ਵਰਕ ਪਰਮਿਟ ਵਾਲਿਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ
ਡੌਨਲਡ ਟਰੰਪ ਆਨੇ-ਬਹਾਨੇ ਪ੍ਰਵਾਸੀਆਂ ਨੂੰ ਅਮਰੀਕਾ ਦਾਖਲ ਹੋਣ ਤੋਂ ਰੋਕ ਰਹੇ ਹਨ ਅਤੇ ਹੁਣ ਭਾਰਤ ਸਣੇ ਵੱਖ-ਵੱਖ ਮੁਲਕਾਂ ਵਿਚ ਮੌਜੂਦ ਅਮੈਰਿਕਨ ਅੰਬੈਸੀਜ਼ ਅਤੇ ਕੌਂਸਲੇਟਸ ਵੱਲੋਂ ਅਰਜ਼ੀਆਂ ਲਟਕਾਉਣ ਦਾ ਰੁਝਾਨ ਆਰੰਭ ਹੋ ਗਿਆ ਹੈ।;
ਨਿਊ ਯਾਰਕ : ਡੌਨਲਡ ਟਰੰਪ ਆਨੇ-ਬਹਾਨੇ ਪ੍ਰਵਾਸੀਆਂ ਨੂੰ ਅਮਰੀਕਾ ਦਾਖਲ ਹੋਣ ਤੋਂ ਰੋਕ ਰਹੇ ਹਨ ਅਤੇ ਹੁਣ ਭਾਰਤ ਸਣੇ ਵੱਖ-ਵੱਖ ਮੁਲਕਾਂ ਵਿਚ ਮੌਜੂਦ ਅਮੈਰਿਕਨ ਅੰਬੈਸੀਜ਼ ਅਤੇ ਕੌਂਸਲੇਟਸ ਵੱਲੋਂ ਅਰਜ਼ੀਆਂ ਲਟਕਾਉਣ ਦਾ ਰੁਝਾਨ ਆਰੰਭ ਹੋ ਗਿਆ ਹੈ। ਜੀ ਹਾਂ, ਇੰਮੀਗ੍ਰੇਸ਼ਨ ਅਟਾਰਨੀਜ਼ ਵੱਲੋਂ ਵਰਕ ਪਰਮਿਟ ਵਾਲਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਭੁੱਲ ਕੇ ਵੀ ਅਮਰੀਕਾ ਤੋਂ ਬਾਹਰ ਜਾਣ ਦਾ ਯਤਨ ਨਾ ਕਰਨ ਕਿਉਂਕਿ ਵਾਪਸੀ ਵੇਲੇ ਦਰਵਜ਼ੇ ਬੰਦ ਕੀਤੇ ਜਾ ਸਕਦੇ ਹਨ। ਸਿਐਟਲ ਦੇ ਇੰਮੀਗ੍ਰੇਸ਼ਨ ਅਟਾਰਨੀ ਕ੍ਰਿਪਾ ਉਪਾਧਿਆਏ ਨੇ ਕਿਹਾ ਕਿ ਸਟੱਡੀ ਵੀਜ਼ਾ ਅਤੇ ਵਰਕ ਵੀਜ਼ਾ ਵਾਲਿਆਂ ਨਾਲ ਬਦਤਰ ਸਲੂਕ ਕੀਤਾ ਜਾ ਰਿਹਾ ਹੈ।
ਟਰੰਪ ਦਾ ਪ੍ਰਵਾਸੀਆਂ ’ਤੇ ਇਕ ਹੋਰ ਵਾਰ
ਵਿਦੇਸ਼ੀ ਨਾਗਰਿਕਾਂ ਨੂੰ ਵਡਮੁੱਲਾ ਸੁਝਾਅ ਦਿੰਦਿਆਂ ਕਿਹਾ ਕਿ ਜੇ ਤੁਸੀਂ ਸਟੱਡੀ ਵੀਜ਼ਾ ’ਤੇ ਅਮਰੀਕਾ ਵਿਚ ਮੌਜੂਦ ਹੋ ਅਤੇ ਐਚ-1ਬੀ ਵੀਜ਼ਾ ਚਾਹੁੰਦੇ ਹੋ ਤਾਂ ਇੰਟਰਵਿਊ ਦੀ ਤਰੀਕ ਵਾਸਤੇ ਉਡੀਕ ਕਰੋ। ਇਸ ਤੋਂ ਇਲਾਵਾ ਜੇ ਤੁਸੀਂ ਐਚ-1ਬੀ ਵੀਜ਼ਾ ’ਤੇ ਅਮਰੀਕਾ ਵਿਚ ਕੰਮ ਕਰ ਰਹੇ ਹੋ ਅਤੇ ਐਕਸਟੈਨਸ਼ਨ ਚਾਹੁੰਦੇ ਹੋ ਪਰ ਤੁਹਾਡਾ ਪਹਿਲਾ ਵੀਜ਼ਾ 12 ਮਹੀਨੇ ਤੋਂ ਵੱਧ ਪੁਰਾਣਾ ਹੈ ਤਾਂ ਇੰਟਰਵਿਊ ਸਲੌਟ ਦੀ ਉਡੀਕ ਕਰੋ। ਇਸੇ ਦੌਰਾਨ ਐਨ.ਪੀ.ਜ਼ੈਡ ਲਾਅ ਗਰੁੱਪ ਦੀ ਮੈਨੇਜਿੰਗ ਅਟਾਰਨੀ ਸਨੇਹਲ ਬੱਤਰਾ ਦਾ ਕਹਿਣਾ ਸੀ ਕਿ ਵੀਜ਼ਾ ਅਪੁਆਇੰਟਮੈਂਟ ਮਿਲਣ ਵਿਚ ਹੋ ਰਹੀ ਦੇਰ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ। ਅਤੀਤ ਵਿਚ ਵੀਜ਼ਾ ਹਾਸਲ ਕਰ ਚੁੱਕੇ ਲੋਕਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਟਰੰਪ ਸਰਕਾਰ ਦੇ ਇਰਾਦੇ ਕੁਝ ਹੋਰ ਹਨ। ਇੰਮੀਗ੍ਰੇਸ਼ਨ ਡਾਟਕਾਮ ਦੇ ਮੈਨੇਜਿੰਗ ਅਟਾਰਨੀ ਰਾਜੀਵ ਐਸ. ਖੰਨਾ ਦਾ ਕਹਿਣਾ ਸੀ ਕਿ ਅਜੋਕੇ ਮਾਹੌਲ ਵਿਚ ਅਮਰੀਕਾ ਤੋਂ ਬਾਹਰ ਗਏ ਲੋਕ ਕਈ ਮਹੀਨੇ ਤੱਕ ਫਸ ਸਕਦੇ ਹਨ ਜਿਸ ਨੂੰ ਵੇਖਦਿਆਂ ਆਪਣੇ ਜੱਦੀ ਮੁਲਕ ਜਾਣ ਤੋਂ ਪਹਿਲਾਂ ਬਦਲਵੀਂ ਯੋਜਨਾ ਤਿਆਰ ਕਰ ਲਈ ਜਾਵੇ। ਦੂਜੇ ਇੰਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਉਨ੍ਹਾਂ ਗਰੀਨ ਕਾਰਡ ਹੋਲਡਰਜ਼ ਨੂੰ ਜਲਦ ਤੋਂ ਜਲਦ ਸਿਟੀਜ਼ਨਸ਼ਿਪ ਵਾਸਤੇ ਅਰਜ਼ੀ ਦਾਇਰ ਕਰਨ ਦਾ ਸੁਝਾਅ ਦਿਤਾ ਗਿਆ ਹੈ ਜੋ ਕਈ ਦਹਾਕਿਆਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ। ਗਰੀਨ ਕਾਰਡ ਧਾਰਕਾਂ ਨੂੰ ਖਾਸ ਹਦਾਇਤ ਦਿਤੀ ਗਈ ਹੈ ਕਿ ਅਮਰੀਕਾ ਦਾ ਪਾਸਪੋਰਟ ਹੱਥ ਵਿਚ ਆਉਣ ਤੱਕ ਘਰ ਜਾਂ ਕੰਮ ਵਾਲੀ ਥਾਂ ਤੱਕ ਹੀ ਸੀਮਤ ਰਹਿਣ ਦੇ ਯਤਨ ਕੀਤੇ ਜਾਣ।
ਕੌਮਾਂਤਰੀ ਵਿਦਿਆਰਥੀਆਂ ਨੂੰ ਇੰਮੀਗ੍ਰੇਸ਼ਨ ਸਲਾਹਕਾਰਾਂ ਨੇ ਕੀਤਾ ਸੁਚੇਤ
ਇਥੇ ਦਸਣਾ ਬਣਦਾ ਹੈ ਕਿ ਵਿਜ਼ਟਰ ਵੀਜ਼ਾ ਨਿਯਮਾਂ ਵਿਚ ਫਰਵਰੀ ਮਹੀਨੇ ਦੌਰਾਨ ਵੱਡੀ ਤਬਦੀਲੀ ਕੀਤੀ ਗਈ ਅਤੇ ਵੀਜ਼ਾ ਇੰਟਰਵਿਊ ਤੋਂ ਛੋਟ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿਤੀ ਜਾ ਰਹੀ ਹੈ ਜਿਨ੍ਹਾਂ ਦਾ ਵੀਜ਼ਾ 12 ਮਹੀਨੇ ਦੇ ਅੰਦਰ ਐਕਸਪਾਇਰ ਹੋਣ ਵਾਲਾ ਹੈ ਜਦਕਿ ਇਸ ਤੋਂ ਪਹਿਲਾਂ 48 ਮਹੀਨੇ ਤੱਕ ਵੀਜ਼ਾ ਮਿਆਦ ਪੁੱਗਣ ਵਾਲਿਆਂ ਨੂੰ ਵੀ ਇੰਟਰਵਿਊ ਤੋਂ ਛੋਟ ਮਿਲੀ ਹੋਈ ਸੀ। ਨਵੀਂ ਦਿੱਲੀ ਸਥਿਤ ਅਮਰੀਕਾ ਦੀ ਅੰਬੈਸੀ ਅਤੇ ਮੁੰਬਈ ਕੌਂਸਲੇਟ ਵਿਚ ਵੀਜ਼ਾ ਇੰਟਰਵਿਊ ਵਾਸਤੇ ਔਸਤ ਉਡੀਕ ਸਮਾਂ 440 ਦਿਨ ਚੱਲ ਰਿਹਾ ਹੈ ਜਦਕਿ ਚੇਨਈ ਕੌਂਸਲੇਟ ਵਿਚ 436 ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਹੈਦਰਾਬਾਦ ਕੌਂਸਲੇਟ ਵਿਚ ਇੰਟਰਵਿਊ ਲਈ ਉਡੀਕ ਸਮਾਂ 429 ਦਿਨ ਦੱਸਿਆ ਜਾ ਰਿਹਾ ਹੈ ਜਦਕਿ ਕੋਲਕਾਤਾ ਵਿਖੇ 415 ਦਿਨ ਦੀ ਉਡੀਕ ਕਰਨੀ ਪੈ ਰਹੀ ਹੈ। 2023 ਵਿਚ 17 ਲੱਖ 60 ਹਜ਼ਾਰ ਭਾਰਤੀ ਬੀ-1 ਅਤੇ ਬੀ-2 ਵੀਜ਼ਾ ’ਤੇ ਅਮਰੀਕਾ ਪੁੱਜੇ ਜਿਨ੍ਹਾਂ ਵਿਚੋਂ ਡੇਢ ਫ਼ੀ ਸਦੀ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਵਾਪਸ ਨਾ ਗਏ। ਵਿਜ਼ਟਰ ਵੀਜ਼ਾ ’ਤੇ ਅਮਰੀਕਾ ਪੁੱਜੇ ਪਰ ਵਾਪਸ ਨਾ ਜਾਣ ਵਾਲੇ ਭਾਰਤੀਆਂ ਦੀ ਸਾਲਾਨਾ ਗਿਣਤੀ 25 ਹਜ਼ਾਰ ਦੇ ਨੇੜੇ ਦੱਸੀ ਜਾ ਰਹੀ ਹੈ।