ਅਮਰੀਕਾ : ਵੱਡੀ ਮੁਸ਼ਕਲ ਵਿਚ ਘਿਰੇ ਹਜ਼ਾਰਾਂ ਪੰਜਾਬੀ

ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਅਮਰੀਕਾ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀਆਂ ਚਿੱਠੀਆਂ ਦਾ ਵਿਵਾਦ ਛਿੜ ਗਿਆ ਹੈ

Update: 2025-09-02 12:16 GMT

ਫਲੋਰੀਡਾ : ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਅਮਰੀਕਾ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀਆਂ ਚਿੱਠੀਆਂ ਦਾ ਵਿਵਾਦ ਛਿੜ ਗਿਆ ਹੈ ਅਤੇ ਇਨ੍ਹਾਂ ਚਿੱਠੀਆਂ ਦੇ ਆਧਾਰ ’ਤੇ ਵਰਕ ਪਰਮਿਟ ਹਾਸਲ ਕਰਨ ਵਾਲੇ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਅਜਿਹੇ ਪ੍ਰਵਾਸੀਆਂ ਦੀ ਸ਼ਨਾਖਤ ਆਰੰਭ ਦਿਤੀ ਗਈ ਹੈ ਜਿਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਦਸਤਖ਼ਤ ਵਾਲੀ ਚਿੱਠੀ ਦਿਖਾਉਂਦਿਆਂ ਅਮਰੀਕਾ ਵਿਚ ਪਨਾਹ ਮੰਗੀ।

ਮਾਨ ਦੀਆਂ ਚਿੱਠੀਆਂ ਵਾਲੇ ਹੋਣਗੇ ਡਿਪੋਰਟ!

ਯੂ.ਐਸ. ਮੀਡੀਆ ਵਿਚ ਆਈ ਰਿਪੋਰਟ ਮੁਤਾਬਕ 50 ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਅਜਿਹੀਆਂ ਚਿੱਠੀਆਂ ਦੀ ਵਰਤੋਂ ਕੀਤੀ ਅਤੇ ਸਿਮਰਨਜੀਤ ਸਿੰਘ ਕਬੂਲ ਕਰ ਚੁੱਕੇ ਹਨ ਕਿ ਉਨ੍ਹਾਂ ਵੱਲੋਂ 35-35 ਹਜ਼ਾਰ ਰੁਪਏ ਲੈ ਕੇ ਚਿੱਠੀਆਂ ਜਾਰੀ ਕੀਤੀਆਂ ਗਈਆਂ। ਅਮਰੀਕਾ ਵਿਚ ਸਰਗਰਮ ਇਕ ਜਥੇਬੰਦੀ ਵੱਲੋਂ ਹਰਜਿੰਦਰ ਸਿੰਘ ਨੂੰ ਵੀ ਖਾਲਿਸਤਾਨ ਹਮਾਇਤੀ ਸਾਬਤ ਕਰਨ ਦੇ ਯਤਨ ਆਰੰਭ ਹੋ ਚੁੱਕੇ ਹਨ ਤਾਂਕਿ ਸਜ਼ਾ ਭੁਗਤਣ ਤੋਂ ਬਾਅਦ ਉਸ ਨੂੰ ਇੰਡੀਆ ਡਿਪੋਰਟ ਨਾ ਕੀਤਾ ਜਾਵੇ। ਅਮਰੀਕਾ ਦੇ ਇੰਮੀਗ੍ਰੇਸ਼ਨ ਕਾਨੂੰਨ ਮੁਤਾਬਕ ਉਹ ਪ੍ਰਵਾਸੀ ਅਸਾਇਲਮ ਦਾ ਦਾਅਵਾ ਕਰ ਸਕਦੇ ਹਨ ਜਿਨ੍ਹਾਂ ਨੂੰ ਆਪਣੇ ਮੁਲਕ ਪਰਤਣ ’ਤੇ ਵੱਡਾ ਖਤਰਾ ਨਜ਼ਰ ਆਉਂਦਾ ਹੋਵੇ। ਇਕ ਵਾਰ ਦਾਅਵਾ ਪ੍ਰਵਾਨ ਹੋਣ ’ਤੇ ਪ੍ਰਵਾਸੀਆਂ ਨੂੰ ਪੈਰੋਲ ਮਿਲ ਜਾਂਦੀ ਹੈ ਅਤੇ ਨਾਲੋ-ਨਾਲ ਇੰਮੀਗ੍ਰੇਸ਼ਨ ਅਦਾਲਤ ਵਿਚ ਮਾਮਲੇ ’ਤੇ ਸੁਣਵਾਈ ਸ਼ੁਰੂ ਹੋ ਜਾਂਦੀ ਹੈ। ਅਮਰੀਕਾ ਦੇ ਮੀਡੀਆ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਉਸ ਇੰਟਰਵਿਊ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿਚ ਉਹ 35 ਹਜ਼ਾਰ ਰੁਪਏ ਲੈਣ ਬਾਰੇ ਦਲੀਲ ਦਿੰਦੇ ਸੁਣੇ ਜਾ ਸਕਦੇ ਹਨ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ 2022 ਵਿਚ ਕਿਹਾ ਸੀ ਕਿ ਵਿਦੇਸ਼ਾਂ ਵਿਚ ਵਸਣ ਦੇ ਇੱਛਕ ਨੌਜਵਾਨਾਂ ਨੂੰ ਚਿੱਠੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਇਹ ਮੁਫ਼ਤ ਨਹੀਂ ਕਿਉਂਕਿ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ 30-30 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।

ਹਰਜਿੰਦਰ ਸਿੰਘ ਦੇ ਮਾਮਲੇ ਮਗਰੋਂ ਵਧਿਆ ਵਿਵਾਦ

ਦੂਜੇ ਪਾਸੇ ਹਰਜਿੰਦਰ ਸਿੰਘ ਨਾਲ ਸਬੰਧਤ ਹਾਦਸੇ ਦੌਰਾਨ ਜਾਨ ਗਵਾਉਣ ਵਾਲਿਆਂ ਬਾਰੇ ਨਵੇਂ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ। ‘ਮਿਆਮੀ ਹੈਰਲਡ’ ਦੀ ਰਿਪੋਰਟ ਮੁਤਾਬਕ ਤਿੰਨੋ ਜਣੇ ਹੈਤੀ ਤੋਂ ਆਏ ਪ੍ਰਵਾਸੀ ਸਨ ਜਿਨ੍ਹਾਂ ਵਿਚੋਂ ਕਾਲੇ ਰੰਗ ਦੀ ਕ੍ਰਾਈਸਲਰ ਮਿੰਨੀ ਵੈਨ ਚਲਾ ਰਹੇ ਡਰਾਈਵਰ ਨੂੰ ਦੋ ਸਾਲ ਦਾ ਵਰਕ ਪਰਮਿਟ ਮਿਲਿਆ ਸੀ। 30 ਸਾਲ ਦਾ ਹਰਬੀ ਡੁਫ੍ਰੈਸਨੇ ਦਸੰਬਰ 2023 ਵਿਚ ਅਮਰੀਕਾ ਪੁੱਜਾ ਅਤੇ ਜੋਅ ਬਾਇਡਨ ਦੇ ਕਾਰਜਕਾਲ ਵੇਲੇ ਜਾਰੀ ਇੰਮੀਗ੍ਰੇਸ਼ਨ ਯੋਜਨਾ ਅਧੀਨ ਕੰਮ ਕਰਨ ਦੀ ਇਜਾਜ਼ਤ ਦਿਤੀ ਗਈ। 27 ਸਾਲ ਦੀ ਫੈਨੀਓਲਾ ਜੋਸਫ਼ ਅਤੇ 53 ਸਾਲ ਦੇੋ ਰੌਡਰਿਗ ਡੌਰ ਦੇ ਅਮਰੀਕਾ ਪੁੱਜਣ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ ਪਰ ਉਹ ਫਲੋਰੀਡਾ ਵਿਚ ਰਹਿ ਰਹੇ ਸਨ। ਹਾਦਸੇ ਵਾਲੇ ਦਿਨ ਤਿੰਨੋ ਜਣੇ ਇੰਡਿਆਨਾ ਸੂਬੇ ਵੱਲ ਰਵਾਨਾ ਹੋਏ ਕਿਉਂਕਿ ਰੌਡਰਿਗ ਨੂੰ ਮਿਆਮੀ ਵਿਚ ਕੰਮ ਨਹੀਂ ਸੀ ਮਿਲ ਰਿਹਾ। ਮਿਆਮੀ ਹੈਰਲਡ ਦੀ ਰਿਪੋਰਟ ਰਾਹੀਂ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਫੈਨੀਓਲਾ ਜੋਸਫ਼ ਉਸ ਨਾਲ ਕਿਉਂ ਜਾ ਰਹੀ ਸੀ। ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਵੱਲੋਂ ਇਸ ਮੁੱਦੇ ’ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ।

Tags:    

Similar News