ਅਮਰੀਕਾ : ਗ੍ਰਿਫ਼ਤਾਰ ਪੰਜਾਬੀ ਡਰਾਈਵਰ ਦੇ ਸਾਥੀਆਂ ਨੂੰ ਭਾਜੜਾਂ
ਤਿੰਨ ਕਤਲਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਸਾਥੀ ਲੁਕਦੇ ਫਿਰ ਰਹੇ ਹਨ ਜਿਨ੍ਹਾਂ ਵਿਚ 25 ਸਾਲ ਦਾ ਹਰਨੀਤ ਸਿੰਘ ਵੀ ਸ਼ਾਮਲ ਹੈ ਜੋ ਹਾਦਸੇ ਵਾਲੇ ਦਿਨ ਟਰੱਕ ਵਿਚ ਮੌਜੂਦ ਸੀ
ਸਟੌਕਟਨ : ਅਮਰੀਕਾ ਵਿਚ ਤਿੰਨ ਕਤਲਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਸਾਥੀ ਲੁਕਦੇ ਫਿਰ ਰਹੇ ਹਨ ਜਿਨ੍ਹਾਂ ਵਿਚ 25 ਸਾਲ ਦਾ ਹਰਨੀਤ ਸਿੰਘ ਵੀ ਸ਼ਾਮਲ ਹੈ ਜੋ ਹਾਦਸੇ ਵਾਲੇ ਦਿਨ ਟਰੱਕ ਵਿਚ ਮੌਜੂਦ ਸੀ। ਪੰਜਾਬੀ ਡਰਾਈਵਰਾਂ ਵਿਚ ਪਈ ਭਾਜੜ ਦਾ ਮੁੱਖ ਕਾਰਨ ਹਰਜਿੰਦਰ ਸਿੰਘ ਦਾ ਸਾਰੇ ਟੈਸਟਾਂ ਵਿਚ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਟ੍ਰਾਂਸਪੋਰਟ ਵਿਭਾਗ ਦੇ ਅਫ਼ਸਰਾਂ ਨੇ ਅੰਗਰੇਜ਼ੀ ਵਿਚ 12 ਸਵਾਲ ਹਰਜਿੰਦਰ ਸਿੰਘ ਨੂੰ ਪੁੱਛੇ ਜਿਨ੍ਹਾਂ ਵਿਚੋਂ ਸਿਰਫ਼ ਦੋ ਸਵਾਲਾਂ ਦਾ ਜਵਾਬ ਦੇ ਸਕਿਆ। ਇਸੇ ਤਰ੍ਹਾਂ ਰੋਡ ਸਾਈਨ ਟੈਸਟ ਦੌਰਾਨ ਵੀ ਚਾਰ ਸੰਕੇਤਾਂ ਵਿਚੋਂ ਸਿਰਫ਼ ਇਕ ਦੀ ਪਛਾਣ ਹਰਜਿੰਦਰ ਸਿੰਘ ਕਰ ਸਕਿਆ।
ਅੰਗਰੇਜ਼ੀ ਅਤੇ ਰੋਡ ਸਾਈਨ ਟੈਸਟ ਵਿਚ ਹੋਇਆ ਫੇਲ
ਦੂਜੇ ਪਾਸੇ ਫਲੋਰੀਡਾ ਦੇ ਹਾਦਸੇ ਮਗਰੋਂ ਭਗੌੜਾ ਕਰਾਰ ਦਿਤੇ ਹਰਜਿੰਦਰ ਸਿੰਘ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੈਨ ਵੌਕਿਨ ਕਾਊਂਟੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੈਨ ਵੌਕਿਨ ਕਾਊਂਟੀ ਦੀ ਸੁਪੀਰੀਅਰ ਕੋਰਟ ਵਿਚ ਹਰਜਿੰਦਰ ਸਿੰਘ ਨੇ ਆਪਣੀ ਹਵਾਲਗੀ ਦੇ ਕਾਗਜ਼ਾਂ ’ਤੇ ਦਸਤਖ਼ਤ ਕੀਤੇ ਅਤੇ ਦੁਭਾਸ਼ੀਏ ਦੀ ਮਦਦ ਨਾਲ ਅਦਾਲਤ ਨੂੰ ਦੱਸਿਆ ਕਿ ਉਹ ਆਪਣੇ ਹੱਕਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਜੱਜ ਨੇ ਹਰਜਿੰਦਰ ਸਿੰਘ ਨੂੰ ਕਈ ਸਵਾਲ ਕੀਤੇ ਪਰ ਉਸ ਦਾ ਜਵਾਬ ਸਿਰਫ਼ ‘ਹਾਂ’ ਦੇ ਰੂਪ ਵਿਚ ਆਇਆ। ਇਸ ਮਗਰੋਂ ਜੱਜ ਨੇ ਹਰਜਿੰਦਰ ਸਿੰਘ ਲਈ ਸਰਕਾਰੀ ਵਕੀਲ ਨਿਯੁਕਤ ਕਰਦਿਆਂ ਉਸ ਨੂੰ ਫਲੋਰੀਡਾ ਭੇਜਣ ਦੀ ਹਰੀ ਝੰਡੀ ਦੇ ਦਿਤੀ। ਅਦਾਲਤ ਵਿਚ ਸੁਰੱਖਿਆ ਪ੍ਰਬੰਧਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੁਣਵਾਈ ਦੌਰਾਨ 9 ਪੁਲਿਸ ਅਫ਼ਸਰ ਕੋਰਟਰੂਮ ਵਿਚ ਮੌਜੂਦ ਰਹੇ ਜਿਨ੍ਹਾਂ ਵਿਚੋਂ ਕੁਝ ਹਰਜਿੰਦਰ ਸਿੰਘ ਦੇ ਆਲੇ ਦੁਆਲੇ ਖੜ੍ਹੇ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਮਗਰੋਂ ਹਰਜਿੰਦਰ ਸਿੰਘ ਅਤੇ ਉਸ ਦਾ ਸਾਥੀ ਹਰਨੀਤ ਸਿੰਘ ਫਰਾਰ ਹੋ ਕੇ ਕੈਲੇਫੋਰਨੀਆ ਪੁੱਜ ਗਏ ਅਤੇ ਇਸੇ ਕਰ ਕੇ ਭਗੌੜਾ ਕਰਾਰ ਦਿੰਦਿਆਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ।
ਕੈਲੇਫੋਰਨੀਆ ਦੀ ਅਦਾਲਤ ਵੱਲੋਂ ਫਲੋਰੀਡਾ ਭੇਜਣ ਦੀ ਹਰੀ ਝੰਡੀ
ਉਧਰ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਹਰਜਿੰਦਰ ਸਿੰਘ ਨੂੰ ਡਰਾਈਵਰ ਰੱਖਣ ਵਾਲੀ ਕੰਪਨੀ ਵਾਈਟ ਹੌਕ ਕੈਰੀਅਰਜ਼ ਵਿਰੁੱਧ ਵੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਹਰਜਿੰਦਰ ਸਿੰਘ ਨੂੰ ਨਾ ਅੰਗਰੇਜ਼ੀ ਆਉਂਦੀ ਹੈ ਅਤੇ ਨਾ ਹੀ ਰੋਡ ਸਾਈਨ ਪੜ੍ਹ ਸਕਦਾ ਹੈ ਪਰ ਇਸੇ ਦੇ ਬਾਵਜੂਦ ਵਾਸ਼ਿੰਗਟਨ ਅਤੇ ਕੈਲੇਫੋਰਨੀਆ ਵਿਚ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਹਾਸਲ ਕਰਨ ਵਿਚ ਸਫ਼ਲ ਰਿਹਾ। ਸ਼ੌਨ ਡਫ਼ੀ ਦਾ ਕਹਿਣਾ ਸੀ ਕਿ ਤਿੰਨ ਜਣਿਆਂ ਦੀ ਜਾਨ ਬਚਾਈ ਜਾ ਸਕਦੀ ਸੀ ਜੇ ਨਿਊ ਮੈਕਸੀਕੋ ਵਿਚ ਤੇਜ਼ ਰਫ਼ਤਾਰ ਟਰੱਕ ਚਲਾਉਂਦਿਆਂ ਫੜੇ ਗਏ ਹਰਜਿੰਦਰ ਸਿੰਘ ਦਾ ਅੰਗਰੇਜ਼ੀ ਵਿਚ ਮੁਹਾਰਤ ਦਾ ਟੈਸਟ ਲਿਆ ਜਾਂਦਾ ਅਤੇ ਡਰਾਈਵਿੰਗ ਲਾਇਸੰਸ ਕਰ ਦਿਤਾ ਜਾਂਦਾ। ਦੱਸ ਦੇਈਏ ਕਿ ਕੈਲੇਫੋਰਨੀਆ ਵਿਚ ਸਿਰਫ਼ ਅੰਗਰੇਜ਼ੀ ਭਾਸ਼ਾ ਦੇ ਆਧਾਰ ’ਤੇ ਕਮਰਸੀਅਲ ਡਰਾਈਵਿੰਗ ਲਾਇਸੰਸ ਜਾਰੀ ਕੀਤੇ ਜਾਂਦੇ ਹਨ ਪਰ ਵਾਸ਼ਿੰਗਟਨ ਸੂਬੇ ਵਿਚ ਅੰਗਰੇਜ਼ੀ ਤੋਂ ਇਲਾਵਾ ਸਪੈਨਿਸ਼, ਰਸ਼ੀਅਨ ਜਾਂ ਸਰਬੀਅਨ ਭਾਸ਼ਾ ਆਉਂਦੀ ਹੋਣ ’ਤੇ ਵੀ ਲਾਇਸੰਸ ਹਾਸਲ ਕੀਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਹਾਦਸੇ ਵੇਲੇ ਹਰਜਿੰਦਰ ਸਿੰਘ ਵਾਈਟ ਹੌਕ ਕੈਰੀਅਰਜ਼ ਦਾ ਟਰੱਕ ਚਲਾ ਰਿਹਾ ਸੀ ਅਤੇ ਹੁਣ ਇਹ ਟ੍ਰਾਂਸਪੋਰਟ ਕੰਪਨੀ ਕੈਲੇਫੋਰਨੀਆ ਤੋਂ ਬਾਹਰ ਟਰੱਕ ਨਹੀਂ ਭੇਜ ਸਕੇਗੀ। ਇਸ ਤੋਂ ਇਲਾਵਾ ਬੀਮੇ ਦੇ ਰੂਪ ਵਿਚ ਕੰਪਨੀ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲੇਗਾ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਹਰਜਿੰਦਰ ਸਿੰਘ ਦੇ ਮਾਮਲੇ ਵਿਚ ਟਿੱਪਣੀ ਕਰਦਿਆਂ ਟਰੰਪ ਸਰਕਾਰ ਨੂੰ ਅਪੀਲ ਕੀਤੀ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰਿਆਇਤਾਂ ਦੇਣ ਵਾਲੇ ਰਾਜਾਂ ਦੀ ਆਰਥਿਕ ਸਹਾਇਤਾ ਬੰਦ ਕਰ ਦਿਤੀ ਜਾਵੇ।