ਅਮਰੀਕਾ ਦੇ ਬਾਰਡਰ ਏਜੰਟਾਂ ਨੇ ਕਾਬੂ ਕੀਤੇ 90 ਲੱਖ ਗੈਰਕਾਨੂੰਨੀ ਪ੍ਰਵਾਸੀ

ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਦਾ ਅੰਕੜਾ ਇਕ ਕਰੋੜ ਤੋਂ ਟੱਪ ਗਿਆ ਹੈ।;

Update: 2024-09-19 12:13 GMT

ਵਾਸ਼ਿੰਗਟਨ : ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਦਾ ਅੰਕੜਾ ਇਕ ਕਰੋੜ ਤੋਂ ਟੱਪ ਗਿਆ ਹੈ। ਜੀ ਹਾਂ, ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਜੋਅ ਬਾਇਡਨ ਦੇ ਸੱਤਾ ਸੰਭਾਲਣ ਮਗਰੋਂ 90 ਲੱਖ ਪ੍ਰਵਾਸੀਆਂ ਨੂੰ ਬਾਰਡਰ ਏਜੰਟਾਂ ਨੇ ਮੈਕਸੀਕੋ ਅਤੇ ਕੈਨੇਡਾ ਨਾਲ ਲਗਦੀਆਂ ਸਰਹੱਦਾਂ ’ਤੇ ਰੋਕਿਆ ਜਦਕਿ 10 ਲੱਖ ਪ੍ਰਵਾਸੀ ਚੁੱਪ ਚੁਪੀਤੇ ਅਮਰੀਕਾ ਦਾਖਲ ਹੋਣ ਵਿਚ ਸਫਲ ਹੋ ਗਏ। ਐਨੀ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦੀ ਆਮਦ ਕਾਰਨ ਅਮਰੀਕਾ ਵਿਚ ਬੇਰੁਜ਼ਗਾਰੀ ਦਰ ਵਧਣੀ ਸ਼ੁਰੂ ਹੋ ਗਈ ਹੈ।

10 ਲੱਖ ਪ੍ਰਵਾਸੀ ਬਾਰਡਰ ਏਜੰਟਾਂ ਤੋਂ ਅੱਖ ਬਚਾ ਕੇ ਅਮਰੀਕਾ ਦਾਖਲ ਹੋਣ ਵਿਚ ਸਫਲ

ਜੀ ਹਾਂ, ਫੈਡਰਲ ਰਿਜ਼ਰਵ ਦੇ ਮੁਖੀ ਜਿਰੋਮ ਪੌਵਲ ਨੇ ਵਿਆਜ ਦਰਾਂ ਵਿਚ ਅੱਧਾ ਫੀ ਸਦੀ ਕਟੌਤੀ ਕਰਦਿਆਂ ਕਿਹਾ ਕਿ ਮੁਲਕ ਵਿਚ ਪਿਛਲੇ ਤਿੰਨ ਮਹੀਨੇ ਤੋਂ ਸਿਰਫ਼ ਇਕ ਲੱਖ ਨਵੀਆਂ ਨੌਕਰੀਆਂ ਹਰ ਮਹੀਨੇ ਪੈਦਾ ਹੋ ਰਹੀਆਂ ਹਨ ਅਤੇ ਇਹ ਰੁਝਾਨ ਅੱਗੇ ਵੀ ਜਾਰੀ ਰਿਹਾ ਤਾਂ ਬੇਰੁਜ਼ਗਾਰੀ ਦਰ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਵਰ੍ਹੇ ਦੌਰਾਨ ਵਿਆਜ ਦਰਾਂ ਵਿਚ ਘੱਟੋ ਘੱਟ ਦੋ ਕਟੌਤੀਆਂ ਹੋਰ ਕੀਤੀਆਂ ਜਾਣਗੀਆਂ। ਅਮਰੀਕਾ ਵਿਚ 2008 ਦੀ ਮੰਦੀ ਮਗਰੋਂ ਪਹਿਲੀ ਵਾਰ ਵਿਆਜ ਦਰਾਂ ਵਿਚ ਇਕੋ ਵਾਰ ਅੱਧਾ ਫੀ ਸਦੀ ਕਟੌਤੀ ਕੀਤੀ ਗਈ ਹੈ ਅਤੇ ਵਿਰੋਧੀ ਧਿਰ ਇਸ ਕਦਮ ਨੂੰ ਸਿਆਸੀ ਕਰਾਰ ਦੇ ਰਹੀ ਹੈ। ਸਿਰਫ ਐਨਾ ਹੀ ਨਹੀਂ ਵਿਆਜ ਦਰਾਂ ਵਿਚ ਦੋ ਹੋਰ ਕਟੌਤੀਆਂ ਦਾ ਅਗਾਊਂ ਐਲਾਨ ਵੀ ਵਿਰੋਧੀ ਧਿਰ ਨੂੰ ਹਜ਼ਮ ਨਹੀਂ ਹੋ ਰਿਹਾ। ਵਿਆਜ ਦਰ ਵਿਚ ਕਟੌਤੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ ਮੁਢਲੇ ਤੌਰ ’ਤੇ ਉਪਰ ਗਏ ਪਰ ਮੁਨਾਫਾਖੋਰੀ ਸ਼ੁਰੂ ਹੋਣ ਮਗਰੋਂ ਬਾਜ਼ਾਰ ਹੇਠਾਂ ਵੱਲ ਆ ਗਿਆ। ਜਿਰੋਮ ਪੌਵਲ ਦਾ ਕਹਿਣਾ ਸੀ ਕਿ ਜਦੋਂ ਲੱਖਾਂ ਦੀ ਗਿਣਤੀ ਵਿਚ ਲੋਕ ਲੇਬਰ ਫੋਰਸ ਵਿਚ ਸ਼ਾਮਲ ਹੋ ਰਹੇ ਹੋਣ ਤਾਂ ਬੇਰੁਜ਼ਗਾਰੀ ਵਧਣੀ ਲਾਜ਼ਮੀ ਹੈ।

ਮੈਕਸੀਕੋ ਅਤੇ ਕੈਨੇਡਾ ਦੀਆਂ ਸਰਹੱਦਾਂ ਦਾ ਸਾਂਝਾ ਅੰਕੜਾ ਆਇਆ ਸਾਹਮਣੇ

ਅਮਰੀਕਾ ਵਿਚ ਮੌਜੂਦਾ ਵਰ੍ਹੇ ਦੇ ਆਰੰਭ ਵਿਚ ਬੇਰੁਜ਼ਗਾਰੀ ਦਰ 3.7 ਫੀ ਸਦੀ ਸੀ ਜੋ ਅਗਸਤ ਵਿਚ 4.2 ਫੀ ਸਦੀ ਹੋ ਗਈ। ਜੁਲਾਈ ਵਿਚ ਸਿਰਫ 89 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਜਦਕਿ ਅਗਸਤ ਦੌਰਾਨ ਪੈਦਾ ਹੋਏ ਰੁਜ਼ਗਾਰ ਦੇ 1 ਲੱਖ 42 ਹਜ਼ਾਰ ਨਵੇਂ ਮੌਕੇ ਵੀ ਆਰਥਿਕ ਮਾਹਰਾਂ ਨੂੰ ਘੱਟ ਮਹਿਸੂਸ ਹੋਏ। ਕਿਰਤੀ ਬਾਜ਼ਾਰ ਦਾ ਡੂੰਘਾਈ ਨਾਲ ਸਰਵੇਖਣ ਦਰਸਾਉਂਦਾ ਹੈ ਮਾਰਚ 2023 ਤੋਂ ਮਾਰਚ 2024 ਦਰਮਿਆਨ 8 ਲੱਖ 18 ਹਜ਼ਾਰ ਨੌਕਰੀਆਂ ਘੱਟ ਪੈਦਾ ਹੋਈਆਂ। ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਪਹੁੰਚ ਰਹੇ ਹਨ ਅਤੇ ਬਗੈਰ ਕਿਸੇ ਇਤਰਾਜ਼ ਤੋਂ ਹਰ ਕੰਮ ਕਰਨ ਨੂੰ ਤਿਆਰ ਹਨ। ਫੈਡਰਲ ਰਿਜ਼ਰਵ ਦਾ ਕਹਿਣਾ ਹੈ ਕਿ ਇਸ ਵੇਲੇ ਅਮਰੀਕਾ ਦੇ ਅਰਥਚਾਰੇ ਨੂੰ ਮਹਿੰਗਾਈ ਨਾਲੋਂ ਜ਼ਿਆਦਾ ਖਤਰਾ ਬੇਰੁਜ਼ਗਾਰੀ ਤੋਂ ਹੈ। ਅਮਰੀਕਾ ਦੇ ਦੱਖਣੀ ਬਾਰਡਰ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 13 ਲੱਖ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋ ਚੁੱਕੇ ਹਨ। ਇਕੱਲੇ ਜੂਨ ਮਹੀਨੇ ਦੌਰਾਨ 83 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਕਾਬੂ ਕੀਤਾ ਗਿਆ। ਅਮਰੀਕਾ ਦੇ ਦੱਖਣੀ ਬਾਰਡਰ ’ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ ਢਾਈ ਹਜ਼ਾਰ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਸਤੰਬਰ 2020 ਵਿਚ 40,507 ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ ਜੋ ਪਿਛਲੇ ਕੁਝ ਵਰਿ੍ਹਆਂ ਦਾ ਸਭ ਤੋਂ ਹੇਠਲਾ ਅੰਕੜਾ ਮੰਨਿਆ ਜਾ ਰਿਹਾ ਹੈ ਪਰ ਦਸੰਬਰ 2023 ਵਿਚ ਸਭ ਤੋਂ ਵੱਧ ਢਾਈ ਲੱਖ ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ। 

Tags:    

Similar News