America : 2 ਭਾਰਤੀ ਮੁਟਿਆਰਾਂ ਦੀ ਦਰ.ਦਨਾਕ ਮੌ.ਤ

ਅਮਰੀਕਾ ਵਿਚ ਵਾਪਰੇ ਦਿਲ ਕੰਬਾਊ ਹਾਦਸੇ ਦੌਰਾਨ ਦੋ ਭਾਰਤੀ ਮੁਟਿਆਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ

Update: 2025-12-30 13:48 GMT

ਕੈਲੇਫੋਰਨੀਆ : ਅਮਰੀਕਾ ਵਿਚ ਵਾਪਰੇ ਦਿਲ ਕੰਬਾਊ ਹਾਦਸੇ ਦੌਰਾਨ ਦੋ ਭਾਰਤੀ ਮੁਟਿਆਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਦੋਹਾਂ ਦੀ ਸ਼ਨਾਖ਼ਤ ਮੇਘਨਾ ਅਤੇ ਭਾਵਨਾ ਵਜੋਂ ਕੀਤੀ ਗਈ ਹੈ ਜਿਨ੍ਹਾਂ ਨੇ ਹਾਲ ਹੀ ਵਿਚ ਯੂਨੀਵਰਸਿਟੀ ਆਫ਼ ਡੇਅਟਨ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਮੁਕੰਮਲ ਕੀਤੀ ਅਤੇ ਨੌਕਰੀ ਦੀ ਭਾਲ ਵਿਚ ਸਨ। 25 ਸਾਲ ਦੀ ਮੇਘਨਾ ਅਤੇ 24 ਸਾਲ ਦੀ ਭਾਵਨਾ ਓਹਾਇਓ ਸੂਬੇ ਵਿਚ ਰਹਿੰਦੀਆਂ ਸਨ ਅਤੇ ਆਪਣੀਆਂ ਸਹੇਲੀਆਂ ਨਾਲ ਕੈਲਫੋਰਨੀਆ ਵਿਚ ਸੈਰ ਸਪਾਟੇ ਦਾ ਪ੍ਰੋਗਰਾਮ ਬਣਾਇਆ। ਮੀਡੀਆ ਰਿਪੋਰਟ ਮੁਤਾਬਕ ਦੋ ਵੱਖ ਵੱਖ ਗੱਡੀਆਂ ਵਿਚ ਸਵਾਰ ਤਕਰੀਬਨ ਅੱਠ ਜਣੇ ਕੈਲੇਫੋਰਨੀਆ ਦੇ ਬਿਸ਼ਪ ਇਲਾਕੇ ਵਿਚ ਐਲਾਬਾਮਾ ਹਿਲਜ਼ ਤੋਂ ਲੰਘ ਰਹੇ ਸਨ ਜਦੋਂ ਪਹਾੜੀ ਰਾਹ ’ਤੇ ਅਚਨਚੇਤ ਇਕ ਤਿੱਖਾ ਮੋੜ ਆ ਗਿਆ ਅਤੇ ਮੇਘਨਾ ਤੇ ਭਾਵਨਾ ਦੀ ਗੱਡੀ ਡੂੰਘੀ ਖੱਡ ਵਿਚ ਜਾ ਡਿੱਗੀ।

ਪਹਾੜ ਤੋਂ ਡੂੰਘੀ ਖੱਡ ਵਿਚ ਡਿੱਗੀ ਮੇਘਨਾ ਅਤੇ ਭਾਵਨਾ ਦੀ ਕਾਰ

ਗੱਡੀ ਵਿਚ ਸਵਾਰ ਦੋ ਹੋਰਨਾਂ ਵਿਦਿਆਰਥੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਦਾ ਹੈਰਾਨਕੁੰਨ ਪਹਿਲੂ ਇਹ ਹੈ ਕਿ ਮੇਘਨਾ ਅਤੇ ਭਾਵਨਾ ਬਚਪਨ ਦੀਆਂ ਸਹੇਲੀਆਂ ਸਨ ਜਿਨ੍ਹਾਂ ਨੇ ਅਮਰੀਕਾ ਵਿਚ ਇਕੱਠਿਆਂ ਪੜ੍ਹਾਈ ਮੁਕੰਮਲ ਅਤੇ ਇਸ ਦੁਨੀਆਂ ਨੂੰ ਵੀ ਇਕੱਠਿਆਂ ਹੀ ਅਲਵਿਦਾ ਆਖ ਗਈਆਂ। ਮੇਘਨਾ ਦੇ ਪਿਤਾ ਨਾਗੇਸ਼ਵਰ ਰਾਓ ਭਾਰਤ ਦੇ ਤੇਲੰਗਾਨਾ ਸੂਬੇ ਦੇ ਮੁਲਕਾਨੂਰ ਪਿੰਡ ਵਿਚ ਇਕ ਸੇਵਾ ਕੇਂਦਰ ਚਲਾਉਂਦੇ ਹਨ ਜਦਕਿ ਭਾਵਨਾ ਦੇ ਪਿਤਾ ਕੋਟੇਸ਼ਵਰ ਰਾਓ ਪਿੰਡ ਦੇ ਸਰਪੰਚ ਹਨ। ਦੋਹਾਂ ਦੋਸਤਾਂ ਨੇ ਆਪਣੀਆਂ ਧੀਆਂ ਨੂੰ ਇਕੋ ਸਕੂਲ ਵਿਚ ਪੜ੍ਹਾਇਆ ਅਤੇ ਇਕੋ ਕਾਲਜ ਵਿਚ ਪੜ੍ਹੀਆਂ। ਇਥੋਂ ਤੱਕ ਕਿ ਅਮਰੀਕਾ ਜਾਣ ਵੇਲੇ ਵੀ ਦੋਹਾਂ ਨੂੰ ਆਸਾਨੀ ਨਾਲ ਸਟੱਡੀ ਵੀਜ਼ਾ ਮਿਲ ਗਿਆ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸ਼ਾਮ ਹਾਦਸੇ ਬਾਰੇ ਪਤਾ ਲੱਗਾ। ਨਾਗੇਸ਼ਵਰ ਰਾਓ ਨੇ ਦੱਸਿਆ ਕਿ ਮੇਘਨਾ ਨੇ ਆਖਰੀ ਵਾਰ ਫੋਨ ਕਾਲ ਦੌਰਾਨ ਦੱਸਿਆ ਸੀ ਕਿ ਉਹ 10 ਦਿਨ ਦੇ ਹੌਲੀਡੇਅ ਟ੍ਰਿਪ ’ਤੇ ਜਾ ਰਹੀ ਹੈ ਪਰ ਚੌਥੇ ਹੀ ਦਿਨ ਮੰਦਭਾਗੀ ਖ਼ਬਰ ਆ ਗਈ। ਉਧਰ ਭਾਵਨਾ ਦੇ ਪਿਤਾ ਕੋਟੇਸ਼ਵਰ ਰਾਓ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਸਨ ਰੁਕ ਰਹੇ।

ਸੈਰ-ਸਪਾਟਾ ਕਰਨ ਕੈਲੇਫੋਰਨੀਆ ਗਈਆਂ ਸਨ ਦੋਵੇਂ ਸਹੇਲੀਆਂ

ਉਨ੍ਹਾਂ ਕਿਹਾ ਕਿ ਭਾਵਨਾ ਅਮਰੀਕਾ ਵਿਚ ਪੜ੍ਹਾਈ ਮੁਕੰਮਲ ਕਰਨ ਮਗਰੋਂ ਮਲਟੀਨੈਸ਼ਨਲ ਕੰਪਨੀ ਵਿਚ ਨੌਕਰੀ ਕਰਨਾ ਚਾਹੁੰਦੀ ਸੀ ਅਤੇ ਦਿਲ ਵਿਚ ਪੈਦਾ ਹੋਈਆਂ ਹੋਰ ਬਹੁਤ ਸਾਰੀਆਂ ਰੀਝਾਂ ਉਸ ਦੇ ਨਾਲ ਹੀ ਚਲੀਆਂ ਗਈਆਂ। ਮੇਘਨਾ ਅਤੇ ਭਾਵਨਾ ਦੀਆਂ ਦੇਹਾਂ ਭਾਰਤ ਲਿਆਉਣ ਲਈ ਜਿਥੇ ਗੋਫੰਡਮੀ ਪੇਜ ਸਥਾਪਤ ਕੀਤੇ ਗਏ ਹਨ, ਉਥੇ ਹੀ ਦੋਹਾਂ ਦੇ ਮਾਪਿਆਂ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਵੈਂਕਟੇਸ਼ ਗੁਪਤਾ ਨੇ ਗੋਫ਼ੰਡਮੀ ਪੇਜ ਰਾਹੀਂ ਦੱਸਿਆ ਮੇਘਨਾ ਨੂੰ ਸਾਰੇ ਪਿਆਰ ਨਾਲ ਚਿੱਕੀ ਬੁਲਾਉਂਦੇ ਸਨ ਅਤੇ ਉਹ ਆਪਣੇ ਮਨ ਵਿਚ ਵੱਡੇ ਵੱਡੇ ਸੁਪਨੇ ਲੈ ਕੇ ਅਮਰੀਕਾ ਪੁੱਜੀ ਜੋ ਹੁਣ ਖੇਰੂੰ ਖੇਰੂੰ ਹੋ ਚੁੱਕੇ ਹਨ। ਬੀ.ਆਰ.ਐਸ. ਦੇ ਰਾਜ ਸਭਾ ਮੈਂਬਰ ਵੀ. ਰਵੀਚੰਦਰ ਵੱਲੋਂ ਮੇਘਨਾ ਅਤੇ ਭਾਵਨਾ ਦੀਆਂ ਦੇਹਾਂ ਵਾਪਸ ਲਿਆਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ।

Tags:    

Similar News