ਅਮਰੀਕਾ ਵਾਲੇ ਘਰ ਬੈਠੇ ਰੀਨਿਊ ਕਰਵਾ ਸਕਣਗੇ ਪਾਸਪੋਰਟ

ਅਮਰੀਕਾ ਵਾਲੇ ਹੁਣ ਆਪਣਾ ਪਾਸਪੋਰਟ ਘਰ ਬੈਠੇ ਹੀ ਆਨਲਾਈਨ ਰੀਨਿਊ ਕਰਵਾ ਸਕਦੇ ਹਨ।

Update: 2024-09-20 12:04 GMT

ਵਾਸ਼ਿੰਗਟਨ : ਅਮਰੀਕਾ ਵਾਲੇ ਹੁਣ ਆਪਣਾ ਪਾਸਪੋਰਟ ਘਰ ਬੈਠੇ ਹੀ ਆਨਲਾਈਨ ਰੀਨਿਊ ਕਰਵਾ ਸਕਦੇ ਹਨ। ਜੀ ਹਾਂ, ਨਵੀਂ ਯੋਜਨਾ ਅਧੀਨ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦਾ 10 ਸਾਲ ਮਿਆਦ ਵਾਲਾ ਪਾਸਪੋਰਟ ਪਿਛਲੇ ਪੰਜ ਸਾਲ ਦੌਰਾਨ ਐਕਸਪਾਇਰ ਹੋਇਆ ਹੋਵੇ ਅਤੇ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਪਾਸਪੋਰਟ ਅਗਲੇ ਸਾਲ ਦੇ ਕਿਸੇ ਵੀ ਮਹੀਨੇ ਦੌਰਾਨ ਐਕਸਪਾਇਰ ਹੋ ਜਾਣਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਮੁਤਾਬਕ ਤਕਰੀਬਨ 50 ਲੱਖ ਲੋਕਾਂ ਨੂੰ ਨਵੀਂ ਸੇਵਾ ਦਾ ਫਾਇਦਾ ਹੋਵੇਗਾ। ਨਵੀਂ ਸੇਵਾ ਅਮਰੀਕਾ ਵਿਚ ਪਤਾ-ਟਿਕਾਣਾ ਰੱਖਣ ਵਾਲੇ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਲੋਕਾਂ ਵਾਸਤੇ 24 ਘੰਟੇ ਅਤੇ ਹਫਤੇ ਦੇ ਸੱਤੋ ਦਿਨ ਉਪਲਬਧ ਹੈ। ਪਹਿਲੀ ਵਾਰ ਪਾਸਪੋਰਟ ਬਣਾ ਰਹੇ ਲੋਕਾਂ ਨੂੰ ਹੁਣ ਵੀ ਡਾਕ ਰਾਹੀਂ ਅਰਜ਼ੀ ਦੇਣੀ ਪਵੇਗੀ ਅਤੇ ਮਾਪੇ ਆਪਣੇ ਬੱਚਿਆਂ ਦੇ ਪਾਸਪੋਰਟ ਆਨਲਾਈਨ ਰੀਨਿਊ ਨਹੀਂ ਕਰ ਸਕਣਗੇ।

ਮਿਆਦ ਲੰਘਾ ਚੁੱਕੇ ਪਾਸਪੋਰਟ ਨਵਿਆਉਣੇ ਵੀ ਹੋਏ ਸੌਖੇ

130 ਡਾਲਰ ਦੀ ਮੌਜੂਦਾ ਪ੍ਰੋਸੈਸਿੰਗ ਫੀਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ 2023 ਵਿਚ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ 2 ਕਰੋੜ 40 ਲੱਖ ਪਾਸਪੋਰਟ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਿਨ੍ਹਾਂ ਵਿਚੋਂ 40 ਫੀ ਸਦੀ ਰੀਨਿਊ ਪਾਸਪੋਰਟ ਵਾਲੀਆਂ ਸਨ। ਇਸ ਵੇਲੇ ਪਾਸਪੋਰਟ ਨਵਿਆਉਣ ਵਿਚ ਲੱਗਣ ਵਾਲਾ ਸਮਾਂ ਛੇ ਹਫ਼ਤੇ ਤੋਂ ਅੱਠ ਹਫ਼ਤੇ ਦਰਮਿਆਨ ਚੱਲ ਰਿਹਾ ਹੈ ਜੋ ਪਿਛਲੇ ਸਾਲ 10 ਤੋਂ 13 ਹਫ਼ਤੇ ਚੱਲ ਰਿਹਾ ਸੀ। ਮਹਾਂਮਾਰੀ ਦੌਰਾਨ ਵਿਦੇਸ਼ ਵਿਭਾਗ ਕੋਲ ਪਾਸਪੋਰਟ ਅਰਜ਼ੀਆਂ ਦਾ ਭਾਰੀ ਭਰਕਮ ਬੈਕਲਾਗ ਇਕੱਠਾ ਹੋ ਗਿਆ ਅਤੇ 2021 ਵਿਚ ਪ੍ਰੋਸੈਸਿੰਗ ਸਮਾਂ 18 ਹਫ਼ਤੇ ਤੱਕ ਪੁੱਜ ਗਿਆ। ਅਮਰੀਕਾ ਵਿਚ ਰਹਿ ਰਹੇ ਤਕਰੀਬਨ ਅੱਧੇ ਲੋਕਾਂ ਕੋਲ ਸਥਾਨਕ ਪਾਸਪੋਰਟ ਹੈ ਅਤੇ ਇਹ ਅੰਕੜਾ 1990 ਦੇ ਮੁਕਾਬਲੇ 5 ਫੀ ਸਦੀ ਵੱਧ ਬਣਦਾ ਹੈ। ਦੂਜੇ ਪਾਸੇ ਯੂ.ਕੇ. ਜਾਣ ਦੀ ਯੋਜਨਾ ਬਣਾ ਰਹੇ ਕਿ ਲੋਕਾਂ ਨੂੰ ਹੁਣ ਫੀਸ ਅਦਾ ਕਰਨੀ ਹੋਵੇਗੀ। ਯੂ.ਕੇ. ਸਰਕਾਰ ਮੁਤਾਬਕ 8 ਜਨਵਰੀ 2025 ਤੋਂ ਇਲੈਕਟ੍ਰਾਨਿਕ ਟ੍ਰੈਵਲ ਔਥੋਰਾਈਜ਼ੇਸ਼ਨ ਲਾਗੂ ਹੋ ਜਾਵੇਗਾ ਅਤੇ ਇਸ ਤੋਂ ਬਗੈਰ ਅਮਰੀਕਾ ਵਾਸੀ ਦਾਖਲ ਨਹੀਂ ਹੋ ਸਕਣਗੇ।

50 ਲੱਖ ਲੋਕਾਂ ਨੂੰ ਹੋਵੇਗਾ ਨਵੀਂ ਸੇਵਾ ਦਾ ਫ਼ਾਇਦਾ

ਈ.ਟੀ.ਏ. ਵਾਸਤੇ 13 ਡਾਲਰ ਫੀਸ ਰੱਖੀ ਗਈ ਹੈ ਅਤੇ ਇਸ ਨੂੰ ਡਿਜੀਟਲ ਤਰੀਕੇ ਨਾਲ ਪਾਸਪੋਰਟਾਂ ਨਾਲ ਜੋੜ ਦਿਤਾ ਜਾਵੇਗਾ। ਅਮਰੀਕੀ ਨਾਗਰਿਕ 27 ਨਵੰਬਰ 2024 ਤੋਂ ਇਲੈਕਟ੍ਰਾਨਿਕ ਟ੍ਰੈਵਲ ਔਥੋਰਾਈਜ਼ੇਸ਼ਨ ਵਾਸਤੇ ਅਪਲਾਈ ਕਰ ਸਕਦੇ ਹਨ ਅਤੇ ਤਿੰਨ ਦਿਨਾਂ ਦੇ ਅੰਦਰ ਈ.ਟੀ.ਏ. ਮਿਲ ਜਾਵੇਗਾ। ਯੂ.ਕੇ. ਜਾ ਰਹੇ ਹਰ ਮੁਸਾਫਰ ਮਤਲਬ ਬੱਚਿਆਂ ਕੋਲ ਵੀ ਈ.ਟੀ.ਏ. ਹੋਣਾ ਲਾਜ਼ਮੀ ਹੈ। ਉਧਰ ਕੈਨੇਡਾ ਵਿਚ ਆਨਲਾਈਨ ਪਾਸਪੋਰਟ ਸੇਵਾ ਸ਼ੁਰੂ ਕਰਨ ਦਾ ਐਲਾਨ ਹੋਇਆਂ ਤਕਰੀਬਨ ਡੇਢ ਸਾਲ ਲੰਘ ਚੁੱਕਾ ਹੈ ਪਰ ਹੁਣ ਤੱਕ ਕੋਈ ਵਾਈ-ਧਾਈ ਨਜ਼ਰ ਨਹੀਂ ਆਉਂਦੀ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਮਈ 2023 ਵਿਚ ਨਵਾਂ ਪਾਸਪੋਰਟ ਡਿਜ਼ਾਈਨ ਜਾਰੀ ਕਰਦਿਆਂ ਆਨਲਾਈਨ ਸੇਵਾਵਾਂ ਆਰੰਭ ਕਰਨ ਦਾ ਜ਼ਿਕਰ ਕੀਤਾ ਸੀ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਅੰਦਰੂਨੀ ਪੱਧਰ ’ਤੇ ਪਰਖ ਚੱਲ ਰਹੀ ਹੈ। ਸੇਵਾ ਸ਼ੁਰੂ ਹੋਣ ਦੀ ਸਮਾਂ ਹੱਦ ਬਾਰੇ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ।

Tags:    

Similar News