ਅਮਰੀਕਾ : 2 ਲੱਖ ਭਾਰਤੀ ਨੌਜਵਾਨ ’ਤੇ ਮੰਡਰਾਇਆ ਡਿਪੋਰਟੇਸ਼ਨ ਦਾ ਖਤਰਾ

ਅਮਰੀਕਾ ਵਿਚ 2 ਲੱਖ ਭਾਰਤੀ ਨੌਜਵਾਨਾਂ ’ਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾਅ ਰਿਹਾ ਹੈ ਅਤੇ ਸਮਾਂ ਲੰਘਣ ਦੇ ਨਾਲ ਉਮੀਦਾਂ ਟੁਟਦੀਆਂ ਮਹਿਸੂਸ ਹੋ ਰਹੀਆਂ ਹਨ। ਮਾਪਿਆਂ ਨੂੰ ਗਰੀਨ ਕਾਰਡ ਮਿਲਣ ਵਿਚ ਹੋ ਰਹੀ ਦੇਰ ਬੱਚਿਆਂ ਦਾ ਭਵਿੱਖ ਧੁੰਦਲਾ ਕਰ ਸਕਦੀ ਹੈ

Update: 2024-07-27 11:25 GMT

ਵਾਸ਼ਿੰਗਟਨ : ਅਮਰੀਕਾ ਵਿਚ 2 ਲੱਖ ਭਾਰਤੀ ਨੌਜਵਾਨਾਂ ’ਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾਅ ਰਿਹਾ ਹੈ ਅਤੇ ਸਮਾਂ ਲੰਘਣ ਦੇ ਨਾਲ ਉਮੀਦਾਂ ਟੁਟਦੀਆਂ ਮਹਿਸੂਸ ਹੋ ਰਹੀਆਂ ਹਨ। ਮਾਪਿਆਂ ਨੂੰ ਗਰੀਨ ਕਾਰਡ ਮਿਲਣ ਵਿਚ ਹੋ ਰਹੀ ਦੇਰ ਬੱਚਿਆਂ ਦਾ ਭਵਿੱਖ ਧੁੰਦਲਾ ਕਰ ਸਕਦੀ ਹੈ ਅਤੇ ਵਾਈਟ ਹਾਊਸ ਵੱਲੋਂ ਇਸ ਸਮੱਸਿਆ ਲਈ ਰਿਪਬਲਿਕਨ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਵਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਪ੍ਰਵਾਸੀਆਂ ਦੇ ਤਕਰੀਬਨ ਢਾਈ ਲੱਖ ਬੱਚਿਆਂ ਨੂੰ ਪੱਕਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੋਣ ਕਾਰਨ ਮਤਾ ਅੱਗੇ ਨਹੀਂ ਵਧ ਰਿਹਾ।

21 ਸਾਲ ਦੀ ਉਮਰ ਟੱਪ ਰਹੇ ਨੇ ਕੱਚੇ ਪ੍ਰਵਾਸੀਆਂ ਦੇ ਢਾਈ ਲੱਖ ਬੱਚੇ

ਪਿਛਲੇ ਮਹੀਨੇ ‘ਇੰਪਰੂਵ ਦਾ ਡਰੀਮ’ ਨਾਂ ਦੀ ਜਥੇਬੰਦੀ ਵੱਲੋਂ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਫਸਰਾਂ ਨਾਲ ਮੁਲਾਕਾਤ ਕਰ ਕੇ ਇਹ ਮੁੱਦਾ ਉਠਾਇਆ ਗਿਆ। ਜਥੇਬੰਦੀ ਦੇ ਬਾਨੀ ਦੀਪ ਪਟੇਲ ਨੇ ਕਿਹਾ ਕਿ 21 ਸਾਲ ਦੀ ਉਮਰ ਤੱਕ ਪੁੱਜ ਚੁੱਕੇ ਬੱਚਿਆਂ ਨੂੰ ਤੁਰਤ ਰਾਹਤ ਮਿਲਣੀ ਚਾਹੀਦੀ ਹੈ। ਦੱਸ ਦੇਈਏ ਕਿ ਜੈਫਰੀਨਾ ਵਰਗੇ ਕੁਝ ਨੌਜਵਾਨ ਉਮਰ ਹੱਦ ਪਾਰ ਵੀ ਕਰ ਚੁੱਕੇ ਹਨ। ਜੈਫਰੀਨਾ ਨੇ ਦੱਸਿਆ ਕਿ ਉਹ 7 ਸਾਲ ਦੀ ਉਮਰ ਵਿਚ 2005 ਵਿਚ ਅਮਰੀਕਾ ਪੁੱਜੀ ਸੀ। ਜੈਫਰੀਨਾ ਦੇ ਪਰਵਾਰ ਨੇ 2010 ਵਿਚ ਗਰੀਨ ਕਾਰਡ ਵਾਸਤੇ ਅਰਜ਼ੀ ਦਾਇਰ ਕੀਤੀ ਤਾਂ ਉਸ ਦੀ ਉਮਰ 12 ਸਾਲ ਹੋ ਚੁੱਕੀ ਸੀ ਪਰ 21 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਜੈਫਰੀਨਾ ਦੇ ਪਰਵਾਰ ਨੂੰ ਗਰੀਨ ਕਾਰਡ ਨਾ ਮਿਲਿਆ। ਇਸ ਵੇਲੇ ਜੈਫਰੀਨਾ 27 ਸਾਲ ਦੀ ਹੋ ਚੁੱਕੀ ਹੈ ਅਤੇ ਮਿਨੇਸੋਟਾ ਦੀ ਯੂਨੀਵਰਸਿਟੀ ਵਿਚ ਐਮ.ਬੀ.ਏ. ਕਰ ਰਹੀ ਹੈ। ਦੂਜੇ ਪਾਸੇ ਟੈਕਸਸ ਵਿਚ ਕਲਾਊਡ ਇੰਜਨੀਅਰ ਵਜੋਂ ਕੰਮ ਕਰ ਰਹੀ ਪ੍ਰਨੀਤਾ ਦੀ ਵੀ ਇਹੋ ਕਹਾਣੀ ਹੈ ਜੋ 8 ਸਾਲ ਦੀ ਉਮਰ ਵਿਚ ਆਪਣੇ ਮਾਪਿਆਂ ਨਾਲ ਅਮਰੀਕਾ ਆਈ।

ਮਾਪਿਆਂ ਦੇ ਗਰੀਨ ਕਾਰਡ ਵਿਚ ਦੇਰ ਹੋਣ ਕਾਰਨ ਪੈਦਾ ਹੋਈ ਸਮੱਸਿਆ

ਮਾਪਿਆਂ ਨੂੰ ਸਮਾਂ ਰਹਿੰਦੇ ਗਰੀਨ ਕਾਰਡ ਨਾ ਮਿਲਿਆ ਅਤੇ ਹੁਣ ਉਸ ਨੂੰ ਵੀ ਐਚ-1ਬੀ ਵੀਜ਼ਾ ਦੇ ਸਹਾਰੇ ਅਮਰੀਕਾ ਵਿਚ ਰਹਿਣਾ ਪੈ ਰਿਹਾ ਹੈ। ਪ੍ਰਨੀਤਾ ਦੇ ਉਲਟ ਰੌਸ਼ਨ ਨੂੰ ਪਿਛਲੇ ਸਾਲ ਅਮਰੀਕਾ ਛੱਡਣਾ ਪਿਆ। ਰੌਸ਼ਨ 10 ਸਾਲ ਦੀ ਉਮਰ ਵਿਚ ਅਮਰੀਕਾ ਆਇਆ ਸੀ ਅਤੇ 2019 ਵਿਚ ਉਸ ਦੀ ਉਮਰ 21 ਸਾਲ ਤੋਂ ਟੱਪ ਗਈ। ਵੱਖ ਵੱਖ ਤਰੀਕਿਆਂ ਨਾਲ ਅਮਰੀਕਾ ਵਿਚ ਰਹਿਣ ਦੇ ਉਪਰਾਲੇ ਕੀਤੇ ਪਰ ਆਖਰਕਾਰ ਭਾਰਤ ਪਰਤਣਾ ਹੀ ਪਿਆ। ਅਜਿਹੇ ਕਈ ਹੋਰ ਨੌਜਵਾਨਾਂ ਦਾ ਜ਼ਿਕਰ ਕਰਦਿਆਂ ਦੀਪ ਪਟੇਲ ਨੇ ਕਿਹਾ ਕਿ ਹਰ 24 ਘੰਟੇ ਬਾਅਦ ਕੋਈ ਨਾ ਕੋਈ ਆਪਣੀ ਉਮਰ ਦਾ 21ਵਾਂ ਵਰ੍ਹਾ ਪਾਰ ਕਰ ਰਿਹਾ ਹੈ ਅਤੇ ਅਮਰੀਕਾ ਛੱਡਣ ਲਈ ਮਜਬੂਰ ਹੈ ਜਦਕਿ ਉਸ ਦੇ ਪਰਵਾਰ ਨੇ ਮੁਲਕ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ। ਬਾਇਡਨ ਸਰਕਾਰ ਨੂੰ ਲਿਖੇ ਪੱਤਰ ਵਿਚ ਵੱਖ ਵੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਆਪਣੀ ਉਮਰ ਦੀ ਜ਼ਿਆਦਾਤਰ ਵਰ੍ਹੇ ਅਮਰੀਕਾ ਵਿਚ ਲੰਘਾਉਣ ਦੇ ਬਾਵਜੂਦ ਪ੍ਰਵਾਸੀਆਂ ਦੇ ਬੱਚਿਆਂ ਨੂੰ ਦੇਸ਼ ਨਿਕਾਲਾ ਦਿਤਾ ਜਾ ਰਿਹਾ ਹੈ। ਮਾਪਿਆਂ ਦੀਆਂ ਗਰੀਨ ਕਾਰਡ ਅਰਜ਼ੀਆਂ ਸਮਾਂ ਰਹਿੰਦੇ ਪ੍ਰੋਸੈਸ ਹੋ ਜਾਂਦੀਆਂ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ ਅਤੇ ਉਹ ਵੀ ਪੱਕੇ ਤੌਰ ’ਤੇ ਅਮਰੀਕਾ ਵਿਚ ਰਹਿ ਸਕਦੇ।

Tags:    

Similar News