ਅਮਰੀਕਾ ਨੂੰ ਜਲਦ ਐਲਾਨਿਆ ਜਾ ਸਕਦੈ ‘ਤਾਨਾਸ਼ਾਹ’ ਮੁਲਕ

ਅਮਰੀਕਾ ਤੋਂ ਜਲਦ ਹੀ ਲੋਕਤੰਤਰੀ ਮੁਲਕ ਦਾ ਰੁਤਬਾ ਖੋਹਿਆ ਜਾ ਸਕਦਾ ਹੈ

Update: 2025-03-19 12:43 GMT

ਵਾਸ਼ਿੰਗਟਨ : ਅਮਰੀਕਾ ਤੋਂ ਜਲਦ ਹੀ ਲੋਕਤੰਤਰੀ ਮੁਲਕ ਦਾ ਰੁਤਬਾ ਖੋਹਿਆ ਜਾ ਸਕਦਾ ਹੈ। ਜੀ ਹਾਂ, ਦੁਨੀਆਂ ਵਿਚ ਜਮਹੂਰੀ ਅਤੇ ਤਾਨਾਸ਼ਾਹੀ ਮੁਲਕਾਂ ਦਾ ਹਿਸਾਬ-ਕਿਤਾਬ ਰੱਖਣ ਵਾਲੀ ਇਕਾਈ ਦੇ ਸਟੈਫਨ Çਲੰਡਬਰਗ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦੀਆਂ ਆਪ ਹੁਦਰੀਆਂ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਅਮਰੀਕਾ ਵਿਚੋਂ ਛੇ ਮਹੀਨੇ ਦੇ ਅੰਦਰ ਲੋਕਤੰਤਰ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ 2026 ਵਿਚ ਪ੍ਰਕਾਸ਼ਤ ਹੋਣ ਵਾਲੀ ਸੂਚੀ ਵਿਚ ਅਮਰੀਕਾ ਤਾਨਾਸ਼ਾਹੀ ਵਾਲੇ ਮੁਲਕਾਂ ਦੀ ਸੂਚੀ ਦਾ ਹਿੱਸਾ ਹੋਵੇਗਾ। ਇਸ ਵੇਲੇ ਦੁਨੀਆਂ ਦੇ 91 ਮੁਲਕ ਤਾਨਾਸ਼ਾਹੀ ਅਧੀਨ ਚੱਲ ਰਹੇ ਹਨ ਜਦਕਿ 88 ਮੁਲਕਾਂ ਵਿਚ ਲੋਕੰਤਤਰ ਹੁਣ ਵੀ ਕਾਇਮ ਹੈ।

ਟਰੰਪ ਨੇ ਦੁਨੀਆਂ ਦੇ ਕਈ ਤਾਨਾਸ਼ਾਹਾਂ ਨੂੰ ਪਿੱਛੇ ਛੱਡਿਆ

ਸਵੀਡਨ ਦੀ ਯੂਨੀਵਰਸਿਟੀ ਆਫ਼ ਗੌਥਨਬਰਗ ਵਿਚ ਵਰਾਇਟੀਜ਼ ਆਫ਼ ਡੈਮੋਕ੍ਰੈਸੀ ਪ੍ਰੌਜੈਕਟ ਦੇ ਮੁਖੀ ਸਟੈਫਨ Çਲੰਡਬਰਗ ਨੇ ਦੱਸਿਆ ਕਿ ਅਮਰੀਕਾ ਦੀ ਸੰਸਦ ’ਤੇ ਹਮਲਾ ਕਰਨ ਵਾਲੇ ਸੈਂਕੜੇ ਅਪਰਾਧੀਆਂ ਨੂੰ ਰਿਹਾਅ ਕਰਨ, ਸਿਆਸੀ ਸ਼ਹਿ ’ਤੇ ਕੰਮ ਕਰਨ ਵਾਲੀ ਪੁਲਿਸ ਅਤੇ ਫੌਜ ਨੂੰ ਵਧਾਉਣ, ਸੰਵਿਧਾਨ ਦੀ ਸ਼ਰ੍ਹੇਆਮ ਉਲੰਘਣਾ ਅਤੇ ਫੈਡਰਲ ਯੋਜਨਾਵਾਂ ਨੂੰ ਇਕਪਾਸੜ ਤੌਰ ’ਤੇ ਰੱਦ ਕਰਨ ਦੇ ਫੈਸਲਿਆਂ ਰਾਹੀਂ ਟਰੰਪ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ। ਇਥੋਂ ਤੱਕ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ 227 ਸਾਲ ਪੁਰਾਣਾ ਜੰਗ ਵੇਲੇ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ ਅਤੇ ਡਿਪੋਰਟੇਸ਼ਨ ਰੋਕਣ ਵਾਸਤੇ ਅਦਾਲਤੀ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। Çਲੰਡਬਰਗ ਨੇ ਦਾਅਵਾ ਕੀਤਾ ਕਿ ਡੌਨਲਡ ਟਰੰਪ, ਤੁਰਕੀ ਦੇ ਰਾਸ਼ਟਰਪਤੀ ਅਰਦੋਗਨ, ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਔਰਬਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਹ ’ਤੇ ਅੱਗੇ ਵਧ ਰਹੇ ਹਨ। ਟਰੰਪ ਐਨੀ ਜ਼ਿਆਦਾ ਕਾਹਲ ਵਿਚ ਹਨ ਕਿ ਅੱਠ ਸਾਲ ਵਿਚ ਹੋਣ ਵਾਲਾ ਕੰਮ ਕੁਝ ਮਹੀਨੇ ਵਿਚ ਪੂਰਾ ਕਰਨਾ ਚਾਹੁੰਦੇ ਹਨ। ਅਮਰੀਕਾ ਵਿਚ ਅੱਗੇ ਕਿਹੋ ਜਿਹੇ ਹਾਲਾਤ ਬਣ ਸਕਦੇ ਹਨ, ਇਸ ਬਾਰੇ ਲਿੰਡਬਰਗ ਨੇ ਕਿਹਾ ਕਿ ਅਦਾਲਤੀ ਹੁੰਗਾਰਾ ਕਾਫ਼ੀ ਅਹਿਮ ਸਾਬਤ ਹੋ ਸਕਦਾ ਹੈ। ਉਨ੍ਹਾਂ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਪੋਲੈਂਡ, ਬਰਾਜ਼ੀਲ, ਨੌਰਥ ਮੈਸੇਡੌਨੀਆ ਅਤੇ ਜ਼ਾਂਬੀਆ ਵਰਗੇ ਮੁਲਕਾਂ ਵਿਚ ਅਦਾਲਤਾਂ ਨੇ ਅਹਿਮ ਰੋਲ ਅਦਾ ਕੀਤੇ। ਉਧਰ ਵਾਸ਼ਿੰਗਟਨ ਡੀ.ਸੀ. ਦੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਮਿਲਰ ਦਾ ਕਹਿਣਾ ਸੀ ਕਿ ਚੁਣੇ ਹੋਏ ਤਾਨਾਸ਼ਾਹ ਬਿਲਕੁਲ ਇਸੇ ਕਿਸਮ ਦੇ ਹੁੰਦੇ ਹਨ। ਅਜਿਹੀ ਤਾਨਾਸ਼ਾਹੀ ਵਿਚ ਵੋਟ ਪਾਉਣ ਹੱਕ ਹੁੰਦਾ ਹੈ, ਰੋਸ ਵਿਖਾਵਾ ਕਰਨ ਦਾ ਹੱਕ ਹੁੰਦਾ ਹੈ ਅਤੇ ਸਰਕਾਰ ਦੀ ਨੁਕਤਾਚੀਨੀ ਦਾ ਹੱਕ ਵੀ ਹੁੰਦਾ ਹੈ ਪਰ ਕੀਮਤ ਅਦਾ ਕਰਨੀ ਪੈਂਦੀ ਹੈ।

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਝੂਠੇ ਦੋਸ਼ ਲਾ ਕੇ ਕੱਢਿਆ ਜਾ ਰਿਹਾ

ਬਤੌਰ ਕੀਮਤ ਤੁਹਾਡੀ ਨੌਕਰੀ ਖੋਹੀ ਜਾ ਸਕਦੀ ਹੈ ਅਤੇ ਹੋਰ ਕਈ ਕਿਸਮ ਦੇ ਡਰਾਵੇ ਸ਼ਾਮਲ ਹੁੰਦੇ ਹਨ। ਇਥੋਂ ਤੱਕ ਕਿ ਤਾਕਤਵਾਰ ਮੀਡੀਆ ਅਦਾਰੇ ਬਹੁਤੇ ਮਾਮਲਿਆਂ ’ਤੇ ਚੁੱਪ ਵਟਣੀ ਸ਼ੁਰੂ ਕਰ ਦਿੰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਝੂਠੇ ਦੋਸ਼ ਲਾ ਕੇ ਕੱਢਿਆ ਜਾ ਰਿਹਾ ਹੈ ਅਤੇ ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਟੀ.ਵੀ. ਇੰਟਰਵਿਊ ਦੌਰਾਨ ਅਦਾਲਤਾਂ ਨੂੰ ਟਿੱਚ ਦੱਸ ਰਹੇ ਹਨ। ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂਕਿਹਾ ਕਿ ਜੱਜਾਂ ਦੀ ਸਾਨੂੰ ਕੋਈ ਪਰਵਾਹ ਨਹੀਂ, ਡਿਪੋਰਟੇਸ਼ਨ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸੇ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਜੱਜ ਨੂੰ ਹਟਾਉਣ ਦੇ ਹੁਕਮ ਦੇ ਦਿਤੇ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੌਹਨ ਰੌਬਰਟਸ ਨੇ ਇਸ ਬਾਰੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਹੇਠਲੀ ਅਦਾਲਤ ਦੇ ਫੈਸਲੇ ਨਾਲ ਉਚ ਅਦਾਲਤ ਵਿਚ ਅਪੀਲ ਰਾਹੀਂ ਨਜਿੱਠਿਆ ਜਾਵੇ।

Tags:    

Similar News