ਭਾਰਤੀ ਵਿਦਿਆਰਥੀਆਂ ਪਿੱਛੇ ਹੱਥ ਧੋ ਕੇ ਪਏ ਟਰੰਪ
ਟਰੰਪ ਸਰਕਾਰ ਦੀ ਗੁੱਝੀ ਚਾਲ ਭਾਰਤੀ ਵਿਦਿਆਰਥੀਆਂ ਨੂੰ ਮਹਿੰਗੀ ਪੈ ਰਹੀ ਹੈ ਅਤੇ ਧੜਾ-ਧੜ ਵੀਜ਼ੇ ਰੱਦ ਕੀਤੇ ਜਾ ਰਹੇ ਹਨ।
ਵਾਸ਼ਿੰਗਟਨ : ਟਰੰਪ ਸਰਕਾਰ ਦੀ ਗੁੱਝੀ ਚਾਲ ਭਾਰਤੀ ਵਿਦਿਆਰਥੀਆਂ ਨੂੰ ਮਹਿੰਗੀ ਪੈ ਰਹੀ ਹੈ ਅਤੇ ਧੜਾ-ਧੜ ਵੀਜ਼ੇ ਰੱਦ ਕੀਤੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਾਲਿਆਂ ਵੱਲੋਂ ਰੱਦ ਕੀਤੇ ਸਟੱਡੀ ਵੀਜ਼ਿਆਂ ਵਿਚੋਂ ਅੱਧੇ ਤੋਂ ਵੱਧ ਭਾਰਤੀ ਵਿਦਿਆਰਥੀਆਂ ਨਾਲ ਸਬੰਧਤ ਹਨ ਜੋ ਸੁਨਹਿਰੀ ਭਵਿੱਖ ਦੀ ਭਾਲ ਵਿਚ ਅਮਰੀਕਾ ਪੁੱਜੇ ਸਨ ਅਤੇ ਇਨ੍ਹਾਂ ਦਾ ਫਲਸਤੀਨ ਹਮਾਇਤੀ ਮੁਜ਼ਾਹਰਿਆਂ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਜਿਥੋਂ ਕੌਮਾਂਤਰੀ ਵਿਦਿਆਰਥੀਆਂ ਦਾ ਮਸਲਾ ਸ਼ੁਰੂ ਹੋਇਆ। ਅਮੈਰਿਕਨ ਇੰਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਵੱਲੋਂ 327 ਵਿਦਿਆਰਥੀਆਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਇਨ੍ਹਾਂ ਵਿਚੋਂ ਅੱਧੇ ਭਾਰਤੀ ਨਿਕਲੇ ਜਦਕਿ ਦੂਜਾ ਨੰਬਰ ਚੀਨ ਦਾ ਆਉਂਦਾ ਹੈ ਜੋ ਕੁਲ ਗਿਣਤੀ ਦਾ 14 ਫੀ ਸਦੀ ਬਣਦੇ ਹਨ।
ਰੱਦ ਹੋਏ ਸਟੱਡੀ ਵੀਜ਼ਿਆਂ ਵਿਚੋਂ ਅੱਧੇ ਭਾਰਤੀਆਂ ਦੇ
ਭਾਰਤ ਅਤੇ ਚੀਨ ਤੋਂ ਬਾਅਦ ਦੱਖਣੀ ਕੋਰੀਆ, ਨੇਪਾਲ ਅਤੇ ਬੰਗਲਾਦੇਸ਼ ਨਾਲ ਸਬੰਧਤ ਵਿਦਿਆਰਥੀਆਂ ਦੇ ਸਭ ਤੋਂ ਵੱਧ ਵੀਜ਼ੇ ਰੱਦ ਕੀਤੇ ਗਏ। ਇਥੇ ਦਸਣਾ ਬਣਦਾ ਹੈ ਕਿ ਹਾਵਰਡ, ਕੋਲੰਬੀਆ, ਯੇਲ, ਕੈਲੇਫੋਰਨੀਆ ਅਤੇ ਮਿਸ਼ੀਗਨ ਯੂਨੀਵਰਸਿਟੀ ਵਰਗੇ ਨਾਮੀ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਈਮੇਲਜ਼ ਭੇਜ ਕੇ ਸੈਲਫ਼ ਡਿਪੋਰਟ ਹੋਣ ਦੀ ਹਦਾਇਤ ਦਿਤੀ ਜਾ ਰਹੀ ਹੈ। ਈਮੇਲ ਵਿਚ ਕਿਹਾ ਗਿਆ ਹੈ ਕਿ ਇੰਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੀ ਧਾਰਾ 221(ਆਈ) ਅਧੀਨ ਵੀਜ਼ਾ ਕਰ ਦਿਤਾ ਗਿਆ ਅਤੇ ਜੇ ਹੁਣ ਵੀ ਸਬੰਧਤ ਵਿਦਿਆਰਥੀ ਅਮਰੀਕਾ ਵਿਚ ਰਹਿੰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰਦਿਆਂ ਜੁਰਮਾਨਾ ਕੀਤਾ ਜਾ ਸਕਦਾ ਹੈ ਜਾਂ ਡਿਪੋਰਟ ਕੀਤਾ ਜਾ ਸਕਦਾ ਹੈ। ਈਮੇਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਡਿਪੋਰਟ ਕੀਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਦੁਨੀਆਂ ਦੇ ਕਿਸੇ ਵੀ ਮੁਲਕ ਵਿਚ ਭੇਜਿਆ ਜਾ ਸਕਦਾ ਹੈ, ਇਸ ਲਈ ਚੰਗਾ ਹੋਵੇਗਾ ਕਿ ਉਹ ਖੁਦ ਹੀ ਅਮਰੀਕਾ ਛੱਡ ਕੇ ਚਲੇ ਜਾਣ।
ਅਮਰੀਕਾ ਵਿਚ ਦਿਨ ਕੱਟਣੇ ਹੋਏ ਦੁੱਭਰ
ਓਪਨ ਡੋਰਜ਼ ਦੀ ਰਿਪੋਰਟ ਮੁਤਾਬਕ 2024 ਵਿਚ 3 ਲੱਖ 32 ਹਜ਼ਾਰ ਭਾਰਤੀ ਵਿਦਿਆਰਥੀ ਅਮਰੀਕਾ ਵਿਚ ਪੜ੍ਹ ਰਹੇ ਸਨ ਅਤੇ ਇਹ ਅੰਕੜਾ 2023 ਦੇ ਮੁਕਾਬਲੇ 23 ਫੀ ਸਦੀ ਵੱਧ ਰਿਹਾ। ਅਮਰੀਕਾ ਜਾਣ ਵਾਲਾ ਹਰ ਭਾਰਤੀ ਵਿਦਿਆਰਥੀ ਔਸਤਨ 30 ਲੱਖ ਰੁਪਏ ਤੋਂ 70 ਲੱਖ ਰੁਪਏ ਖਰਚਾ ਕਰਦਾ ਹੈ। ਸ਼ਹਿਰ ਅਤੇ ਯੂਨੀਵਰਸਿਟੀ ਦੇ ਆਧਾਰ ’ਤੇ ਖਰਚੇ ਵਿਚ ਫਰਕ ਆਉਂਦਾ ਹੈ ਅਤੇ ਕੁਝ ਰਿਪੋੁਰਟਾਂ ਮੁਤਾਬਕ ਅਮਰੀਕਾ ਪੁੱਜੇ ਭਾਰਤੀ ਵਿਦਿਆਰਥੀਆਂ ਨੇ 2023-24 ਦੌਰਾਨ 1.38 ਲੱਖ ਕਰੋੜ ਰੁਪਏ ਖਰਚ ਕੀਤੇ।