America ਵਿਚ ‘super flu’ ਨਾਲ 7,400 ਮੌਤਾਂ
ਅਮਰੀਕਾ ਵਿਖ ਖ਼ਤਰਨਾਕ ਵਾਇਰਸ ਲਗਾਤਾਰ ਪੈਰ ਪਸਾਰ ਰਿਹਾ ਹੈ ਅਤੇ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਸਣੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ
ਨਿਊ ਯਾਰਕ : ਅਮਰੀਕਾ ਵਿਖ ਖ਼ਤਰਨਾਕ ਵਾਇਰਸ ਲਗਾਤਾਰ ਪੈਰ ਪਸਾਰ ਰਿਹਾ ਹੈ ਅਤੇ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਸਣੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਦੇ ਅੰਕੜਿਆਂ ਮੁਤਾਬਕ 2025-26 ਦੇ ਫਲੂ ਸੀਜ਼ਨ ਦੌਰਾਨ 7,400 ਮੌਤਾਂ ਹੋ ਚੁੱਕੀਆਂ ਹਨ ਅਤੇ ਹੁਣ ਤੱਕ 15 ਮਿਲੀਅਨ ਲੋਕ ਬਿਮਾਰ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ 1 ਲੱਖ 80 ਹਜ਼ਾਰ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਨੌਬਤ ਆਈ। ਸੁਪਰ ਫਲੂ 50 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਬਿਮਾਰ ਕਰ ਰਿਹਾ ਹੈ ਅਤੇ ਅਕਤੂਬਰ ਵਿਚ ਫਲੂ ਸੀਜ਼ਨ ਸ਼ੁਰੂ ਹੋਣ ਮਗਰੋਂ ਵਡੇਰੀ ਉਮਰ ਵਾਲਿਆਂ ਦੇ ਹਸਪਤਾਲ ਦਾਖਲ ਹੋਣ ਦੀ ਰਫ਼ਤਾਰ ਵਿਚ 157 ਫ਼ੀ ਸਦੀ ਵਾਧਾ ਹੋਇਆ ਹੈ।
15 ਮਿਲੀਅਨ ਮਰੀਜ਼ ਆਏ ਸਾਹਮਣੇ, 1.8 ਲੱਖ ਹਸਪਤਾਲ ਦਾਖ਼ਲ
ਦੂਜੇ ਪਾਸੇ ਬੱਚੇ ਵੀ ਵੱਡੀ ਗਿਣਤੀ ਵਿਚ ਬਿਮਾਰ ਹੋ ਰਹੇ ਹਨ ਅਤੇ ਨਿਊ ਜਰਸੀ ਵਿਚ ਇਕ ਦੋ ਸਾਲ ਦਾ ਬੱਚਾ ਐਚ 3 ਐਨ 2 ਵਾਇਰਸ ਦੇ ‘ਕੇ’ ਸਟ੍ਰੇਨ ਦੀ ਮਾਰ ਬਰਦਾਸ਼ਤ ਨਾ ਕਰਦਾ ਹੋਇਆ ਦੁਨੀਆਂ ਨੂੰ ਅਲਵਿਦਾ ਆਖ ਗਿਆ। ਨਿਊ ਜਰਸੀ ਦੇ ਹੈਲਥ ਡਿਪਾਰਟਮੈਂਟ ਵੱਲੋਂ ਬੱਚੇ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਪਰ ਕੈਸਟੀਲੋ ਦੇ ਪਰਵਾਰਕ ਵੱਲੋਂ ਸਥਾਪਤ ਗੋਫ਼ੰਡਮੀ ਪੇਜ ਵਿਚ ਫਲੂ ਦਾ ਜ਼ਿਕਰ ਕੀਤਾ ਗਿਆ ਹੈ। ਸੁਪਰ ਫਲੂ ਨਾਲ ਹੋ ਰਹੀਆਂ ਮੌਤਾਂ ਵਿਚ ਪਿਛਲੇ ਹਫ਼ਤੇ ਦੌਰਾਨ 70 ਫ਼ੀ ਸਦੀ ਵਾਧਾ ਹੋਇਆ ਅਤੇ ਹਸਪਤਾਲ ਦਾਖਲ ਹੋਣ ਵਾਲੇ 100 ਮਰੀਜ਼ਾਂ ਵਿਚੋਂ ਤਕਰੀਬਨ 2 ਮਰੀਜ਼ ਕਦੇ ਆਪਣੇ ਘਰ ਨਹੀਂ ਪਰਤਦੇ। ਦੂਜੇ ਪਾਸੇ ਵੈਕਸੀਨੇਸ਼ਨ ਦਾ ਜ਼ਿਕਰ ਕੀਤਾ ਜਾਵੇ ਤਾਂ ਦਸੰਬਰ ਦੇ ਅੱਧ ਤੱਕ 42 ਫ਼ੀ ਸਦੀ ਵਸੋਂ ਨੂੰ ਫ਼ਲੂ ਤੋਂ ਬਚਾਅ ਦੇ ਟੀਕੇ ਲੱਗ ਚੁੱਕੇ ਸਨ।
ਬਜ਼ੁਰਗ ਅਤੇ ਬੱਚੇ ਹੋ ਰਹੇ ਸਭ ਤੋਂ ਵੱਧ ਬਿਮਾਰ
ਇਸ ਵੇਲੇ ਸੀ.ਡੀ.ਸੀ. ਵੱਲੋਂ ਨਿਊ ਯਾਰਕ, ਨਿਊ ਹੈਂਪਸ਼ਾਇਰ, ਮੈਸਾਚਿਊਸੈਟਸ, ਨਿਊ ਜਰਸੀ, ਓਹਾਇਓ, ਮਿਸ਼ੀਗਨ, ਮਿਜ਼ੋਰੀ, ਟੈਨੇਸੀ, ਨੌਰਥ ਕੈਰੋਲਾਈਨਾ, ਸਾਊਥ ਕੈਰੋਲਾਈਨਾ, ਜਾਰਜੀਆ, ਲੂਈਜ਼ਿਆਨਾ, ਨਿਊ ਮੈਕਸੀਕੋ ਅਤੇ ਕੋਲੋਰਾਡੋ ਨੂੰ ਚਿਤਾਵਨੀ ਵਾਲੇ ਘੇਰੇ ਵਿਚ ਰੱਖਿਆ ਗਿਆ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਐਚ 3 ਐਨ 2 ਵਾਇਰਸ ਦਾ ਨਵਾਂ ਸਟ੍ਰੇਨ ਅਮਰੀਕਾ ਵਾਲਿਆਂ ਦੇ ਇਮਿਊਨ ਸਿਸਟਮ ਨੂੰ ਖੇਰੂੰ ਖੇਰੂੰ ਕਰ ਰਿਹਾ ਹੈ ਅਤੇ ਵਡੇਰੀ ਉਮਰ ਵਾਲੇ ਸਭ ਜ਼ਿਆਦਾ ਖ਼ਤਰੇ ਦੀ ਜ਼ਦ ਵਿਚ ਲੱਗ ਰਹੇ ਹਨ। ਲੌਂਗ ਟਰਮ ਹੋਮਜ਼ ਵਿਚ ਭਾਵੇਂ ਵੈਕਸੀਨੇਸ਼ਨ ’ਤੇ ਜ਼ੋਰ ਦਿਤਾ ਗਿਆ ਹੈ ਪਰ ਨਵਾਂ ਸਟ੍ਰੇਨ ਬਜ਼ੁਰਗਾਂ ਨੂੰ ਗੰਭੀਰ ਬਿਮਾਰ ਕਰਨ ਦੀ ਤਾਕਤ ਰਖਦਾ ਹੈ।