ਅਮਰੀਕਾ ਦੇ ਬਾਰਡਰ ’ਤੇ ਫੜੇ 83 ਹਜ਼ਾਰ ਪ੍ਰਵਾਸੀ
ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਫੜੋ-ਫੜੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜੂਨ ਮਹੀਨੇ ਦੌਰਾਨ 83,536 ਪ੍ਰਵਾਸੀਆਂ ਨੂੰ ਬਾਰਡਰ ਤੋਂ ਕਾਬੂ ਕੀਤਾ ਗਿਆ।;
ਸੈਨ ਡਿਆਗੋ : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਫੜੋ-ਫੜੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜੂਨ ਮਹੀਨੇ ਦੌਰਾਨ 83,536 ਪ੍ਰਵਾਸੀਆਂ ਨੂੰ ਬਾਰਡਰ ਤੋਂ ਕਾਬੂ ਕੀਤਾ ਗਿਆ। ਬਾਰਡਰ ਏਜੰਟਾਂ ਨੂੰ ਅਸਾਇਲਮ ਦੇ ਦਾਅਵੇ ਰੱਦ ਕਰਨ ਦਾ ਹੱਕ ਮਿਲਣ ਮਗਰੋਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ। ਦੂਜੇ ਪਾਸੇ ਇਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਵਿਚ ਬਗੈਰ ਇੰਮੀਗ੍ਰੇਸ਼ਨ ਸਟੇਟਸ ਤੋਂ ਰਹਿ ਰਹੇ ਪ੍ਰਵਾਸੀ 100 ਅਰਬ ਡਾਲਰ ਦਾ ਟੈਕਸ ਅਦਾ ਕਰ ਰਹੇ ਹਨ। ਅਮਰੀਕਾ ਦੇ ਦੱਖਣੀ ਬਾਰਡਰ ’ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ ਢਾਈ ਹਜ਼ਾਰ ਦੱਸੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਤਾ ਸੰਭਾਲਣ ਮਗਰੋਂ ਪਹਿਲੀ ਵਾਰ ਇਕ ਮਹੀਨੇ ਦੌਰਾਨ ਰੋਕੇ ਪ੍ਰਵਾਸੀਆਂ ਦੀ ਗਿਣਤੀ ਐਨੇ ਹੇਠਲੇ ਪੱਧਰ ’ਤੇ ਆਈ ਹੈ।
ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਕੀਤਾ ਜਾਵੇਗਾ ਡਿਪੋਰਟ
ਬਾਇਡਨ ਸਰਕਾਰ ਵੱਲੋਂ ਬੀਤੀ 5 ਜੂਨ ਤੋਂ ਬਾਰਡਰ ਏਜੰਟਾਂ ਨੂੰ ਅਸਾਇਲਮ ਦੇ ਦਾਅਵੇ ਰੱਦ ਕਰਨ ਦਾ ਹੱਕ ਦਿਤਾ ਗਿਆ ਜਿਸ ਦਾ ਅਸਰ ਸਾਫ ਨਜ਼ਰ ਆਇਆ। ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਸਤੰਬਰ 2020 ਵਿਚ 40,507 ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ ਜੋ ਪਿਛਲੇ ਕੁਝ ਵਰਿ੍ਹਆਂ ਦਾ ਸਭ ਤੋਂ ਹੇਠਲਾ ਅੰਕੜਾ ਮੰਨਿਆ ਜਾ ਰਿਹਾ ਹੈ ਪਰ ਦਸੰਬਰ 2023 ਵਿਚ ਸਭ ਤੋਂ ਵੱਧ ਢਾਈ ਲੱਖ ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ। ਨਵੰਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਪ੍ਰਵਾਸ ਭਖਦਾ ਮੁੱਦਾ ਬਣਿਆ ਹੋਇਆ ਹੈ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਐਲਾਨ ਕਰ ਚੁੱਕੇ ਹਨ ਕਿ ਸੱਤਾ ਵਿਚ ਆਉਣ ’ਤੇ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿਤਾ ਜਾਵੇਗਾ। ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਐਨੇ ਵੱਡੇ ਪੱਧਰ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਭਵ ਹੀ ਨਹੀਂ। ਟਰੰਪ ਵੱਲੋਂ ਆਪਣੇ ਇਕ ਚੋਣ ਇਸ਼ਤਿਹਾਰ ਵਿਚ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ‘ਬਾਰਡਰ ਜ਼ਾਰ’ ਦਸਦਿਆਂ ਅਮਰੀਕਾ ਵਾਸੀਆਂ ਦੀ ਪ੍ਰੇਸ਼ਾਨੀ ਦਾ ਕਾਰਨ ਦੱਸਿਆ ਜਾ ਰਿਹਾ ਹੈ ਜੋ ਗੈਰਕਾਨੂੰਨੀ ਪ੍ਰਵਾਸੀਆਂ ਦੀ ਵੱਡੇ ਪੱਧਰ ’ਤੇ ਆਮਦ ਕਾਰਨ ਹੋ ਰਹੀ ਹੈ।
ਅਮਰੀਕਾ ਨੂੰ 100 ਅਰਬ ਡਾਲਰ ਦਾ ਟੈਕਸ ਦੇ ਰਹੇ ਗੈਰਕਾਨੂੰਨੀ ਪ੍ਰਵਾਸੀ
ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਆਉਣ ਵਾਲੇ ਦਿਨਾਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿਚ ਹੋਰ ਕਮੀ ਆ ਸਕਦੀ ਹੈ। ਦੱਖਣੀ ਬਾਰਡਰ ’ਤੇ ਸਭ ਤੋਂ ਜ਼ਿਆਦਾ ਆਮਦ ਕੈਲੇਫੋਰਨੀਆ ਦੇ ਸੈਨ ਡਿਐਗੋ ਰਾਹੀਂ ਦੱਸੀ ਜਾ ਰਹੀ ਹੈ ਅਤੇ ਇਸ ਮਗਰੋਂ ਐਰੀਜ਼ੋਨਾ ਦਾ ਟਿਊਸਨ ਸ਼ਹਿਰ ਆਉਂਦਾ ਹੈ। ਇਸੇ ਦੌਰਾਨ ਅਮਰੀਕਾ ਵਿਚ ਮੌਜੂਦ ਗੈਰਕਾਨੂੰਨੀ ਪ੍ਰਵਾਸੀਆਂ ਵੱਲੋਂ ਅਦਾ ਕੀਤੇ ਜਾ ਰਹੇ ਟੈਕਸ ਨਾਲ ਸਬੰਧਤ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। ਇੰਸਟੀਚਿਊਟ ਔਨ ਟੈਕਸੇਸ਼ਨ ਐਂਡ ਇਕਨੌਮਿਕ ਪੌਲਿਸੀ ਦੀ ਰਿਪੋਰਟ ਮੁਤਾਬਕ ਹਰ ਗੈਰਕਾਨੂੰਨੀ ਪ੍ਰਵਾਸੀ ਤਕਰੀਬਨ 9 ਹਜ਼ਾਰ ਡਾਲਰ ਸਾਲਾਨਾ ਟੈਕਸ ਅਦਾ ਕਰ ਰਿਹਾ ਹੈ। ਟੈਕਸਾਂ ਦੇ ਰੂਪ ਵਿਚ ਵਸੂਲੀ ਜਾਣ ਵਾਲੀ ਰਕਮ ਦਾ ਵੱਡਾ ਹਿੱਸਾ ਉਨ੍ਹਾਂ ਯੋਜਨਾਵਾਂ ’ਤੇ ਖਰਚ ਹੋ ਰਿਹਾ ਹੈ ਜਿਨ੍ਹਾਂ ਦਾ ਫਾਇਦਾ ਉਠਾਉਣ ਦੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮਨਾਹੀ ਹੈ। ਮਿਸਾਲ ਵਜੋਂ 26 ਅਰਬ ਡਾਲਰ ਸਮਾਜਿਕ ਸੁਰੱਖਿਆ ’ਤੇ ਖਰਚ ਕੀਤੇ ਗਏ ਅਤੇ 6 ਅਰਬ ਡਾਲਰ ਦੀ ਰਕਮ ਮੈਡੀਕੇਅਰ ਵੱਲ ਗਈ। ਅਮਰੀਕਾ ਵਿਚ ਇਸ ਵੇਲੇ ਸਵਾ ਕਰੋੜ ਗੈਰਕਾਨੂੰਨੀ ਪ੍ਰਵਾਸੀ ਮੌਜੂਦ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ ਅੱਧੇ ਕੈਲੇਫੋਰਨੀਆ, ਟੈਕਸਸ, ਫਲੋਰੀਡਾ ਅਤੇ ਨਿਊ ਯਾਰਕ ਵਰਗੇ ਰਾਜਾਂ ਵਿਚ ਰਹਿ ਰਹੇ ਹਨ।