ਅਮਰੀਕਾ ਤੋਂ ਪੰਜਾਬੀ ਪਤੀ ਨਾਲ ਫਰਾਰ ਔਰਤ ਦੇ ਸਿਰ ’ਤੇ 25 ਹਜ਼ਾਰ ਡਾਲਰ ਦਾ ਇਨਾਮ

ਅਮਰੀਕਾ ਵਿਚ 6 ਸਾਲ ਦੇ ਬੇਟੇ ਦਾ ਕਥਿਤ ਤੌਰ ’ਤੇ ਕਤਲ ਕਰ ਕੇ ਪੰਜਾਬੀ ਪਤੀ ਨਾਲ ਫਰਾਰ ਹੋਈ ਸਿੰਡੀ ਰੌਡਰਿਗਜ਼ ਸਿੰਘ ਦੀ ਸੂਹ ਦੇਣ ਵਾਲੇ ਨੂੰ 25 ਹਜ਼ਾਰ ਡਾਲਰ ਦਾ ਇਨਾਮ ਮਿਲੇਗਾ।

Update: 2024-08-30 11:53 GMT

ਟੈਕਸਸ : ਅਮਰੀਕਾ ਵਿਚ 6 ਸਾਲ ਦੇ ਬੇਟੇ ਦਾ ਕਥਿਤ ਤੌਰ ’ਤੇ ਕਤਲ ਕਰ ਕੇ ਪੰਜਾਬੀ ਪਤੀ ਨਾਲ ਫਰਾਰ ਹੋਈ ਸਿੰਡੀ ਰੌਡਰਿਗਜ਼ ਸਿੰਘ ਦੀ ਸੂਹ ਦੇਣ ਵਾਲੇ ਨੂੰ 25 ਹਜ਼ਾਰ ਡਾਲਰ ਦਾ ਇਨਾਮ ਮਿਲੇਗਾ। ਜੀ ਹਾਂ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਸਰਗਰਮੀ ਨਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ ਜੋ 22 ਮਾਰਚ 2023 ਨੂੰ ਆਪਣੇ ਪਤੀ ਅਰਸ਼ਦੀਪ ਸਿੰਘ ਅਤੇ ਛੇ ਬੱਚਿਆਂ ਨਾਲ ਭਾਰਤ ਫਰਾਰ ਹੋ ਗਈ। ਅਰਸ਼ਦੀਪ ਸਿੰਘ ਅਤੇ ਸਿੰਡੀ ਰੌਡਰਿਗਜ਼ ਸਿੰਘ ਜਦੋਂ ਭਾਰਤ ਜਾਣ ਵਾਲੇ ਜਹਾਜ਼ ਵਿਚ ਬੈਠੇ ਤਾਂ ਉਨ੍ਹਾਂ ਨਾਲ ਛੇ ਸਾਲ ਦਾ ਨੌਇਲ ਰੌਡਰਿਗਜ਼ ਮੌਜੂਦ ਨਹੀਂ ਸੀ ਜੋ ਅਕਤੂਬਰ 2022 ਮਗਰੋਂ ਕਦੇ ਨਜ਼ਰ ਨਹੀਂ ਆਇਆ। ਨੌਇਲ ਮਾਨਸਿਕ ਤੌਰ ’ਤੇ ਬਿਮਾਰ ਸੀ ਜਿਸ ਦਾ ਸੰਭਾਵਤ ਤੌਰ ’ਤੇ ਕਤਲ ਕਰ ਦਿਤਾ ਗਿਆ। ਟੈਕਸਸ ਸੂਬੇ ਦੇ ਐਵਰਮੈਨ ਸ਼ਹਿਰ ਵਿਚ ਇਹ ਸਾਰਾ ਘਟਨਾਕ੍ਰਮ ਅਕਤੂਬਰ 2022 ਤੋਂ ਇਸ ਸਾਲ ਮਾਰਚ 2023 ਦਰਮਿਆਨ ਵਾਪਰਿਆ। ਐਵਰਮੈਨ ਪੁਲਿਸ ਮੁਤਾਬਕ ਸਿੰਡੀ ਦੇ ਪਤੀ ਅਰਸ਼ਦੀਪ ਸਿੰਘ ਵਿਰੁੱਧ ਵੀ ਸਹਾਇਕ ਹੋਣ ਦੇ ਦੋਸ਼ ਆਇਦ ਕੀਤੇ ਜਾ ਸਕਦੇ ਹਨ।

ਐਫ਼.ਬੀ.ਆਈ. ਨੇ ਲਾਏ 6 ਸਾਲ ਦੇ ਬੇਟੇ ਦੀ ਹੱਤਿਆ ਕਰਨ ਦੇ ਦੋਸ਼

ਪੁਲਿਸ ਨੇ ਦੱਸਿਆ ਕਿ 6 ਸਾਲ ਦਾ ਨੌਇਲ, ਸਿੰਡੀ ਦੇ 10 ਬੱਚਿਆਂ ਵਿਚੋਂ ਇਕ ਸੀ। ਤਿੰਨ ਬੱਚੇ ਗਰੈਂਡ ਪੇਰੈਂਟਸ ਕੋਲ ਰਹਿੰਦੇ ਸਨ ਜਦਕਿ ਨੌਇਲ ਸਣੇ 7 ਬੱਚੇ ਅਰਸ਼ਦੀਪ ਅਤੇ ਸਿੰਡੀ ਨਾਲ ਰਹਿ ਰਹੇ ਸਨ। ਇਨ੍ਹਾਂ ਬੱਚਿਆਂ ਵਿਚੋਂ ਜੌੜੇ ਬੱਚਿਆਂ ਦਾ ਜਨਮ ਅਕਤੂਬਰ 2022 ਵਿਚ ਹੋਇਆ ਅਤੇ ਇਸੇ ਦੌਰਾਨ ਨਵੰਬਰ ਵਿਚ ਨੌਇਲ ਲਾਪਤਾ ਹੋ ਗਿਆ। ਡੈਲਸ ਵਿਖੇ ਐਫ਼.ਬੀ.ਆਈ ਦੇ ਸਪੈਸ਼ਲ ਏਜੰਟ ਇੰਚਾਰਜ ਚੈਡ ਯਾਰਬ੍ਰਾਅ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨਾਮੀ ਰਕਮ ਦੇ ਐਲਾਨ ਮਗਰੋਂ ਜ਼ਰੂਰ ਕੋਈ ਨਾ ਕੋਈ ਮਦਦ ਵਾਸਤੇ ਅੱਗੇ ਆਵੇਗਾ। ਸਿੰਡੀ ਦਾ ਹੁਲੀਆ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਦੀ ਉਮਰ 39 ਸਾਲ, ਕੱਦ ਪੰਜ ਫੁੱਟ 1 ਇੰਚ ਤੋਂ ਪੰਜ ਫੁੱਟ 3 ਇੰਚ ਅਤੇ ਵਜ਼ਨ ਤਕਰੀਬਨ 60-65 ਕਿਲੋ ਹੈ। ਸਿੰਡੀ ਦੀਆਂ ਦੋਵੇਂ ਲੱਤਾਂ ਅਤੇ ਸੱਜੀ ਬਾਂਹ ’ਤੇ ਟੈਟੂ ਬਣੇ ਹੋਏ ਹਨ ਜਦਕਿ ਅੱਖਾਂ ਦਾ ਰੰਗ ਭੂਰਾ ਅਤੇ ਵਾਲ ਵੀ ਭੂਰੇ ਹਨ। ਜਾਂਚਕਰਤਾਵਾਂ ਮੁਤਾਬਕ ਨੋਇਲ ਦੇ ਲਾਪਤਾ ਹੋਣ ਮਗਰੋਂ ਸਿੰਡੀ ਕਾਫ਼ੀ ਸਮਾਂ ਇਹ ਕਹਿੰਦੀ ਰਹੀ ਕਿ ਉਹ ਮੈਕਸੀਕੋ ਵਿਚ ਆਪਣੇ ਅਸਲ ਪਿਤਾ ਕੋਲ ਹੈ। ਫਿਰ ਇਕ ਵਾਰ ਉਸ ਨੇ ਆਖ ਦਿਤਾ ਕਿ ਉਨ੍ਹਾਂ ਦੀ ਰਿਸ਼ਤੇਦਾਰ ਨੇ ਬੱਚਾ ਕਿਸੇ ਨੂੰ ਵੇਚ ਦਿਤਾ। ਪੁਲਿਸ ਨੇ ਸਿੰਡੀ ਦੇ ਦਾਅਵਿਆਂ ਦੀ ਤਸਦੀਕ ਵਾਸਤੇ ਮੈਕਸੀਕੋ ਸਰਕਾਰ ਤੱਕ ਪਹੁੰਚ ਕੀਤੀ ਅਤੇ ਇਹ ਗੱਲ ਸਾਫ਼ ਹੋ ਗਈ ਕਿ ਨੋਇਲ ਮੈਕਸੀਕੋ ਵਿਚ ਨਹੀਂ।

ਮਾਰਚ 2023 ਵਿਚ ਅਮਰੀਕਾ ਤੋਂ ਭਾਰਤ ਹੋਈ ਸੀ ਫਰਾਰ

ਮਾਮਲੇ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨੌਇਲ ਆਪਣੀ ਪੈਦਾਇਸ਼ ਤੋਂ ਹੀ ਬਿਮਾਰ ਰਹਿੰਦਾ ਸੀ ਅਤੇ ਸਿੰਡੀ ਉਸ ਨੂੰ ਸ਼ੈਤਾਨ ਦਾ ਰੂਪ ਦਸਦੀ। ਜਦੋਂ ਸਿੰਡੀ ਨੇ ਜੌੜੇ ਬੱਚਿਆਂ ਨੂੰ ਜਨਮ ਦਿਤਾ ਤਾਂ ਨੋਇਲ ਪ੍ਰਤੀ ਉਸ ਦੀ ਨਫ਼ਰਤ ਹੋਰ ਵਧ ਗਈ। ਆਖਰੀ ਵਾਰ ਦੇਖੇ ਜਾਣ ਵੇਲੇ ਨੌਇਲ ਬਿਮਾਰ ਅਤੇ ਭੁੱਖਣ-ਭਾਣਾ ਲੱਗ ਰਿਹਾ ਸੀ। ਸਿੰਡੀ ਦਾ ਅਪਰਾਧਕ ਪਿਛੋਕੜ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਨਵੰਬਰ 2022 ਵਿਚ ਸਿੰਡੀ ਨੇ ਆਪਣੇ ਸਾਰੇ ਬੱਚਿਆਂ ਦੀਆਂ ਪਾਸਪੋਰਟ ਫੋਟੋਆਂ ਖਿਚਵਾਈਆਂ ਪਰ ਨੌਇਲ ਦੀ ਕੋਈ ਤਸਵੀਰ ਨਹੀਂ ਸੀ। ਪਾਸਪੋਰਟ ਦੀਆਂ ਅਰਜ਼ੀਆਂ ਵਿਚੋਂ ਵੀ ਨੌਇਲ ਦਾ ਨਾਂ ਗਾਇਬ ਸੀ।

Tags:    

Similar News