US ਤੋਂ 8 immigrants Canada ਵਿਚ ਹੋਏ ਦਾਖ਼ਲ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਲਈ ਬਣੇ ਬਦਤਰ ਹਾਲਾਤ ਨੂੰ ਵੇਖਦਿਆਂ ਅਜਿਹੇ ਲੋਕਾਂ ਵੱਲੋਂ ਕੈਨੇਡਾ ਵਿਚ ਦਾਖਲ ਹੋਣ ਦਾ ਸਿਲਸਿਲਾ ਜਾਰੀ ਹੈ
ਮੌਂਟਰੀਅਲ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਲਈ ਬਣੇ ਬਦਤਰ ਹਾਲਾਤ ਨੂੰ ਵੇਖਦਿਆਂ ਅਜਿਹੇ ਲੋਕਾਂ ਵੱਲੋਂ ਕੈਨੇਡਾ ਵਿਚ ਦਾਖਲ ਹੋਣ ਦਾ ਸਿਲਸਿਲਾ ਜਾਰੀ ਹੈ। ਕਿਊਬੈਕ ਵਿਚੋਂ 19 ਜਣਿਆਂ ਨੂੰ ਡਿਪੋਰਟ ਕੀਤੇ ਜਾਣ ਮਗਰੋਂ ਸੂਬੇ ਦੇ ਹੈਮਿੰਗਫ਼ਰਡ ਇਲਾਕੇ ਵਿਚ ਮੁੜ 8 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਅਮਰੀਕਾ ਤੋਂ ਕੈਨੇਡਾ ਵਿਚ ਦਾਖਲ ਹੋਏ। ਪੀਪਲ ਵਿਦਾਊਟ ਸਟੇਟਸ ਦੀ ਐਕਸ਼ਨ ਕਮੇਟੀ ਦੇ ਮੁਖੀ ਫਰੈਂਟਜ਼ ਆਂਦਰੇ ਨੇ ਦੱਸਿਆ ਕਿ ਟਰੰਪ ਸਰਕਾਰ ਇਕ ਕਰੋੜ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਚਾਹੁੰਦੀ ਹੈ ਅਤੇ ਬਦਕਿਸਮਤੀ ਨਾਲ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਵਿਚੋਂ ਕੱਢੇ ਵੀ ਜਾ ਚੁੱਕੇ ਹਨ ਪਰ ਕੁਝ ਲੋਕ ਡਿਪੋਰਟੇਸ਼ਨ ਤੋਂ ਬਚਣ ਲਈ ਕਿਸੇ ਵੀ ਹੱਦ ਤੱਕ ਜਾਣ ਵਾਸਤੇ ਤਿਆਰ ਹਨ।
ਟਰੰਪ ਦੇ ਡਰੋਂ ਜਾਨ ਜੋਖਮ ਵਿਚ ਪਾ ਰਹੇ ਲੋਕ
ਉਨ੍ਹਾਂ ਨੂੰ ਆਪਣੀ ਜਾਨ ਦੀ ਕੋਈ ਪ੍ਰਵਾਹ ਨਹੀਂ, ਸੰਭਾਵਤ ਤੌਰ ’ਤੇ ਇਸੇ ਕਰ ਕੇ ਬੇਹੱਦ ਬਰਫ਼ੀਲੇ ਮੌਸਮ ਵਿਚ ਇੰਟਰਨੈਸ਼ਨਲ ਬਾਰਡਰ ਪਾਰ ਕਰ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ 19 ਪ੍ਰਵਾਸੀ ਮੌਂਟੇਰੇਜ਼ੀ ਰੀਜਨ ਵਿਚ ਦਾਖਲ ਹੋਏ ਜਿਨ੍ਹਾਂ ਨੂੰ ਕਾਬੂ ਕਰ ਕੇ ਬਾਰਡਰ ਅਫ਼ਸਰਾਂ ਦੇ ਸਪੁਰਦ ਕੀਤਾ ਗਿਆ ਅਤੇ ਸੇਫ਼ ਥਰਡ ਕੰਟਰੀ ਐਗਰੀਮੈਂਟ ਦੇ ਮੱਦੇਨਜ਼ਰ ਸਭਨਾਂ ਦੇ ਅਸਾਇਲਮ ਕਲੇਮ ਰੱਦ ਹੋ ਗਏ। ਹੁਣ ਇਨ੍ਹਾਂ ਅੱਠ ਪ੍ਰਵਾਸੀਆਂ ਨੂੰ ਵੀ ਕੁਝ ਦਿਨ ਦੀ ਕਾਨੂੰਨੀ ਪ੍ਰਕਿਰਿਆ ਮਗਰੋਂ ਡਿਪੋਰਟ ਕਰ ਦਿਤਾ ਜਾਵੇਗਾ।