ਅਮਰੀਕਾ ਵਿਚ 35 ਲੱਖ ਪ੍ਰਵਾਸੀਆਂ ਨਾਲ ਧੋਖਾ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਾਫ਼ ਲਫਜ਼ਾਂ ਵਿਚ ਆਖ ਦਿਤਾ ਹੈ ਕਿ ਇਕੱਲੇ-ਇਕੱਲੇ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਾਫ਼ ਲਫਜ਼ਾਂ ਵਿਚ ਆਖ ਦਿਤਾ ਹੈ ਕਿ ਇਕੱਲੇ-ਇਕੱਲੇ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਅਤੇ ਬਗੈਰ ਕਿਸੇ ਅਪੀਲ ਜਾਂ ਦਲੀਲ ਤੋਂ ਜਹਾਜ਼ਾਂ ਵਿਚ ਲੱਦ ਕੇ ਭੇਜਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਟਰੰਪ ਦੀ ਟਿੱਪਣੀ ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਆਈ ਹੈ ਜਿਸ ਵਿਚ ਵੈਨੇਜ਼ੁਏਲਾ ਨਾਲ ਸਬੰਧਤ ਪ੍ਰਵਾਸੀਆਂ ਨੂੰ ਏਲੀਅਨਜ਼ ਐਨੀਮੀਜ਼ ਐਕਟ 1798 ਅਧੀਨ ਡਿਪੋਰਟ ਕਰਨ ’ਤੇ ਰੋਕ ਲਾਈ ਗਈ ਹੈ। ਦੂਜੇ ਪਾਸੇ 35 ਲੱਖ ਪ੍ਰਵਾਸੀਆਂ ਨਾਲ ਧੋਖਾ ਹੋ ਗਿਆ ਜਦੋਂ ਚੁੱਪ-ਚਪੀਤੇ ਉਨ੍ਹਾਂ ਦੀ ਨਿਜੀ ਜਾਣਕਾਰੀ ਈਲੌਨ ਮਸਕ ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ ਨੂੰ ਮੁਹੱਈਆ ਕਰਵਾਉਣ ਦੀ ਪ੍ਰਵਾਨਗੀ ਦੇ ਦਿਤੀ ਗਈ।
ਟਰੰਪ ਵੱਲੋਂ ਇਕੱਲੇ-ਇਕੱਲੇ ਦਾ ਮੁਕੱਦਮਾ ਚਲਾਉਣ ਤੋਂ ਸਾਫ਼ ਨਾਂਹ
‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਪ੍ਰਵਾਸੀਆਂ ਦੇ ਨਾਂ, ਪਤੇ, ਇੰਮੀਗ੍ਰੇਸ਼ਨ ਨਾਲ ਸਬੰਧਤ ਬਿਆਨ ਅਤੇ ਅਦਾਲਤੀ ਰਿਕਾਰਡ ਡੌਜ ਕੋਲ ਪੁੱਜ ਜਾਣਗੇ। ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਡੌਜ ਵੱਲੋਂ 1990 ਦੇ ਦਹਾਕੇ ਨਾਲ ਸਬੰਧਤ ਪ੍ਰਵਾਸੀਆਂ ਦੇ ਵੇਰਵੇ ਵੀ ਹਾਸਲ ਕੀਤੇ ਜਾ ਸਕਦੇ ਹਨ। ਰਿਪੋਰਟ ਕਹਿੰਦੀ ਹੈ ਕਿ ਪ੍ਰਵਾਸੀਆਂ ਦੇ ਪਰਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਪਤੇ-ਟਿਕਾਣੇ ਵੀ ਫਾਈਲ ਦਾ ਹਿੱਸਾ ਹੋ ਸਕਦੇ ਹਨ ਅਤੇ ਅਜਿਹੇ ਵਿਚ 35 ਲੱਖ ਦਾ ਅੰਕੜਾ ਕਾਫੀ ਛੋਟਾ ਨਜ਼ਰ ਆ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਪਨਾਹ ਮੰਗਣ ਵਾਲਿਆਂ ਨੂੰ ਗੁਪਤ ਮੀਟਿੰਗ ਵਿਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਅਮਰੀਕਾ ਵਿਚ ਪਨਾਹ ਮੰਗਣ ਦੇ ਕਾਰਨਾਂ ਬਾਰੇ ਤਫਸੀਲ ਨਾਲ ਗੱਲਬਾਤ ਕੀਤੀ ਜਾਂਦੀ ਹੈ। ਹੁਣ ਇਹ ਜਾਣਕਾਰੀ ਈਲੌਨ ਮਸਕ ਅਤੇ ਉਨ੍ਹਾਂ ਦੇ ਸਟਾਫ ਦੇ ਹੱਥਾਂ ਵਿਚ ਹੋਵੇਗੀ। ਇਸ ਤੋਂ ਇਲਾਵਾ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਪ੍ਰਵਾਸੀਆਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਮਸਕ ਕੋਲ ਪੁੱਜ ਜਾਣਗੇ। ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਡੌਜ ਦੇ ਛੇ ਸਟਾਫ਼ ਮੈਂਬਰਾਂ ਨੂੰ ਜਾਣਕਾਰੀ ਤੱਕ ਪਹੁੰਚ ਮੁਹੱਈਆ ਕਰਵਾਈ ਗਈ ਹੈ ਜਿਨ੍ਹਾਂ ਵਿਚ 25 ਸਾਲ ਦਾ ਮਾਰਕੋ ਐਲੇਜ਼ ਵੀ ਸ਼ਾਮਲ ਹੈ। ਐਲੇਜ਼ ਨੂੰ ਫਰਵਰੀ ਵਿਚ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਦਿਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਮਸਕ ਉਸ ਨੂੰ ਆਪਣੇ ਮਹਿਕਮੇ ਵਿਚ ਲੈ ਗਏ।
ਟੈਕਸ ਦੇਣ ਵਾਲੇ ਪ੍ਰਵਾਸੀਆਂ ’ਤੇ ਸ਼ਿਕੰਜਾ ਜਲਦ
ਇਸ ਤੋਂ ਪਹਿਲਾਂ ਇੰਟਰਨਲ ਰੈਵੇਨਿਊ ਸਰਵਿਸ ਮਹਿਕਮਾ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸਬੰਧਤ ਵੇਰਵੇ ਟਰੰਪ ਸਰਕਾਰ ਨੂੰ ਸੌਂਪਣ ਦੀ ਹਾਮੀ ਭਰ ਚੁੱਕਾ ਹੈ ਜਦਕਿ ਪ੍ਰਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਨਿਜੀ ਜਾਣਕਾਰੀ ਕਿਸੇ ਕੋਲ ਜਨਤਕ ਨਹੀਂ ਕੀਤੀ ਜਾਵੇਗੀ। ਹੁਣ ਇਨ੍ਹਾਂ ਪ੍ਰਵਾਸੀਆਂ ਨੂੰ ਵਾਰੋ-ਵਾਰੀ ਫੜ ਕੇ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ 70 ਲੱਖ ਪ੍ਰਵਾਸੀ ਅਜਿਹੇ ਹਨ ਜੋ ਕਿਸੇ ਵੀ ਕਿਸਮ ਦਾ ਇੰਮੀਗ੍ਰੇਸ਼ਨ ਸਟੇਟਸ ਨਾ ਹੋਣ ਦੇ ਬਾਵਜੂਦ ਟੈਕਸ ਭਰਦੇ ਹਨ ਅਤੇ ਹਰ ਸਾਲ ਅਮਰੀਕਾ ਦੇ ਖ਼ਜ਼ਾਨੇ ਵਿਚ ਕਰੋੜਾਂ ਡਾਲਰ ਦਾ ਯੋਗਦਾਨ ਪਾ ਰਹੇ ਹਨ। ਇੰਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦੀਆਂ ਲੂੰਬੜ ਚਾਲਾਂ ਆਉਣ ਵਾਲੇ ਸਮੇਂ ਵਿਚ ਅਮਰੀਕਾ ਦੇ ਸਮਾਜ ਦਾ ਮੁਹਾਂਦਰਾ ਬਦਲ ਦੇਣਗੀਆਂ ਅਤੇ ਹਾਲਾਤ ਐਨੇ ਵਿਗੜ ਸਕਦੇ ਹਨ ਕਿ ਸਥਾਨਕ ਪੱਧਰ ’ਤੇ ਕੰਮ ਕਰਨ ਵਾਲੇ ਹੀ ਨਾ ਲੱਭਣ।