ਹਰਜੀਤ ਕੌਰ ਵਾਂਗ ਇਕ ਹੋਰ ਭਾਰਤੀ ਬਜ਼ੁਰਗ ਹੋ ਰਿਹਾ ਡਿਪੋਰਟ
ਬੀਬੀ ਹਰਜੀਤ ਕੌਰ ਨੂੰ ਡਿਪੋਰਟ ਕੀਤੇ ਜਾਣ ਮਗਰੋਂ ਇਕ ਹੋਰ ਭਾਰਤੀ ਬਜ਼ੁਰਗ ਨੂੰ ਇੰਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫ਼ਤਾਰ ਕਰ ਲਿਆ ਹੈ ਜੋ ਬੇਕਸੂਰ ਹੋਣ ਦੇ ਬਾਵਜੂਦ 43 ਸਾਲ ਜੇਲ ਕੱਟ ਕੇ ਬਾਹਰ ਆਇਆ ਹੈ
ਨਿਊ ਯਾਰਕ : ਬੀਬੀ ਹਰਜੀਤ ਕੌਰ ਨੂੰ ਡਿਪੋਰਟ ਕੀਤੇ ਜਾਣ ਮਗਰੋਂ ਇਕ ਹੋਰ ਭਾਰਤੀ ਬਜ਼ੁਰਗ ਨੂੰ ਇੰਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫ਼ਤਾਰ ਕਰ ਲਿਆ ਹੈ ਜੋ ਬੇਕਸੂਰ ਹੋਣ ਦੇ ਬਾਵਜੂਦ 43 ਸਾਲ ਜੇਲ ਕੱਟ ਕੇ ਬਾਹਰ ਆਇਆ ਹੈ। 64 ਸਾਲ ਦੇ ਸੁਬਰਾਮਨੀਅਮ ਸੁਬੂ ਵੇਦਮ ਨੂੰ ਕਤਲ ਦੇ ਦੋਸ਼ ਹੇਠ 1982 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਾਰੀ ਜ਼ਿੰਦਗੀ ਜੇਲ ਵਿਚ ਹੀ ਲੰਘਾ ਦਿਤੀ। 2022 ਵਿਚ ਇਕ ਅਹਿਮ ਸਬੂਤ ਸਾਹਮਣੇ ਆਇਆ ਜਿਸ ਰਾਹੀਂ ਸੁਬੂ ਵੇਦਮ ਨੂੰ ਬੇਕਸੂਰ ਮੰਨਦਿਆਂ ਅਗਸਤ 2025 ਵਿਚ ਰਿਹਾਅ ਕਰ ਦਿਤਾ ਗਿਆ ਪਰ ਇੰਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੇ ਸਨ।
ਸੁਬਰਾਮਣੀਅਮ ਨੂੰ ਕਤਲ ਦੇ ਦੋਸ਼ ਹੇਠ 1982 ਵਿਚ ਕੀਤਾ ਗਿਆ ਸੀ ਗ੍ਰਿਫ਼ਤਾਰ
ਸੁਬੂ ਵੇਦਮ ਨੇ ਜੇਲ ਵਿਚ ਰਹਿੰਦਿਆਂ ਐਮ.ਬੀ.ਏ. ਸਣੇ ਤਿੰਨ ਡਿਗਰੀਆਂ ਹਾਸਲ ਕਰਦਿਆਂ ਅਤੇ ਪੈਨਸਿਲਵੇਨੀਆ ਦੇ ਇਤਿਹਾਸ ਵਿਚ ਪਹਿਲਾ ਕੈਦੀ ਬਣ ਗਿਆ ਜਿਸ ਨੇ ਜੇਲ ਵਿਚ ਰਹਿੰਦਿਆਂ ਗ੍ਰੈਜੁਏਸ਼ਨ ਮੁਕੰਮਲ ਕੀਤੀ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਸੁਬੂ ਵੇਦਮ ਨੂੰ ਦੋਸ਼ੀ ਠਹਿਰਾਏ ਦੀ ਦਲੀਲ ਦਿੰਦਿਆਂ ਗ੍ਰਿਫ਼ਤਾਰ ਕਰ ਕੇ ਡਿਟੈਨਸ਼ਨ ਸੈਂਟਰ ਵਿਚ ਭੇਜ ਦਿਤਾ। ਉਧਰ ਸੁਬੂ ਵੇਦਮ ਦੀ ਵਕੀਲ ਨੇ ਕਿਹਾ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੁਬੂ ਦੀ ਉਮਰ 18 ਸਾਲ ਤੋਂ ਘੱਟ ਸੀ ਅਤੇ ਹੁਣ ਉਸ ਦੇ ਮੁਵੱਕਲ ਨੂੰ ਅਜਿਹੇ ਮੁਲਕ ਡਿਪੋਰਟ ਕੀਤਾ ਜਾ ਰਿਹਾ ਹੈ ਜਿਥੇ ਕੋਈ ਉਸ ਨੂੰ ਜਾਣਦਾ ਨਹੀਂ। ਸੁਬੂ ਦੇ ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰਫ਼ 9 ਮਹੀਨੇ ਦੀ ਉਮਰ ਵਿਚ ਭਾਰਤ ਛੱਡ ਦਿਤਾ ਸੀ ਅਤੇ ਹੁਣ ਸਾਰੇ ਪਰਵਾਰਕ ਮੈਂਬਰ ਜਾਂ ਰਿਸ਼ਤੇਦਾਰ ਅਮਰੀਕਾ ਜਾਂ ਕੈਨੇਡਾ ਵਿਚ ਹਨ।
ਬਗੈਰ ਕਿਸੇ ਕਸੂਰ ਤੋਂ ਭੁਗਤੀ 43 ਸਾਲ ਜੇਲ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਇਕ ਪੰਜਾਬੀ ਟਰੱਕ ਡਰਾਈਵਰ ਦੀਆਂ ਤਸਵੀਰਾਂ ਜਾਰੀ ਕਰਦਿਆਂ ਉਸ ਨੂੰ ਡਿਪੋਰਟ ਕਰਨ ਦਾ ਐਲਾਨ ਕੀਤਾ। ਡਰਾਈਵਰ ਦੀ ਸ਼ਨਾਖਤ ਅਨਮੋਲ ਵਜੋਂ ਕੀਤੀ ਗਈ ਜਿਸ ਕੋਲੋਂ ਨਿਊ ਯਾਰਕ ਸੂਬੇ ਦਾ ਡਰਾਈਵਰਜ਼ ਲਾਇਸੰਸ ਬਰਾਮਦ ਕੀਤਾ ਗਿਆ। ਡੀ.ਐਚ.ਐਸ. ਮੁਤਾਬਕ ਅਨਮੋਲ 2023 ਵਿਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਅਤੇ ਬਾਇਡਨ ਸਰਕਾਰ ਨੇ ਉਸ ਨੂੰ ਰਿਹਾਅ ਕਰ ਦਿਤਾ। ਅਮਰੀਕਾ ਦੀ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦੇਣ ਵਾਲੇ ਸੂਬੇ ਅੱਗ ਨਾਲ ਖੇਡ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਿਊ ਯਾਰਕ ਸੂਬੇ ਦੀ ਸਰਕਾਰ ਬਿਨੈਕਾਰਾਂ ਦੇ ਇੰਮੀਗ੍ਰੇਸ਼ਨ ਸਟੇਟਸ ਦੀ ਤਸਦੀਕ ਕਰਨ ਵਿਚ ਅਸਫ਼ਲ ਰਹੀ ਅਤੇ ਲਾਇਸੰਸ ’ਤੇ ਪੂਰਾ ਨਾਂ ਵੀ ਨਹੀਂ ਲਿਖਿਆ ਗਿਆ।