ਅਮਰੀਕਾ ਵਿਚ 3 ਹਜ਼ਾਰ ਟ੍ਰਕਿੰਗ ਸਕੂਲਾਂ ਦੀ ਮਾਨਤਾ ਰੱਦ

ਅਮਰੀਕਾ ਵਿਚ ਸੈਂਕੜੇ ਪੰਜਾਬੀਆਂ ’ਤੇ ਮੁੜ ਕਹਿਰ ਢਾਹਉਂਦਿਆਂ ਟਰੰਪ ਸਰਕਾਰ ਵੱਲੋਂ 3 ਹਜ਼ਾਰ ਟ੍ਰਕਿੰਗ ਸਕੂਲਜ਼ ਅਤੇ ਟ੍ਰੇਨਰਾਂ ਦੀ ਮਾਨਤਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ

Update: 2025-12-02 13:31 GMT

ਵਾਸ਼ਿੰਗਟਨ : ਅਮਰੀਕਾ ਵਿਚ ਸੈਂਕੜੇ ਪੰਜਾਬੀਆਂ ’ਤੇ ਮੁੜ ਕਹਿਰ ਢਾਹਉਂਦਿਆਂ ਟਰੰਪ ਸਰਕਾਰ ਵੱਲੋਂ 3 ਹਜ਼ਾਰ ਟ੍ਰਕਿੰਗ ਸਕੂਲਜ਼ ਅਤੇ ਟ੍ਰੇਨਰਾਂ ਦੀ ਮਾਨਤਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿਰਫ਼ ਇਥੇ ਹੀ ਬੱਸ ਨਹੀਂ, ਟਰੱਕ ਡਰਾਈਵਰਾਂ ਨੂੰ ਸਿਖਲਾਈ ਦੇਣ ਵਾਲੇ ਚਾਰ ਹਜ਼ਾਰ ਹੋਰਨਾਂ ਸਕੂਲਾਂ ਅਤੇ ਟ੍ਰੇਨਰਾਂ ਨੂੰ ਇੰਨ-ਬਿੰਨ ਕਾਰਵਾਈ ਦੀ ਚਿਤਾਵਨੀ ਵੀ ਦਿਤੀ ਗਈ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਕਿਹਾ ਕਿ ਗੈਰਕਾਨੂੰਨੀ ਤੌਰ ’ਤੇ ਚੱਲ ਰਹੇ ਟ੍ਰੇਨਿੰਗ ਸਕੂਲ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਅਣਜਾਣ ਡਰਾਈਵਰ, ਟਰੱਕ ਜਾਂ ਸਕੂਲ ਬੱਸ ਦੇ ਸਟੀਅਰਿੰਗ ’ਤੇ ਨਹੀਂ ਬੈਠ ਸਕਦੇ। ਉਨ੍ਹਾਂ ਕਿਹਾ ਕਿ ਤਿੰਨ ਹਜ਼ਾਰ ਟ੍ਰਕਿੰਗ ਸਕੂਲਜ਼ ਅਤੇ ਟ੍ਰੇਨਰਜ਼ ਨੂੰ 30 ਦਿਨ ਦੇ ਅੰਦਰ ਫੈਡਰਲ ਸ਼ਰਤਾਂ ’ਤੇ ਖਰਾ ਉਤਰਨਾ ਹੋਵੇਗਾ ਅਤੇ ਅਜਿਹਾ ਹੋਣ ’ਤੇ ਹੀ ਉਨ੍ਹਾਂ ਦੀ ਮਾਨਤਾ ਬਚ ਸਕਦੀ ਹੈ। ਟ੍ਰਾਂਸਪੋਰਟ ਸੈਕਟਰ ਦੇ ਜਾਣਕਾਰਾਂ ਮੁਤਾਬਕ ਅਮਰੀਕਾ ਵਿਚ ਤਕਰੀਬਨ 16 ਹਜ਼ਾਰ ਟਰੱਕ ਡਰਾਈਵਿੰਗ ਟ੍ਰੇਨਿੰਗ ਸਕੂਲ ਚੱਲ ਰਹੇ ਹਨ ਜਿਨ੍ਹਾਂ ਵਿਚੋਂ 40 ਫ਼ੀ ਸਦੀ ਫੈਡਰਲ ਸਰਕਾਰ ਦੇ ਨਿਸ਼ਾਨੇ ’ਤੇ ਆ ਚੁੱਕੇ ਹਨ। ਪੰਜਾਬੀਆਂ ਦੀ ਮਾਲਕੀ ਵਾਲੇ ਟ੍ਰੇਨਿੰਗ ਸਕੂਲਾਂ ਦੀ ਸਭ ਤੋਂ ਵੱਧ ਗਿਣਤੀ ਕੈਲੇਫੋਰਨੀਆ ਵਿਚ ਦੱਸੀ ਜਾ ਰਹੀ ਹੈ ਅਤੇ ਸੂਬੇ ਦੇ ਗਵਰਨਰ ਨਾਲ ਪਹਿਲਾਂ ਹੀ ਡੌਨਲਡ ਟਰੰਪ ਦੀ ਬਿਲਕੁਲ ਨਹੀਂ ਬਣਦੀ।

ਟਰੰਪ ਸਰਕਾਰ ਨੇ 4 ਹਜ਼ਾਰ ਸਕੂਲਾਂ ਅਤੇ ਟ੍ਰੇਨਰਾਂ ਨੂੰ ਦਿਤੀ ਚਿਤਾਵਨੀ

ਉਤਰੀ ਵਰਜੀਨੀਆ ਵਿਚ ਇਕ ਛੋਟੇ ਪੱਧਰ ਦੀ ਟ੍ਰਕਿੰਗ ਕੰਪਨੀ ਦੇ ਮਾਲਕ ਪਵਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਆਦਾਤਰ ਸਕੂਲ ਬਗੈਰ ਸਿਖਲਾਈ ਤੋਂ ਹੀ ਸਰਟੀਫ਼ਿਕੇਟ ਜਾਰੀ ਕਰ ਦਿੰਦੇ ਹਨ ਜਦਕਿ ਸਬੰਧਤ ਸ਼ਖਸ ਨੂੰ ਟਰੱਕ ਬਾਰੇ ਬੁਨਿਆਦੀ ਜਾਣਕਾਰੀ ਵੀ ਨਹੀਂ ਹੁੰਦੀ। ਪਵਨ ਸਿੰਘ ਨੇ ਕਿਹਾ ਕਿ ਅਮਰੀਕਾ ਵਿਚ ਜੰਮਿਆ ਟਰੱਕ ਡਰਾਈਵਰ ਵੀ ਹਾਈਵੇਅ ਤੋਂ ਲੰਘ ਰਹੇ ਲੋਕਾਂ ਵਾਸਤੇ ਖ਼ਤਰਾ ਪੈਦਾ ਕਰਦਾ ਹੈ ਜੇ ਉਸ ਨੂੰ ਬਣਦੀ ਸਿਖਲਾਈ ਨਾ ਮਿਲੀ ਹੋਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਲੇਫੋਰਨੀਆ ਵਿਚ 17 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕੀਤੇ ਜਾ ਚੁੱਕੇ ਹਨ ਅਤੇ ਇਹ ਸਭ ਫ਼ੈਡਰਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਹੋਇਆ। ਚੇਤੇ ਰਹੇ ਕਿ ਬਾਇਡਨ ਸਰਕਾਰ ਨੇ 2021 ਵਿਚ ਸੂਬਾ ਸਰਕਾਰਾਂ ਨੂੰ ਵੱਧ ਤੋਂ ਵੱਧ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ਦੇ ਰਾਹ ਲੱਭਣ ਦਾ ਸੱਦਾ ਦਿਤਾ ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਡਰਾਈਵਰਾਂ ਦੀ ਵੱਡੀ ਕਿੱਲਤ ਪੈਦਾ ਹੋ ਗਈ। ਫਰਵਰੀ 2022 ਵਿਚ ਡਰਾਈਵਿੰਗ ਟ੍ਰੇਨਿੰਗ ਅਤੇ ਟੈਸਟ ਸੈਂਟਰਾਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਖੁਦ ਤਸਦੀਕ ਕਰਨ ਦੀ ਇਜਾਜ਼ਤ ਦੇ ਦਿਤੀ ਗਈ।

ਲਾਇਸੰਸ ਰੱਦ ਹੋਣ ਮਗਰੋਂ ਟ੍ਰਾਂਸਪੋਰਟ ਸੈਕਟਰ ਵਿਚ ਮੁੜ ਵੱਡੀ ਕਾਰਵਾਈ

ਫੈਡਰਲ ਰਜਿਸਟਰੀ ਵਿਚ ਕਿਸੇ ਵੇਲੇ ਸੈਲਫ਼ ਰਜਿਸਟ੍ਰਡ ਟ੍ਰੇਨਿੰਗ ਸਕੂਲਾਂ ਦੀ ਗਿਣਤੀ 32 ਹਜ਼ਾਰ ਤੋਂ ਟੱਪ ਗਈ ਪਰ ਟਰੰਕ ਸਰਕਾਰ ਦਾ ਤਾਜ਼ਾ ਕਾਰਵਾਈ ਮਗਰੋਂ ਹਜ਼ਾਰਾਂ ਟ੍ਰੇਨਿੰਗ ਸਕੂਲ ਚੁੱਪ ਚੁਪੀਤੇ ਹੀ ਬੰਦ ਹੋ ਗਏ ਅਤੇ ਹੁਣ ਤਿੰਨ ਹਜ਼ਾਰ ਹੋਰਨਾਂ ਦੇ ਦਰਵਾਜ਼ੇ ਬੰਦ ਕਰ ਦਿਤੇ ਜਾਣਗੇ। ਟ੍ਰਾਂਸਪੋਰਟ ਸੈਕਟਰ ਦੇ ਮਾਹਰਾਂ ਮੁਤਾਬਕ ਸਿਰਫ਼ 30 ਦਿਨ ਦੇ ਅੰਦਰ ਟਰੰਪ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਬੇਹੱਦ ਮੁਸ਼ਕਲ ਹਨ ਅਤੇ ਟ੍ਰੇਨਿੰਗ ਸਕੂਲਾਂ ਨੂੰ ਬੰਦ ਕਰਨ ਦਾ ਸਿਰਫ਼ ਬਹਾਨਾ ਬਣਾਇਆ ਗਿਆ ਹੈ ਪਰ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੈਲੇਫੋਰਨੀਆ ਵਰਗੇ ਰਾਜਾਂ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਸਰਾਸਰ ਗੈਰਕਾਨੂੰਨੀ ਤਰੀਕੇ ਨਾਲ ਲਾਇੰਸਸ ਜਾਰੀ ਕੀਤੇ ਗਏ। ਜ਼ਿਆਦਾਤਰ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਵੀ ਨਹੀਂ ਆਉਂਦੀ ਅਤੇ ਅਮਰੀਕਾ ਦੇ ਹਾਈਵੇਜ਼ ’ਤੇ ਹੈਵੀ ਵ੍ਹੀਕਲ ਚਲਾਉਣ ਦੇ ਬਿਲਕੁਲ ਵੀ ਸਮਰੱਥ ਨਹੀਂ।

Tags:    

Similar News