ਅਮਰੀਕਾ : ਮਮਤਾ ਭੱਟ ਕਤਲ ਮਾਮਲੇ ਵਿਚ ਅਹਿਮ ਸੁਰਾਗ ਆਏ ਸਾਹਮਣੇ
ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਮਮਤਾ ਭੱਟ ਕਤਲ ਮਾਮਲੇ ਬਾਰੇ ਅਹਿਮ ਸੁਰਾਗ ਸਾਹਮਣੇ ਆਏ ਹਨ ਅਤੇ ਨਰੇਸ਼ ਭੱਟ ’ਤੇ ਸ਼ੱਕ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।;
ਵਰਜੀਨੀਆ : ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਮਮਤਾ ਭੱਟ ਕਤਲ ਮਾਮਲੇ ਬਾਰੇ ਅਹਿਮ ਸੁਰਾਗ ਸਾਹਮਣੇ ਆਏ ਹਨ ਅਤੇ ਨਰੇਸ਼ ਭੱਟ ’ਤੇ ਸ਼ੱਕ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।ਪੁਲਿਸ ਵੱਲੋਂ ਨੀਲੀ ਰੌਸ਼ਨੀ ਦੀ ਮਦਦ ਨਾਲ ਬੈਡਰੂਮ ਅਤੇ ਬਾਥਰੂਮ ਵਿਚ ਖੂਨ ਦੇ ਛਿੱਟਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਇਹ ਵੀ ਪਤਾ ਲੱਗਾ ਹੈ ਕਿ ਲਾਸ਼ ਨੂੰ ਘੜੀਸ ਕੇ ਘਰ ਤੋਂ ਬਾਹਰ ਲਿਜਾਇਆ ਗਿਆ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਦਾ ਕਹਿਣਾ ਹੈ ਕਿ ਖੂਨ ਦੇ ਨਿਸ਼ਾਨ ਨਕਸੀਰ ਫੁੱਟਣ ਕਾਰਨ ਡਿੱਗੇ ਛਿੱਟਿਆਂ ਤੋਂ ਬਣੇ। ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਨਰੇਸ਼ ਭੱਟ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਟੈਸਲਾ ਕਾਰ ਵੇਚ ਦਿਤੀ ਸੀ ਪਰ ਪੁਲਿਸ ਨੇ ਇਕ ਕਾਰ ਡੀਲਰਸ਼ਿਪ ਤੋਂ ਇਹ ਲੱਭ ਲਈ ਅਤੇ ਹੁਣ ਇਸ ਦੇ ਕੰਪਿਊਟਰ ਦੀ ਛਾਣ-ਬੀਣ ਕੀਤੀ ਜਾ ਰਹੀ ਹੈ। ਨਰੇਸ਼ ਭੱਟ ਨੇ ਆਪਣਾ ਘਰ ਵੇਚਣ ਦਾ ਯਤਨ ਵੀ ਕੀਤਾ ਅਤੇ ਪੁਲਿਸ ਮੁਤਾਬਕ ਜਦੋਂ ਉਹ ਘਰ ਵਿਚ ਦਾਖਲ ਹੋਏ ਤਾਂ ਬੋਰੀ ਬਿਸਤਰਾ ਬੰਨਿ੍ਹਆ ਹੋਇਆ ਸੀ। ਨਰੇਸ਼ ਭੱਟ ਕੋਲੋਂ ਉਸ ਦਾ ਅਤੇ ਉਸ ਦੀ ਬੇਟੀ ਦੀ ਪਾਸਪੋਰਟ ਵੀ ਮਿਲਿਆ। ਨਰੇਸ਼ ਭੱਟ ਵਿਰੁੱਧ ਹੁਣ ਤੱਕ ਕਤਲ ਦੇ ਦੋਸ਼ ਆਇਦ ਨਹੀਂ ਕੀਤੇ ਗਏ ਪਰ ਪੁਲਿਸ ਹਰ ਪਹਿਲੂ ਨੂੰ ਡੂੰਘਾਈ ਨਾਲ ਘੋਖ ਰਹੀ ਹੈ। ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਮਮਤਾ ਵੱਲੋਂ ਆਪਣੇ ਪਤੀ ਵਿਰੁੱਧ ਘਰੇਲੂ ਹਿੰਸਾ ਦੇ ਦੋਸ਼ ਵੀ ਲਾਏ ਜਾ ਚੁੱਕੇ ਸਨ। ਮਮਤਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਨਰੇਸ਼ ਨੇ ਉਸ ਦਾ ਫੋਨ ਤੋੜ ਦਿਤਾ ਅਤੇ ਪਾਸਪੋਰਟ ਸਣੇ ਹੋਰ ਜ਼ਰੂਰੀ ਦਸਤਾਵੇਜ਼ ਸੌਂਪਣ ਤੋਂ ਨਾਂਹ ਕਰ ਦਿਤੀ।
ਬੈਡਰੂਮ ਅਤੇ ਬਾਥਰੂਮ ਵਿਚ ਮਿਲੇ ਖੂਨ ਦੇ ਛਿੱਟਿਆਂ ਦੇ ਨਿਸ਼ਾਨ
ਇਸ ਦੇ ਉਲਟ ਨਰੇਸ਼ ਨੇ ਦਾਅਵਾ ਕੀਤਾ ਕਿ ਮਮਤਾ ਨੇ ਆਪਣਾ ਫੋਨ ਖੁਦ ਤੋੜਿਆ ਪਰ ਸਰਕਾਰੀ ਵਕੀਲਾਂ ਮੁਤਾਬਕ 1 ਅਗਸਤ ਤੱਕ ਮਮਤਾ ਦੇ ਫੋਨ ਤੇ ਮੈਸੇਜ ਅਤੇ ਕਾਲਜ਼ ਆ ਰਹੀਆਂ ਸਨ। ਮਮਤਾ ਨੂੰ ਆਖਰੀ ਵਾਰ 27 ਜੁਲਾਈ ਨੂੰ ਦੇਖਿਆ ਅਤੇ 28 ਜੁਲਾਈ ਨੂੰ ਉਸ ਨੇ ਇਕ ਦੋਸਤ ਨਾਲ ਫੋਨ ’ਤੇ ਗੱਲਬਾਤ ਕੀਤੀ ਜਦਕਿ ਨਰੇਸ਼ ਭੱਟ ਮੁਤਾਬਕ ਉਸ ਨੇ ਆਪਣੀ ਪਤਨੀ ਨੂੰ ਆਖਰੀ ਵਾਰ 31 ਜੁਲਾਈ ਨੂੰ ਦੇਖਿਆ। ਪੀਡੀਐਟ੍ਰਿਕ ਨਰਸ ਵਜੋਂ ਕੰਮ ਕਰਦੀ ਮਮਤਾ ਕਈ ਦਿਨ ਕੰਮ ’ਤੇ ਨਾ ਗਈ ਤਾਂ 2 ਅਗਸਤ ਨੂੰ ਉਸ ਦੇ ਸਾਥੀ ਮੁਲਾਜ਼ਮਾਂ ਨੇ ਪੁਲਿਸ ਨੂੰ ਇਤਲਾਹ ਦੇ ਦਿਤੀ। ਉਸ ਵੇਲੇ ਨਰੇਸ਼ ਭੱਟ ਨੇ ਦਾਅਵਾ ਕੀਤਾ ਕਿ ਮਮਤਾ ਲਾਪਤਾ ਨਹੀਂ ਹੋਈ ਪਰ ਛੇ ਦਿਨ ਬਾਅਦ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਪੁੱਜ ਗਿਆ। ਮਨਾਸਸ ਪਾਰਕ ਸ਼ਹਿਰ ਦੇ ਪੁਲਿਸ ਮੁਖੀ ਮਾਰੀਓ ਲੂਗੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਨਰੇਸ਼ ਭੱਟ ਪੜਤਾਲ ਵਿਚ ਸਹਿਯੋਗ ਨਹੀਂ ਕਰ ਰਿਹਾ। ਗ੍ਰਿਫ਼ਤਾਰੀ ਤੋਂ ਕੁਝ ਦਿਨ ਪਹਿਲਾਂ ਨਰੇਸ਼ ਭੱਟ ਵੱਲੋਂ ਕਥਿਤ ਡਰਾਮਾ ਕਰਦਿਆਂ ਆਪਣੀ ਪਤਨੀ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਜੋ ਵੱਖ ਵੱਖ ਟੈਲੀਵਿਜ਼ਨ ਚੈਨਲਾਂ ’ਤੇ ਪ੍ਰਸਾਰਤ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਮਮਤਾ ਭੱਟ ਨੇ ਲਾਪਤਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਬੱਚੇ ਦੀ ਪਰਵਰਿਸ਼ ਵਿਚ ਮਦਦ ਨਹੀਂ ਕਰਦਾ। ਮਮਤਾ ਨੇ ਲਿਖਿਆ ਕਿ ਉਹ ਹਫ਼ਤੇ ਵਿਚ ਦੋ ਦਿਨ ਕੰਮ ਕਰਦੀ ਹੈ ਪਰ ਬੱਚੇ ਦੀ ਸੰਭਾਲ ਵਿਚ ਨਰੇਸ਼ ਕੋਈ ਮਦਦ ਨਹੀਂ ਕਰਦਾ। ਇਸੇ ਦੌਰਾਨ ਫੇਸਬੁਕ ’ਤੇ ਮਮਤਾ ਦੀ ਇਕ ਹੋਰ ਪੋਸਟ ਸਾਹਮਣੇ ਆਈ ਜਿਸ ਵਿਚ ਉਸ ਨੇ ਲਿਖਿਆ ਕਿ ਉਹ ਆਪਣੇ ਪਤੀ ਤੋਂ ਤਲਾਕ ਲੈ ਚੁੱਕੀ ਹੈ ਪਰ ਉਹ ਅਤੇ ਉਸ ਦਾ ਪਤੀ ਹੁਣ ਵੀ ਇਕੱਠੇ ਰਹਿ ਰਹੇ ਹਨ। ਦੂਜੇ ਪਾਸੇ ਮਮਤਾ ਦੀ ਸਹੇਲੀ ਰੌਬਿਨ ਕੁਪੂਸਵਾਮੀ ਨੇ 12 ਅਗਸਤ ਨੂੰ ਸੋਸ਼ਲ ਮੀਡੀਆ ਰਾਹੀਂ ਉਸ ਦੀ ਸੁੱਖ-ਸਾਂਦ ਪ੍ਰਤੀ ਚਿੰਤਾ ਜ਼ਾਹਰ ਕੀਤੀ।