ਅਮਰੀਕਾ ਵਿਚ 5 ਲੱਖ ਗੈਰਕਾਨੂੰਨੀ ਪ੍ਰਵਾਸੀ ਪੱਕੇ ਹੋਣੇ ਸ਼ੁਰੂ

5 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਲਈ ਅਮਰੀਕਾ ਵਿਚ ਪੱਕਾ ਹੋਣ ਦਾ ਰਾਹ ਪੱਧਰਾ ਕਰਦਾ ਕਾਨੂੰਨ 19 ਅਗਸਤ ਤੋਂ ਲਾਗੂ ਹੋ ਗਿਆ ਹੈ ਅਤੇ 580 ਡਾਲਰ ਦੇ ਖਰਚੇ ’ਤੇ ਗਰੀਨ ਕਾਰਡ ਮਿਲ ਰਿਹਾ ਹੈ।

Update: 2024-08-21 12:06 GMT

ਵਾਸ਼ਿੰਗਟਨ : 5 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਲਈ ਅਮਰੀਕਾ ਵਿਚ ਪੱਕਾ ਹੋਣ ਦਾ ਰਾਹ ਪੱਧਰਾ ਕਰਦਾ ਕਾਨੂੰਨ 19 ਅਗਸਤ ਤੋਂ ਲਾਗੂ ਹੋ ਗਿਆ ਹੈ ਅਤੇ 580 ਡਾਲਰ ਦੇ ਖਰਚੇ ’ਤੇ ਗਰੀਨ ਕਾਰਡ ਮਿਲ ਰਿਹਾ ਹੈ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਉਨ੍ਹਾਂ ਪ੍ਰਵਾਸੀਆਂ ਨੂੰ ਪੱਕਾ ਕਰਨ ਲਈ ਅਰਜ਼ੀਆਂ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ ਜੋ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਦਾਖਲ ਹੋਏ ਪਰ ਅਮੈਰਿਕਨ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ। ਇੰਮੀਗ੍ਰੇਸ਼ਨ ਕਾਨੂੰਨ ਮੁਤਾਬਕ ਅਜਿਹੇ ਪ੍ਰਵਾਸੀਆਂ ਨੂੰ ਗਰੀਨ ਕਾਰਡ ਨਹੀਂ ਮਿਲਦਾ ਪਰ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਜੂਨ ਵਿਚ ਜਾਰੀ ਕਾਰਜਕਾਰੀ ਹੁਕਮਾਂ ਅਧੀਨ ਲੱਖਾਂ ਪ੍ਰਵਾਸੀਆਂ ਨੂੰ ਰਾਹਤ ਦੇ ਦਿਤੀ ਗਈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦਾ ਮੰਨਣਾ ਹੈ ਕਿ ਅਮਰੀਕੀ ਨਾਗਰਿਕਾਂ ਨਾਲ ਵਿਆਹ ਪਰ ਪੱਕੇ ਨਾ ਹੋ ਸਕਣ ਵਾਲੇ ਪ੍ਰਵਾਸੀਆਂ ਵਿਚੋਂ ਦੋ-ਤਿਹਾਈ ਅੰਕੜਾ ਉਨ੍ਹਾਂ ਪ੍ਰਵਾਸੀਆਂ ਨਾਲ ਸਬੰਧਤ ਹੈ ਜੋ ਗੈਰਕਾਨੂੰਨੀ ਤਰੀਕੇ ਨਾਲ ਇਥੇ ਪੁੱਜੇ।

580 ਡਾਲਰ ਵਿਚ ਮਿਲ ਰਿਹਾ ਅਮਰੀਕਾ ਦਾ ਗਰੀਨ ਕਾਰਡ

ਪਰਵਾਰਾਂ ਦੇ ਮਿਲਾਪ ਵਾਲੀ ਇਸ ਯੋਜਨਾ ਰਾਹੀਂ ਜਿਥੇ 5 ਲੱਖ ਪ੍ਰਵਾਸੀਆਂ ਨੂੰ ਰਾਹਤ ਮਿਲੀ ਹੈ, ਉਥੇ ਹੀ 50 ਹਜ਼ਾਰ ਮਤਰਏ ਬੱਚਿਆਂ ਨੂੰ ਵੀ ਅਮਰੀਕਾ ਵਿਚ ਪੱਕਾ ਹੋਣ ਦਾ ਮੌਕਾ ਮਿਲੇਗਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਹੈ। ‘ਪੈਰੋਲ ਇਨ ਪਲੇਸ’ ਯੋਜਨਾ ਅਧੀਨ 17 ਜੂਨ 2024 ਜਾਂ ਇਸ ਤੋਂ ਪਹਿਲਾਂ ਅਮਰੀਕੀ ਸਿਟੀਜ਼ਨ ਨਾਲ ਵਿਆਹ ਕਰਵਾਉਣ ਵਾਲਿਆਂ ਨੂੰ ਗਰੀਨ ਕਾਰਡ ਮਿਲੇਗਾ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ 5 ਲੱਖ ਤੋਂ ਵੱਧ ਪ੍ਰਵਾਸੀ ਡਾਕਾ ਪ੍ਰੋਗਰਾਮ ਅਧੀਨ ਰਜਿਸਟਰਡ ਹਨ ਜੋ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਲਿਆਂਦਾ ਗਿਆ। ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਇਨ੍ਹਾਂ ਨੂੰ ਦੋ ਸਾਲ ਦੇ ਵਰਕ ਪਰਮਿਟ ਪ੍ਰੋਗਰਾਮ ਅਧੀਨ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦੇ ਦਿਤੀ ਗਈ ਪਰ ਹਥਿਆਰ ਰੱਖਣ ਅਤੇ ਪੁਲਿਸ ਵਿਚ ਨੌਕਰੀ ਤੋਂ ਵਰਜ ਦਿਤਾ ਗਿਆ। ਪਿਛਲੇ ਸਾਲ ਅਮਰੀਕਾ ਦੇ ਨਿਆਂ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਤਹਿਤ ਡਾਕਾ ਅਧੀਨ ਰਜਿਸਟਰਡ ਪ੍ਰਵਾਸੀਆਂ ਨੂੰ ਸਰਕਾਰੀ ਡਿਊਟੀ ਨਿਭਾਉਂਦਿਆਂ ਹਥਿਆਰ ਰੱਖਣ ਦੇ ਇਜਾਜ਼ਤ ਦੇ ਦਿਤੀ ਗਈ। ਦੂਜੇ ਪਾਸੇ ਵਾਸ਼ਿੰਗਟਨ ਸੂਬੇ ਦੇ ਸਿਐਟਲ ਸ਼ਹਿਰ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੁਲਿਸ ਵਿਚ ਭਰਤੀ ਵੀ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਅਤੀਤ ਵਿਚ ਸਿਰਫ ਅਮਰੀਕੀ ਨਾਗਰਿਕਾਂ ਜਾਂ ਗਰੀਨ ਕਾਰਡ ਧਾਰਕਾਂ ਨੂੰ ਹੀ ਨੌਕਰੀ ਵਾਸਤੇ ਵਿਚਾਰਿਆ ਜਾਂਦਾ ਸੀ ਪਰ ਹੁਣ ਡ੍ਰੀਮਰਜ਼ ਵੀ ਸੂਚੀ ਵਿਚ ਸ਼ਾਮਲ ਹੋ ਚੁੱਕੇ ਹਨ। ਸਿਐਟਲ ਵਿਖੇ 2019 ਤੋਂ 2024 ਦਰਮਿਆਨ ਕੁਲ ਅਪਰਾਧ ਦਰ 8 ਫੀ ਸਦੀ ਵਧੀ ਪਰ ਕਤਲ ਦੀਆਂ ਵਾਰਦਾਤਾਂ ਵਿਚ 78 ਫੀ ਸਦੀ ਵਾਧਾ ਦਰਜ ਕੀਤਾ ਗਿਆ। ਮਈ ਦੇ ਅੰਤ ਵਿਚ ਸਿਐਟਲ ਪੁਲਿਸ ਦੇ ਮੁਖੀ ਐਡਰੀਅਨ ਡਿਆਜ਼ ਨੂੰ ਸੈਕਸ਼ੁਅਲ ਹਰਾਸਮੈਂਟ ਅਤੇ ਰੇਸ਼ੀਅਲ ਡਿਸਕ੍ਰੀਮੀਨੇਸ਼ਨ ਦੇ ਦੋਸ਼ਾਂ ਅਧੀਨ ਕੁਰਸੀ ਛੱਡਣੀ ਪਈ। ਤਕਰੀਬਨ 23 ਸਾਲ ਦੀ ਪੁਲਿਸ ਨੌਕਰੀ ਮਗਰੋਂ ਅਸਤੀਫਾ ਦੇਣ ਵਾਲੀ ਜੈਸਿਕਾ ਟੇਲਰ ਨੇ ਇਕ ਚਿੱਠੀ ਲਿਖਦਿਆਂ ਡਿਆਜ਼ ’ਤੇ ਗੰਭੀਰ ਦੋਸ਼ ਲਾਏ ਸਨ। ਸਿਰਫ ਐਨਾ ਹੀ ਨਹੀਂ, ਚਾਰ ਮਹਿਲਾ ਅਫਸਰਾਂ ਨੇ ਪੁਲਿਸ ਵਿਭਾਗ ’ਤੇ 50 ਲੱਖ ਡਾਲਰ ਦਾ ਮੁਕੱਦਮਾ ਵੀ ਕੀਤਾ ਹੈ। ਸਿਐਟਲ ਪੁਲਿਸ ਵਿਭਾਗ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਡ੍ਰੀਮਰਜ਼ ਦੀ ਭਰਤੀ ਕਰਨ ਦਾ ਫੈਸਲਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਜਲਦ ਹੀ ਗਰੀਨ ਕਾਰਡ ਦੇ ਯੋਗ ਕਰਾਰ ਦਿਤਾ ਜਾ ਸਕਦਾ ਹੈ।

Tags:    

Similar News