ਅਮਰੀਕਾ ’ਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼
ਵਾਈਟ ਹਾਊਸ ਨੇੜੇ ਹੋਈ ਗੋਲੀਬਾਰੀ ਮਗਰੋਂ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਹੋਰ ਤੇਜ਼ ਕਰਨ ਅਤੇ ਅਸਾਇਲਮ ਕਲੇਮ ਨਾਲ ਸਬੰਧਤ ਅਰਜ਼ੀਆਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿਤੇ ਗਏ ਹਨ
ਵਾਸ਼ਿੰਗਟਨ : ਵਾਈਟ ਹਾਊਸ ਨੇੜੇ ਹੋਈ ਗੋਲੀਬਾਰੀ ਮਗਰੋਂ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਹੋਰ ਤੇਜ਼ ਕਰਨ ਅਤੇ ਅਸਾਇਲਮ ਕਲੇਮ ਨਾਲ ਸਬੰਧਤ ਅਰਜ਼ੀਆਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿਤੇ ਗਏ ਹਨ। ਉਧਰ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਰਾਸ਼ਟਰਪਤੀ ਦ।ੇ ਹੁਕਮਾਂ ’ਤੇ ਅਫ਼ਗਾਨ ਨਾਗਰਿਕਾਂ ਦੀਆਂ ਸਾਰੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕ ਦਿਤੀ ਗਈ ਹੈ ਅਤੇ ਨਵੇਂ ਸਿਰੇ ਤੋਂ ਪੁਣ-ਛਾਣ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸੇ ਦੌਰਾਨ ਖੁਫੀਆ ਏਜੰਸੀ ਸੀ.ਆਈ.ਏ. ਦੇ ਮੁਖੀ ਮੁਤਾਬਕ ਨੈਸ਼ਨਲ ਗਾਰਡਜ਼ ’ਤੇ ਗੋਲੀਆਂ ਚਲਾਉਣ ਵਾਲਾ ਰਹਿਮਾਨਉਲਾ ਲਕਨਵਾਲ ਅਫ਼ਗਾਨਿਸਤਾਨ ਵਿਚ ਅਮਰੀਕੀ ਫੌਜ ਦੀ ਮੌਜੂਦਗੀ ਦੌਰਾਨ ਸੀ.ਆਈ.ਏ. ਵਾਸਤੇ ਕੰਮ ਕਰ ਚੁੱਕਾ ਹੈ।
ਵਾਈਟ ਹਾਊਸ ਨੇੜੇ ਹਮਲੇ ਮਗਰੋਂ ਰਾਸ਼ਟਰਪਤੀ ਟਰੰਪ ਨੇ ਦਿਤੇ ਹੁਕਮ
ਉਸ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਅਫ਼ਗਾਨਿਸਤਾਨ ਦੇ ਖੋਸਤ ਸੂਬੇ ਵਿਚ ਜੰਮਿਆ ਅਤੇ ਅਮਰੀਕਾ ਆਉਣ ਤੋਂ ਪਹਿਲਾਂ 10 ਸਾਲ ਅਫ਼ਗਾਨਿਸਤਾਨ ਦੀ ਫੌਜ ਵਿਚ ਸੇਵਾ ਨਿਭਾਈ। ਇਸ ਵੇਲੇ ਉਹ ਵਾਸ਼ਿੰਗਟਨ ਸੂਬੇ ਦੇ ਬੈÇਲੰਗਮ ਸ਼ਹਿਰ ਵਿਚ ਪਤਨੀ ਅਤੇ ਪੰਜ ਬੱਚਿਆਂ ਨਾਲ ਰਹਿ ਰਿਹਾ ਸੀ। ਆਖਰੀ ਵਾਰ ਗੱਲਬਾਤ ਦੌਰਾਨ ਰਹਿਮਾਨਉਲਾ ਨੇ ਐਮਾਜ਼ੌਨ ਵਾਸਤੇ ਕੰਮ ਕਰਨ ਦਾ ਜ਼ਿਕਰ ਕੀਤਾ। ਜੋਅ ਬਾਇਡਨ ਸਰਕਾਰ ਨੇ ਅਪ੍ਰੇਸ਼ਨ ਅਲਾਈਜ਼ ਵੈਲਕਮ ਪ੍ਰੋਗਰਾਮ ਤਹਿਤ ਰਹਿਮਾਨਉਲਾ ਨੂੰ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਦਿਤੀ ਪਰ ਪਿਛਲੇ ਦਿਨੀਂ ਡੌਨਲਡ ਟਰੰਪ ਪੱਲੋਂ ਹਜ਼ਾਰਾਂ ਅਫ਼ਗਾਨ ਨਾਗਰਿਕਾਂ ਨੂੰ ਡਿਪੋਰਟ ਕਰਨ ਦੇ ਹੁਕਮ ਦੇਣ ’ਤੇ ਉਹ ਭੜਕ ਗਿਆ।
ਅਫ਼ਗਾਨ ਨਾਗਰਿਕਾਂ ਦੇ ਅਸਾਇਲਮ ਦਾਅਵੇ ’ਤੇ ਕਾਰਵਾਈ ਠੱਪ
ਫਿਲਹਾਲ ਸਰਕਾਰੀ ਤੌਰ ’ਤੇ ਹਮਲੇ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ ਪਰ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਅਤਿਵਾਦੀ ਹਮਲੇ ਦੇ ਨਜ਼ਰੀਏ ਤੋਂ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡਿਪਾਰਟਮੈਂਟ ਆਫ਼ ਹੋਮ ਸਕਿਉਰਿਟੀ ਨੇ ਦੱਸਿਆ ਕਿ ਰਹਿਮਾਨਉਲਾ ਨੂੰ 2021 ਵਿਚ ਮਨੁੱਖਤਾ ਦੇ ਆਧਾਰ ’ਤੇ ਪੈਰੋਲ ਦਿਤੀ ਗਈ ਅਤੇ ਬਾਅਦ ਵਿਚ ਉਸ ਨੇ ਪਨਾਹ ਦੀ ਅਰਜ਼ੀ ਦਾਇਰ ਕਰ ਦਿਤੀ। ਕੁਝ ਮਹੀਨੇ ਪਹਿਲਾਂ ਹੀ ਇਹ ਅਰਜ਼ੀ ਪ੍ਰਵਾਨ ਹੋਈ ਪਰ ਗਰੀਨ ਕਾਰਡ ਦੀ ਅਰਜ਼ੀ ਹਾਲੇ ਬਕਾਇਆ ਖੜ੍ਹੀ ਹੈ। ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਹੋਈ ਵਾਰਦਾਤ ਮਗਰੋਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਅਮਰੀਕਾ ਵਿਚ ਰਹਿਣਾ ਹੋਰ ਮੁਸ਼ਕਲ ਹੋ ਸਕਦਾ ਹੈ।