ਅਮਰੀਕਾ : ਤੀਜਾ ਪੰਜਾਬੀ ਟਰੱਕ ਡਰਾਈਵਰ ਡਿਪੋਰਟ

ਅਮਰੀਕਾ ਵਿਚ ਜਾਨਲੇਵਾ ਸੜਕ ਹਾਦਸੇ ਦੇ ਦੋਸ਼ੀ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ

Update: 2025-12-01 13:32 GMT

ਨਿਊ ਯਾਰਕ : ਅਮਰੀਕਾ ਵਿਚ ਜਾਨਲੇਵਾ ਸੜਕ ਹਾਦਸੇ ਦੇ ਦੋਸ਼ੀ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਜੀ ਹਾਂ, ਵੈਸਟ ਵਰਜੀਨੀਆ ਦੇ ਚੀਟ ਲੇਕ ਇਲਾਕੇ ਵਿਚ ਜਨਵਰੀ ਦੌਰਾਨ ਵਾਪਰੇ ਹਾਦਸੇ ਮਗਰੋਂ ਅਕਤੂਬਰ ਵਿਚ ਸੁਖਜਿੰਦਰ ਸਿੰਘ ਨੂੰ ਅਣਗਹਿਲੀ ਕਾਰਨ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਇਕ ਸਾਲ ਲਈ ਜੇਲ ਭੇਜ ਦਿਤਾ ਗਿਆ ਅਤੇ ਹੁਣ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲੇ ਉਸ ਨੂੰ ਚੁੱਕ ਕੇ ਲੈ ਗਏ। ਸੁਖਜਿੰਦਰ ਸਿੰਘ ਨੂੰ ਕਿਹੜੇ ਡਿਟੈਨਸ਼ਨ ਸੈਂਟਰ ਵਿਚ ਲਿਜਾਇਟਾ ਗਿਆ ਹੈ, ਫ਼ਿਲਹਾਲ ਬਾਰੇ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਇਕ ਹੋਰ ਮੀਡੀਆ ਰਿਪੋਰਟ ਵਿਚ ਸੁਖਜਿੰਦਰ ਸਿੰਘ ਨੂੰ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਡਿਪੋਰਟ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

ਸੁਖਜਿੰਦਰ ਸਿੰਘ ਨੂੰ ਜਾਨਲੇਵਾ ਹਾਦਸੇ ਤਹਿਤ ਹੋਈ ਸੀ 1 ਸਾਲ ਦੀ ਜੇਲ

ਮੌਨਨਗਾਲੀਆ ਕਾਊਂਟੀ ਦੇ ਪ੍ਰੌਸਕਿਊਟਰ ਦਫ਼ਤਰ ਮੁਤਾਬਕ ਜਨਵਰੀ ਵਿਚ ਵਾਪਰੇ ਹਾਦਸੇ ਮਗਰੋਂ 37 ਸਾਲ ਦੇ ਸੁਖਜਿੰਦਰ ਸਿੰਘ ਵਿਰੁੱਧ ਨੈਗਲੀਜੈਂਟ ਹੌਮੀਸਾਈਡ ਜਾਂ ਵਹੀਕਿਊਲਰ ਮੈਨਸਲੌਟਰ ਦੇ ਦੋਸ਼ ਆਇਦ ਕੀਤੇ ਗਏ ਅਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਮੌਨਨਗਾਲੀਆ ਕਾਊਂਟੀ ਦੀ ਸਰਕਟ ਕੋਰਟ ਵੱਲੋਂ ਸੁਖਜਿੰਦਰ ਸਿੰਘ ਨੂੰ ਇਕ ਸਾਲ ਦੀ ਕੈਦ ਤੋਂ ਇਲਾਵਾ ਇਕ ਹਜ਼ਾਰ ਡਾਲਰ ਜੁਰਮਾਨਾ ਵੀ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਵੈਸਟ ਵਰਜੀਨੀਆ ਸਰਕਾਰ ਵੱਲੋਂ ਜੁਲਾਈ ਦੌਰਾਨ ਅਜਿਹੇ ਮਾਮਲਿਆਂ ਵਿਚ ਸਜ਼ਾ ਦੀ ਮਿਆਦ ਵਧਾ ਕੇ 5 ਸਾਲ ਕਰ ਦਿਤੀ ਗਈ ਪਰ ਸੁਖਜਿੰਦਰ ਸਿੰਘ ਦਾ ਮਾਮਲਾ ਪੁਰਾਣਾ ਹੋਣ ਕਾਰਨ ਉਸ ਉਤੇ ਨਵਾਂ ਕਾਨੂੰਨ ਲਾਗੂ ਨਾ ਹੋਇਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 19 ਜਨਵਰੀ ਨੂੰ ਚੀਟ ਲੇਕ ਬ੍ਰਿਜ ’ਤੇ ਵਾਪਰੇ ਹਾਦਸੇ ਮਗਰੋਂ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਰਫ਼ੀਲੇ ਤੂਫ਼ਾਨ ਕਾਰਨ ਪੈਦਾ ਹੋਏ ਹਾਲਾਤ ਕਰ ਕੇ ਉਸ ਦਾ ਟਰੈਕਟਰ-ਟ੍ਰੇਲਰ ਬੇਕਾਬੂ ਹੋ ਗਿਆ। ਮੁਢਲੇ ਤੌਰ ’ਤੇ ਹਾਦਸੇ ਦੌਰਾਨ ਕਿਸੇ ਦੀ ਮੌਤ ਹੋਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਾ ਆਈ ਪਰ ਕੁਝ ਘੰਟੇ ਬਾਅਦ ਮੌਰਗਨ ਟਾਊਨ ਪੁਲਿਸ ਨੂੰ 59 ਸਾਲ ਦਾ ਇਕ ਸ਼ਖਸ ਲਾਪਤਾ ਹੋਣ ਦੀ ਇਤਲਾਹ ਮਿਲੀ।

ਇੰਮੀਗ੍ਰੇਸ਼ਨ ਵਾਲਿਆਂ ਨੇ ਚੁੱਪ-ਚਪੀਤੇ ਜੇਲ ਵਿਚੋਂ ਚੁੱਕਿਆ

ਹਾਦਸੇ ਤੋਂ ਚਾਰ ਦਿਨ ਬਾਅਦ 23 ਜਨਵਰੀ ਨੂੰ ਚੀਟ ਲੇਕ ਬ੍ਰਿਜ ਨੇੜੇ ਇਕ ਗੱਡੀ ਵਿਚੋਂ ਲਾਪਤਾ ਸ਼ਖਸ ਦੀ ਲਾਸ਼ ਬਰਾਮਦ ਕੀਤੀ ਗਈ ਅਤੇ ਪੁਲਿਸ ਅਫ਼ਸਰਾਂ ਨੇ ਸਰਵੇਲੈਂਸ ਵੀਡੀਓ ਦੇਖੀ ਤਾਂ ਇਕ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਦੀ ਘਟਨਾ ਸਪੱਸ਼ਟ ਹੋ ਗਈ। ਪੁਲਿਸ ਨੇ ਲੰਮੀ ਪੜਤਾਲ ਮਗਰੋਂ ਸਿੱਟਾ ਕੱਢਿਆ ਗਿਆ ਬਰਫ਼ਬਾਰੀ ਵਾਲਾ ਮੌਸਮ ਹੋਣ ਦੇ ਬਾਵਜੂਦ ਸੁਖਜਿੰਦਰ ਸਿੰਘ ਦਾ ਟਰੱਕ ਹੱਦ ਤੋਂ ਜ਼ਿਆਦਾ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਚੀਟ ਲੇਕ ਬ੍ਰਿਜ ’ਤੇ ਪੁੱਜਣ ਤੋਂ ਪਹਿਲਾਂ ਟਰੱਕ ਨੇ ਇਕ ਗੱਡੀ ਨੂੰ ਟੱਕਰ ਮਾਰੀ। ਗੱਡੀ ਦੀ ਫੌਰੈਂਸਿਕ ਜਾਂਚ ਰਾਹੀਂ ਸਾਬਤ ਹੋ ਗਿਆ ਕਿ ਟੱਕਰ ਸੁਖਜਿੰਦਰ ਸਿੰਘ ਦੇ ਟਰੱਕ ਨੇ ਹੀ ਮਾਰੀ। 28 ਫ਼ਰਵਰੀ ਨੂੰ ਸੁਖਜਿੰਦਰ ਸਿੰਘ ਨੇ ਕਬੂਲ ਕਰ ਲਿਆ ਕਿ ਹਾਦਸੇ ਵੇਲੇ ਉਹ ਟਰੱਕ ਚਲਾ ਰਿਹਾ ਸੀ ਪਰ ਅੰਨ੍ਹੇਵਾਹ ਡਰਾਈਵਿੰਗ ਦੇ ਦੋਸ਼ਾਂ ਤੋਂ ਇਨਕਾਰ ਕਰ ਦਿਤਾ। ਇਸ ਦੇ ਉਲਟ ਜਾਂਚਕਰਤਾਵਾਂ ਨੇ ਸਾਬਤ ਕਰ ਦਿਤਾ ਕਿ ਤੇਜ਼ ਰਫ਼ਤਾਰ ਹੀ ਹਾਦਸੇ ਦਾ ਕਾਰਨ ਬਣੀ ਅਤੇ ਇਕ ਜਣੇ ਦੀ ਜਾਨ ਗਈ ਜਿਸ ਦੇ ਆਧਾਰ ’ਤੇ ਸੁਖਜਿੰਦਰ ਸਿੰਘ ਨੂੰ ਕੈਲੇਫੋਰਨੀਆ ਤੋਂ ਗ੍ਰਿਫ਼ਤਾਰ ਕਰ ਕੇ ਵੈਸਟ ਵਰਜੀਨੀਆ ਲਿਆਂਦਾ ਗਿਆ।

Tags:    

Similar News