭਵਿੱਖ ਦੀ ਭਾਲ ਵਿਚ ਦੋ ਸਾਲ ਪਹਿਲਾ ਅਮਰੀਕਾ ਗਿਆ ਅਤੇ ਕੈਲੇਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿਚ ਸਟੋਰ ’ਤੇ ਨੌਕਰੀ ਕਰਨ ਲੱਗਾ। ਬੀਤੇ ਦਿਨੀਂ ਉਹ ਕੰਮ ਖਤਮ ਕਰ ਕੇ ਆਪਣੀ ਕਾਰ ਵਿਚ ਜਾ ਰਿਹਾ ਸੀ ਜਦੋਂ ਸਾਹਮਣੇ ਤੋਂ ਆਉਂਦੀ ਇਕ ਗੱਡੀ ਨੇ ਟੱਕਰ ਮਾਰ ਦਿਤੀ। ਵੰਸ਼ਦੀਪ ਸਿੰਘ ਦੇ ਦੇਹ ਪੰਜਾਬ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਇਸ ਵਿਚ 10 ਦਿਨ ਤੋਂ ਵੱਧ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਕੈਨੇਡਾ ਰਹਿੰਦੀ ਵੰਸ਼ਦੀਪ ਸਿੰਘ ਦੀ ਭੈਣ ਆਖਰੀ ਵਾਰ ਆਪਣੇ ਭਰਾ ਦਾ ਚਿਹਰਾ ਦੇਖਣਾ ਚਾਹੁੰਦੀ ਹੈ ਅਤੇ ਪਹਿਲੀ ਫਲਾਈਟ ਲੈ ਕੇ ਪੰਜਾਬ ਪੁੱਜ ਗਈ।
ਸਿਰਫ਼ 5 ਮਹੀਨੇ ਪਹਿਲਾਂ ਫਲੋਰੀਡਾ ਪੁੱਜਾ ਸੀ ਸਾਹਿਲਪ੍ਰੀਤ ਸਿੰਘ
ਪਰਵਾਰ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਵੰਸ਼ਦੀਪ ਸਿੰਘ ਹਮੇਸ਼ਾ ਵਿਦੇਸ਼ ਜਾਣ ਦੀ ਗੱਲ ਕਰਦਾ ਅਤੇ ਆਖਰਕਾਰ ਅਮਰੀਕਾ ਦੇ ਵੀਜ਼ਾ ਵਾਸਤੇ ਅਪਲਾਈ ਕਰ ਦਿਤਾ। ਕੁਝ ਮਹੀਨੇ ਵਿਚ ਵੀਜ਼ਾ ਆ ਗਿਆ ਅਤੇ ਪਰਵਾਰ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਵੰਸ਼ਦੀਪ ਸਿੰਘ ਨੂੰ ਅਮਰੀਕਾ ਰਵਾਨਾ ਕਰ ਦਿਤਾ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਅਤੇ ਦੋ ਸਾਲ ਦਾ ਸਮਾਂ ਪਤਾ ਹੀ ਨਾ ਲੱਗਾ ਕਦੋਂ ਲੰਘ ਗਿਆ। ਵੰਸ਼ਦੀਪ ਸਿੰਘ ਦੇ ਮਾਤਾ-ਪਿਤਾ ਤਕਰੀਬਨ ਰੋਜ਼ਾਨਾ ਉਸ ਨਾਲ ਗੱਲ ਕਰਦੇ। ਇਥੋਂ ਤੱਕ ਸਵੇਰੇ ਸ਼ਾਮ ਵੀ ਗੱਲ ਹੁੰਦੀ ਰਹਿੰਦੀ। ਸਤਨਾਮ ਸਿੰਘ ਹਮੇਸ਼ਾ ਆਪਣੇ ਬੇਟੇ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸਬਕ ਦਿੰਦੇ ਜਿਸ ’ਤੇ ਪੂਰੀ ਤਰ੍ਹਾਂ ਅਮਲ ਕਰਦਿਆਂ ਵੰਸ਼ਦੀਪ ਸਿੰਘ ਆਪਣਾ ਭਵਿੱਖ ਸੁਨਹਿਰੀ ਬਣਾਉਣ ਦੇ ਰਾਹ ਤੁਰ ਪਿਆ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹਾਦਸੇ ਤੋਂ ਤਕਰੀਬਨ ਚਾਰ ਘੰਟੇ ਪਹਿਲਾਂ ਵੰਸ਼ਦੀਪ ਸਿੰਘ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਅਤੇ ਸਭ ਠੀਕ-ਠਾਕ ਹੋਣ ਦਾ ਸੁਨੇਹਾ ਦਿਤਾ। ਅਮਰੀਕਾ ਵਿਚ ਦੋ ਸਾਲ ਲੰਘਾਉਣ ਮਗਰੋਂ ਵੰਸ਼ਦੀਪ ਸਿੰਘ ਪੰਜਾਬ ਦਾ ਗੇੜਾ ਲਾਉਣਾ ਚਾਹੁੰਦਾ ਸੀ ਅਤੇ ਇਸ ਬਾਰੇ ਆਪਣੇ ਪਿਤਾ ਕੋਲ ਜ਼ਿਕਰ ਵੀ ਕੀਤਾ। ਇਥੇ ਦਸਣਾ ਬਣਦਾ ਹੈ ਕਿ ਫਰਿਜ਼ਨੋ ਕਾਊਂਟੀ ਵਿਚ ਹਾਈਵੇਅ 180 ’ਤੇ ਵਾਪਰੇ ਹਾਦਸੇ ਦੌਰਾਨ ਵੰਸ਼ਦੀਪ ਸਿੰਘ ਆਪਣੇ ਦੋ ਸਾਥੀਆਂ ਨਾਲ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਮੋੜ ਮੁੜਦਿਆਂ ਸਾਹਮਣੇ ਤੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿਤੀ। 19 ਸਾਲ ਦੇ ਵੰਸ਼ਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਵੰਸ਼ਦੀਪ ਸਿੰਘ ਦੇ ਸਾਥੀਆਂ ਦੀ ਪਛਾਣ ਜਨਤਕ ਨਹੀਂ ਹੋ ਸਕੀ ਜਦਕਿ ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਨੂੰ ਫਾਇਰ ਫਾਈਟਰਜ਼ ਨੇ ਬਾਹਰ ਕੱਢਿਆ ਅਤੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਦੇ ਬੁਲਾਰੇ ਮਾਈਕ ਸੈਲਸ ਨੇ ਦੱਸਿਆ ਕਿ ਟੌਯੋਟੋ ਦੇ 27 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਸੰਭਾਵਤ ਤੌਰ ਨਸ਼ੇ ਦੀ ਹਾਲਤ ਵਿਚ ਗੱਡੀ ਚਲਾ ਰਿਹਾ ਸੀ।