ਕੈਨੇਡਾ ਦੀ ਹੀਰਾ ਕੰਪਨੀ ਨੂੰ ਮਿਲਿਆ 2492 ਕੈਰੇਟ ਦਾ ਹੀਰਾ, ਹਜ਼ਾਰਾਂ ਕਰੋੜ ਹੈ ਕੀਮਤ

ਕੈਨੇਡਾ ਦੀ ਇਕ ਮਾਈਨਿੰਗ ਕੰਪਨੀ ਲੁਕਾਰਾ ਡਾਇਮੰਡ ਕੋਰਪ ਅਫ਼ਰੀਕੀ ਮੁਲਕ ਬੋਸਤਵਾਨਾ ਦੀ ਇਕ ਖਾਣ ਵਿਚੋਂ ਇਕ ਅਜਿਹੀ ਬੇਸ਼ਕੀਮਤੀ ਹੀਰਾ ਬਰਾਮਦ ਹੋਇਆ ਏ, ਜਿਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਦੱਸਿਆ ਜਾ ਰਿਹਾ ਏ।;

Update: 2024-08-23 09:53 GMT

ਗੇਵਰੋਨ : ਧਰਤੀ ਨੇ ਮਨੁੱਖ ਨੂੰ ਇੰਨਾ ਕੁੱਝ ਦਿੱਤਾ ਏ ਕਿ ਜਿਸ ਦਾ ਕੁੱਝ ਹਿਸਾਬ ਨਹੀਂ ਲਗਾਇਆ ਜਾ ਸਕਦਾ। ਹੁਣ ਵੀ ਜ਼ਮੀਨ ਵਿਚੋਂ ਸੋਨਾ, ਚਾਂਦੀ, ਲੋਹਾ, ਤੇਲ, ਕੋਲਾ ਪਤਾ ਨਹੀਂ ਕੀ ਕੁੱਝ ਕੁੱਝ ਨਿਕਲ ਰਿਹਾ ਏ ਜੋ ਮਨੁੱਖ ਦੇ ਲਈ ਕਾਫ਼ੀ ਕਾਰਗਰ ਸਾਬਤ ਹੋ ਰਿਹਾ ਏ ਪਰ ਮੌਜੂਦਾ ਸਮੇਂ ਧਰਤੀ ਵਿਚੋਂ ਇਕ ਅਜਿਹਾ ਹੀਰਾ ਬਰਾਮਦ ਹੋਇਆ ਏ, ਜਿਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਅਤੇ ਬੇਹੱਦ ਕੀਮਤੀ ਹੀਰਾ ਮੰਨਿਆ ਜਾ ਰਿਹਾ ਏ। ਸੋ ਇਸ ਹੀਰੇ ਦੀ ਕੀਮਤ ਬਾਰੇ ਸੁਣ ਕੇ ਤਾਂ ਤੁਹਾਡੇ ਹੋਸ਼ ਹੀ ਉਡ ਜਾਣਗੇ। ਸੋ ਆਓ ਤੁਹਾਨੂੰ ਇਸ ਬੇਸ਼ਕੀਮਤੀ ਹੀਰੇ ਬਾਰੇ ਦੱਸਦੇ ਆਂ,, ਕੀ ਐ ਇਸ ਦੀ ਕੀਮਤ ਅਤੇ ਕਿੱਥੋਂ ਹੋਇਆ ਹੈ ਇਹ ਬਰਾਮਦ?

ਜ਼ਮੀਨ ਵਿਚੋਂ ਮਨੁੱਖ ਸਦੀਆਂ ਤੋਂ ਬਹੁਤ ਕੁੱਝ ਕੱਢਦਾ ਆ ਰਿਹਾ ਏ ਪਰ ਧਰਤੀ ਵਿਚ ਮੌਜੂਦ ਖ਼ਜ਼ਾਨਾ ਹਾਲੇ ਤੱਕ ਖ਼ਤਮ ਨਹੀਂ ਹੋਇਆ ਬਲਕਿ ਇਸ ਵਿਚੋਂ ਨਵੀਂ ਤੋਂ ਨਵੀਂ ਅਤੇ ਅਦਭੁੱਤ ਚੀਜ਼ਾਂ ਬਰਾਮਦ ਹੋ ਰਹੀਆਂ ਨੇ। ਹੁਣ ਕੈਨੇਡਾ ਦੀ ਇਕ ਮਾਈਨਿੰਗ ਕੰਪਨੀ ਲੁਕਾਰਾ ਡਾਇਮੰਡ ਕੋਰਪ ਅਫ਼ਰੀਕੀ ਮੁਲਕ ਬੋਸਤਵਾਨਾ ਦੀ ਇਕ ਖਾਣ ਵਿਚੋਂ ਇਕ ਅਜਿਹੀ ਬੇਸ਼ਕੀਮਤੀ ਹੀਰਾ ਬਰਾਮਦ ਹੋਇਆ ਏ, ਜਿਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਦੱਸਿਆ ਜਾ ਰਿਹਾ ਏ। ਬੋਤਸਵਾਨਾ ਦੀ ਸਰਕਾਰ ਦਾ ਮੰਨਣਾ ਏ ਕਿ ਬਰਾਮਦ ਹੋਇਆ ਹੀਰਾ 2492 ਕੈਰੇਟ ਦਾ ਏ ਅਤੇ ਇਸ ਨੂੰ ਬੋਤਸਵਾਨਾ ਦੇਸ਼ ਦਾ ਵੱਡਾ ਰਤਨ ਕਰਾਰ ਦਿੱਤਾ ਜਾ ਰਿਹਾ ਏ। ਇਹ ਵੀ ਦਾਅਵਾ ਕੀਤਾ ਜਾ ਰਿਹਾ ਏ ਕਿ ਇਹ ਹੀਰਾ ਸਭ ਤੋਂ ਵੱਡਾ ਕੁਦਰਤੀ ਹੀਰਾ ਹੈ ਅਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰਤਨ ਐ।

ਦਰਅਸਲ ਅਫ਼ਰੀਕੀ ਮੁਲਕ ਬੋਤਸਵਾਨਾ ਵਿਖੇ ਕੈਨੇਡੀਅਨ ਫਰਮ ਲੁਕਾਰਾ ਡਾਇਮੰਡ ਵੱਲੋਂ ਇਕ ਕੈਰੋ ਖਾਣ ਵਿਚੋਂ ਮਾਈਨਿੰਗ ਦਾ ਕੰਮ ਕੀਤਾ ਜਾ ਰਿਹਾ ਏ, ਜਿੱਥੋਂ 2492 ਕੈਰੇਟ ਦਾ ਇਹ ਹੀਰਾ ਬਰਾਮਦ ਹੋਇਆ। ਇਹ ਹੀਰਾ ਸੰਨ 1905 ਵਿਚ ਦੱਖਣੀ ਅਫ਼ਰੀਕਾ ਵਿਚ ਮਿਲੇ 3106 ਕੈਰੇਟ ਦੇ ਕਲਿਨਨ ਤੋਂ ਬਾਅਦ ਹੁਣ ਤੱਕ ਸਭ ਤੋਂ ਵੱਡਾ ਹੀਰਾ ਏ। ਕੈਰੋ ਖਾਣ ਬੋਤਸਵਾਨਾ ਦੀ ਰਾਜਧਾਨੀ ਗੇਵਰੋਨ ਦੇ ਕਰੀਬ 500 ਕਿਲੋਮੀਟਰ ਦੂਰ ਸਥਿਤ ਐ। ਇਸ ਤੋਂ ਪਹਿਲਾਂ ਸਾਲ 2019 ਵਿਚ ਵੀ ਇਸੇ ਖਾਣ ਵਿਚੋਂ ਇਕ 1758 ਕੈਰੇਟ ਦਾ ਸੇਵੇਲੋ ਹੀਰਾ ਮਿਲਿਆ ਸੀ, ਜਿਸ ਨੂੰ ਫਰਾਂਸ ਦੀ ਕੰਪਨੀ ਲੁਈ ਵਿਟਾਨ ਨੇ ਖਰੀਦਿਆ ਸੀ। ਹਾਲਾਂਕਿ ਉਸ ਸਮੇਂ ਇਸ ਦੀ ਕੀਮਤ ਜਨਤਕ ਨਹੀਂ ਕੀਤੀ ਗਈ ਸੀ।

ਅਫ਼ਰੀਕੀ ਮੁਲਕ ਬੋਤਸਵਾਨਾ ਦੀ ਕੈਰੋ ਖਾਣ ਵਿਚੋਂ ਗਾਹੇ ਬਗਾਹੇ ਬਹੁਤ ਸਾਰੇ ਕੀਮਤੀ ਹੀਰੇ ਬਰਾਮਦ ਹੁੰਦੇ ਰਹਿੰਦੇ ਨੇ। ਇਸ ਤੋਂ ਪਹਿਲਾਂ ਸਾਲ 2017 ਵਿਚ ਵੀ ਬੋਤਸਵਾਨਾ ਦੀ ਕੈਰੇ ਮਾਇਨ ਵਿਚੋਂ 1111 ਕੈਰੇਟ ਦਾ ‘ਲੇਸੇਡੀ ਲਾ ਰੋਨਾ’ ਨਾਂਅ ਦਾ ਹੀਰਾ ਬਰਾਮਦ ਹੋਇਆ ਸੀ, ਜਿਸ ਬ੍ਰਿਟੇਨ ਦੇ ਇਕ ਸੁਨਿਆਰੇ ਨੇ 444 ਕਰੋੜ ਰੁਪਏ ਵਿਚ ਖਰੀਦਿਆ ਸੀ। ਜਦੋਂ 1111 ਕੈਰੇਟ ਦਾ ਹੀਰਾ 444 ਕਰੋੜ ਦਾ ਵਿਕ ਸਕਦਾ ਏ ਤਾਂ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਲਓ ਕਿ ਮੌਜੂਦਾ ਸਮੇਂ ਬਰਾਮਦ ਹੋਏ 2492 ਕੈਰੇਟ ਦੇ ਹੀਰੇ ਦੀ ਕਿੰਨੀ ਕੀਮਤ ਹੋਵੇਗੀ। ਇਹ ਕੀਮਤ ਇਕ ਹਜ਼ਾਰ ਕਰੋੜ ਦੇ ਨੇੜੇ ਤੇੜੇ ਹੋ ਸਕਦੀ ਐ।

ਇਸ ਖਾਣ ਦੇ ਪਿਛਲੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਸੰਨ 1905 ਵਿਚ ਦੱਖਣੀ ਅਫਰੀਕਾ ਦੇ ਪ੍ਰੀਮੀਅਰ ਨੰਬਰ 2 ਖਾਣ ਤੋਂ ਜੋ ਕਲਿਨਨ ਹੀਰਾ ਨਿਕਲਿਆ ਸੀ, ਉਸ ਨੂੰ ਹੁਣ ਤੱਕ ਦਾ ਸਭ ਤੋਂ ਕੀਮਤੀ ਹੀਰਾ ਮੰਨਿਆ ਜਾਂਦਾ ਏ। ਇਸ ਹੀਰੇ ਦਾ ਨਾਮ ਖਾਣ ਦੇ ਮਾਲਿਕ ਥਾਮਸ ਕੁਲਿਨਨ ਦੇ ਨਾਂ ’ਤੇ ਰੱਖਿਆ ਗਿਆ ਸੀ। ਸੰਨ 1907 ਵਿਚ ਬ੍ਰਿਟਿਸ਼ ਰਾਜਾ ਐਡਵਰਡ ਸੱਤਵੇਂ ਨੂੰ ਭੇਟ ਕੀਤਾ ਗਿਆ ਸੀ। ਇਸ ਦੇ ਬਾਅਦ ਐਮਸਟਡਮ ਦੇ ਜੋਫੇਸ ਏਸ਼ਰ ਨੇ ਇਸ ਹੀਰੇ ਨੂੰ ਵੱਖ-ਵੱਖ ਡਿਜ਼ਾਇਨ ਅਤੇ ਸਾਇਜ਼ ਦੇ 9 ਟੁਕੜਿਆਂ ਵਿਚ ਕੱਟਿਆ ਸੀ।

ਦੱਸ ਦਈਏ ਕਿ ਬੋਤਸਵਾਨਾ ਦੁਨੀਆਂ ਦਾ ਸਭ ਤੋਂ ਵੱਡੇ ਡਾਇਮੰਡ ਉਤਪਾਦਕ ਦੇਸ਼ਾਂ ਵਿਚੋਂ ਇਕ ਐ। ਇਕ ਜਾਣਕਾਰੀ ਅਨੁਸਾਰ ਦੁਨੀਆ ਦੇ 20 ਫ਼ੀਸਦੀ ਹੀਰਿਆਂ ਦਾ ਉਤਪਾਦਨ ਇੱਥੇ ਹੀ ਹੁੰਦਾ ਏ।

ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News