ਅਮਰੀਕਾ ਵਿਚ ਭਾਰਤੀ ਪਰਵਾਰ ਦੇ 3 ਜੀਆਂ ਦੀ ਮੌਤ
ਅਮਰੀਕਾ ਵਿਚ ਵਾਪਰੀ ਹੌਲਨਾਕ ਵਾਰਦਾਤ ਦੌਰਾਨ ਇਕ ਭਾਰਤੀ ਕਾਰੋਬਾਰੀ ਨੇ ਆਪਣੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰ ਲਈ।
ਨਿਊਕੈਸਲ : ਅਮਰੀਕਾ ਵਿਚ ਵਾਪਰੀ ਹੌਲਨਾਕ ਵਾਰਦਾਤ ਦੌਰਾਨ ਇਕ ਭਾਰਤੀ ਕਾਰੋਬਾਰੀ ਨੇ ਆਪਣੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਦੀ ਸ਼ਨਾਖਤ 57 ਸਾਲ ਦੇ ਹਰਸ਼ਵਰਧਨ ਐਸ ਕਿਕੇਰੀ, 45 ਸਾਲ ਦੀ ਪਤਨੀ ਸ਼ਵੇਤਾ ਪਨਯਾਮ ਅਤੇ 14 ਸਾਲ ਦੇ ਬੱਚੇ ਵਜੋਂ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ 7 ਸਾਲ ਦਾ ਬੱਚਾ ਗੋਲੀਕਾਂਡ ਦੌਰਾਨ ਬਚ ਗਿਆ ਜੋ ਗੁਆਂਢੀਆਂ ਦੇ ਘਰ ਗਿਆ ਹੋਇਆ ਸੀ। ਵਾਸ਼ਿੰਗਟਨ ਸੂਬੇ ਦੇ ਨਿਊਕੈਸਲ ਸ਼ਹਿਰ ਵਿਚ ਵਾਪਰੀ ਵਾਰਦਾਤ ਬਾਰੇ ਕਿੰਗ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ 129ਵੀਂ ਸਟ੍ਰੀਟ ਦੇ 7000 ਬਲਾਕ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਪੁਲਿਸ ਅਫਸਰਾਂ ਨੂੰ ਤਿੰਨ ਲਾਸ਼ਾਂ ਮਿਲੀਆਂ।
ਹਰਸ਼ਵਰਧਨ ਨੇ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਨ ਮਗਰੋਂ ਕੀਤੀ ਖੁਦਕੁਸ਼ੀ
ਪਰਵਾਰਕ ਮੈਂਬਰਾਂ ਦੇ ਕਤਲ ਮਗਰੋਂ ਖੁਦਕੁਸ਼ੀ ਨਾਲ ਸਬੰਧਤ ਇਸ ਹੈਰਾਨਕੁੰਨ ਵਾਰਦਾਤ ਦੇ ਕਾਰਨਾਂ ਬਾਰੇ ਫਿਲਹਾਲ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿਤੀ ਗਈ। ਉਧਰ ਗੁਆਂਢੀਆਂ ਨੇ ਦੱਸਿਆ ਕਿ ਭਾਰਤੀ ਮੂਲ ਦਾ ਪਰਵਾਰ ਬੇਹੱਦ ਮਿਲਣਸਾਰ ਸੁਭਾਲ ਦਾ ਮਾਲਕ ਸੀ। ਸ਼ਵੇਤਾ ਅਕਸਰ ਹੀ ਆਪਣੇ ਛੋਟੇ ਬੇਟੇ ਨੂੰ ਸਕੂਲ ਬੱਸ ਚੜ੍ਹਾਉਣ ਮੁੱਖ ਸੜਕ ਵੱਲ ਜਾਂਦੀ ਅਤੇ ਆਂਢ-ਗੁਆਂਢ ਦੀਆਂ ਔਰਤਾਂ ਨਾਲ ਗੱਲਬਾਤ ਹੁੰਦੀ ਰਹਿੰਦੀ। ਇਕ ਔਰਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਵੇਤਾ ਦੀ ਮੌਤ ਬਾਰੇ ਸੁਣ ਕੇ ਉਹ ਸੁੰਨ ਹੋ ਗਈ। ਇਲਾਕੇ ਵਿਚ ਅਜਿਹੀ ਦੁਖਦ ਵਾਰਦਾਤ ਕਦੇ ਸਾਹਮਣੇ ਨਹੀਂ ਆਈ। ਉਧਰ ਮੈਡੀਕਲ ਐਗਜ਼ਾਮੀਨਰ ਦੀ ਰਿਪੋਰਟ ਮੁਤਾਬਕ 14 ਸਾਲਾ ਬੱਚੇ ਦੇ ਸਿਰ ਵਿਚ ਗੋਲੀ ਵੱਜੀ ਜਦਕਿ ਸ਼ਵੇਤਾ ਦੇ ਸਰੀਰ ’ਤੇ ਗੋਲੀ ਤੋਂ ਇਲਾਵਾ ਵੀ ਜ਼ਖਮਾਂ ਦੇ ਨਿਸ਼ਾਨ ਮੌਜੂਦ ਸਨ। ਇਥੇ ਦਸਣਾ ਬਣਦਾ ਹੈ ਕਿ ਕੁਝ ਵਰ੍ਹੇ ਪਹਿਲਾਂ ਹਰਸ਼ਵਰਧਨ ਅਤੇ ਉਨ੍ਹਾਂ ਦੇ ਪਰਵਾਰ ਨੇ ਅਮਰੀਕਾ ਛੱਡ ਦਿਤਾ ਸੀ ਅਤੇ ਭਾਰਤ ਵਿਚ ਇਕ ਰੋਬੋਟਿਕਸ ਕੰਪਨੀ ਦੀ ਨੀਂਹ ਰੱਖੀ। ਕੰਪਨੀ ਦਾ ਮੁੱਖ ਦਫ਼ਤਰ ਮੈਸੂਰ ਵਿਖੇ ਬਣਾਇਆ ਗਿਆ ਅਤੇ ਹਰਸ਼ਵਰਧਨ ਤੋਂ ਇਲਾਵਾ ਸ਼ਵੇਤਾ ਵੀ ਕੰਪਨੀ ਦੇ ਪ੍ਰਬੰਧਕਾਂ ਵਿਚ ਸ਼ਾਮਲ ਰਹੀ।
ਪੁਲਿਸ ਕਰ ਰਹੀ ਵਾਰਦਾਤ ਦੇ ਕਾਰਨਾਂ ਦੀ ਪੜਤਾਲ
ਮੁਢਲੇ ਤੌਰ ’ਤੇ ਕੰਪਨੀ ਨੂੰ ਚੰਗਾ ਹੁਲਾਰਾ ਮਿਲਿਆ ਪਰ ਕੋਰੋਨਾ ਮਹਾਂਮਾਰੀ ਦੌਰਾਨ ਹਾਲਾਤ ਬਦਲ ਗਏ ਅਤੇ ਪਰਵਾਰ ਨੂੰ ਕੰਪਨੀ ਬੰਦ ਕਰ ਕੇ ਅਮਰੀਕਾ ਪਰਤਣਾ ਪਿਆ। ਮਾਈਕ੍ਰੋਸਾਫ਼ਟ ਵਰਗੀਆਂ ਨਾਮੀ ਕੰਪਨੀਆਂ ਵਿਚ ਕੰਮ ਕਰ ਚੁੱਕੇ ਹਰਸ਼ਵਰਧਨ ਦੀ ਮਕਬੂਲੀਅਤ ਕਿਸੇ ਵੇਲੇ ਸਿਖਰਾਂ ’ਤੇ ਰਹੀ ਅਤੇ ਉਨ੍ਹਾਂ ਨੇ ਭਾਰਤੀ ਸਰਹੱਦਾਂ ਦੀ ਰਾਖੀ ਵਾਸਤੇ ਰੋਬੋਟਸ ਦੀ ਵਰਤੋਂ ਕਰਨ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ। ਅਮਰੀਕਾ ਪਰਤਣ ਮਗਰੋਂ ਹਰਸ਼ਵਰਧਨ ਅਤੇ ਉਸ ਦੀ ਪਤਨੀ ਨੇ ਹੋਲੋਸੁਈਟ ਨਾਂ ਦੀ ਕੰਪਨੀ ਬਣਾਈ ਜੋ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੁਆਲੇ ਕੇਂਦਰਤ ਦੱਸੀ ਗਈ ਪਰ ਕੰਪਨੀ ਦੇ ਆਰਥਿਕ ਹਾਲਾਤ ਬਾਰੇ ਠੋਸ ਵੇਰਵੇ ਉਭਰ ਕੇ ਸਾਹਮਣੇ ਨਹੀਂ ਆ ਸਕੇ।