ਅਮਰੀਕਾ ’ਚ 3 ਭਾਰਤੀ ਪਰਵਾਰਾਂ ਉਤੇ ਟੁੱਟਿਆ ਕਹਿਰ

ਅਮਰੀਕਾ ਵਿਚ ਤਿੰਨ ਭਾਰਤੀ ਪਰਵਾਰਾਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਿਨ੍ਹਾਂ ਦੇ ਕਮਾਉਣ ਵਾਲੇ ਜੀਅ ਅਚਨਚੇਤ ਸਦੀਵੀ ਵਿਛੋੜਾ ਦੇ ਗਏ

Update: 2025-09-09 12:27 GMT

ਕੈਲੇਫੋਰਨੀਆ : ਅਮਰੀਕਾ ਵਿਚ ਤਿੰਨ ਭਾਰਤੀ ਪਰਵਾਰਾਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਿਨ੍ਹਾਂ ਦੇ ਕਮਾਉਣ ਵਾਲੇ ਜੀਅ ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਕੈਲੇਫੋਰਨੀਆ ਦੇ ਮੈਨਟੀਕਾ ਵਿਖੇ 36 ਸਾਲ ਦਾ ਸਿਮਰਨਜੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਿਆ ਜੋ ਅਸਾਇਲਮ ਕੇਸ ਰੱਦ ਹੋਣ ਕਾਰਨ ਡੂੰਘੇ ਤਣਾਅ ਵਿਚ ਰਹਿੰਦਾ ਸੀ। ਸੰਭਾਵਤ ਤੌਰ ’ਤੇ ਸਿਮਰਨਜੀਤ ਸਿੰਘ ਨੂੰ ਡਿਪੋਰਟ ਹੋਣ ਦਾ ਡਰ ਵੱਢ ਵੱਢ ਖਾ ਰਿਹਾ ਸੀ। ਸਿਮਰਨਜੀਤ ਦੇ ਕਜ਼ਨ ਮਨਵੀਰ ਸਿੰਘ ਮੁਤਾਬਕ ਉਹ ਆਪਣੇ ਪਿੱਛੇ ਬਜ਼ੁਰਗ ਮਾਤਾ, ਪਤਨੀ ਅਤੇ 7 ਸਾਲ ਦੀ ਬੇਟੀ ਛੱਡ ਗਿਆ ਹੈ। ਸਿਮਰਨਜੀਤ ਸਿੰਘ ਦੇ ਅੰਤਮ ਸਸਕਾਰ ਅਤੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਹਨ।

ਸਿਮਰਨਜੀਤ ਸਿੰਘ ਨੂੰ ਸਤਾ ਰਿਹਾ ਸੀ ਡਿਪੋਰਟ ਹੋਣ ਦਾ ਡਰ

ਦੂਜੇ ਪਾਸੇ ਮਾਈਕ੍ਰੋਸਾਫ਼ਟ ਵਿਚ ਕੰਮ ਕਰਦਾ ਪ੍ਰਤੀਕ ਪਾਂਡੇ ਸੰਭਾਵਤ ਤੌਰ ’ਤੇ ਕੰਮ ਦਾ ਬੋਝ ਬਰਦਾਸ਼ਤ ਨਾ ਕਰ ਸਕਿਆ ਅਤੇ ਆਪਣੇ ਮਾਪਿਆਂ ਨੂੰ ਵਿਲਕਦਾ ਛੱਡ ਗਿਆ। ਪ੍ਰਤੀਕ ਦੀ ਲਾਸ਼ ਕੈਲੇਫੋਰਨੀਆ ਦੇ ਮਾਊਂਟੇਨ ਵਿਊ ਇਲਾਕੇ ਵਿਚ ਬਣੇ ਮਾਈਕ੍ਰੋਸਾਫ਼ਟ ਦੇ ਵੱਡੇ ਦਫ਼ਤਰ ਵਿਚੋਂ ਮਿਲੀ ਅਤੇ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗਣ ਵਿਚ ਘੱਟੋ ਘੱਟ 90 ਦਿਨ ਦਾ ਸਮਾਂ ਲੱਗ ਸਕਦਾ ਹੈ। ਪ੍ਰਤੀਕ ਦੀ ਮਾਤਾ ਮੀਨਾ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬੇਹੱਦ ਮਿਹਨਤੀ ਸੀ ਪਰ ਕੰਪਨੀ ਨੇ ਕੰਮ ਦਾ ਬੋਝ ਹੀ ਐਨਾ ਵਧਾ ਦਿਤਾ ਕਿ ਉਹ ਬਰਦਾਸ਼ਤ ਨਾ ਕਰ ਸਕਿਆ। ਮੀਨਾ ਪਾਂਡੇ ਨੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਮਸ਼ੀਨ ਨਾ ਸਮਝਣ ਅਤੇ ਮਾਵਾਂ ਨੂੰ ਆਪਣੇ ਪੁੱਤ ਨਾ ਗਵਾਉਣੇ ਪੈਣ।

ਪ੍ਰਤੀਕ ਪਾਂਡੇ ਨੂੰ ਕੰਮ ਦਾ ਬੋਝ ਲੈ ਬੈਠਾ

ਮੀਨਾ ਪਾਂਡੇ ਵੱਲੋਂ ਨੌਜਵਾਨਾਂ ਨੂੰ ਸੁਨੇਹਾ ਦਿਤਾ ਗਿਆ ਹੈ ਕਿ ਕੋਈ ਤਨਖਾਹ ਤੁਹਾਡੀ ਜ਼ਿੰਦਗੀ ਤੋਂ ਵੱਡੀ ਨਹੀਂ, ਜਦੋਂ ਦਿਮਾਗੀ ਤਣਾਅ ਮਹਿਸੂਸ ਹੋਵੇ, ਨੌਕਰੀ ਛੱਡ ਕੇ ਪਾਸੇ ਹੋ ਜਾਉ। ਦੱਸ ਦੇਈੲੈ ਕਿ ਪ੍ਰਤੀਕ ਪਾਂਡੇ ਤਕਰੀਬਨ 10 ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਅਮਰੀਕਾ ਪੁੱਜਾ। ਡਿਗਰੀ ਮੁਕੰਮਲ ਕਰਨ ਮਗਰੋਂ ਉਸ ਨੇ ਐਪਲ ਅਤੇ ਵਾਲਮਾਰਟ ਵਰਗੀਆਂ ਕੰਪਨੀਆਂ ਵਾਸਤੇ ਕੰਮ ਕੀਤਾ ਅਤੇ ਫਿਰ ਮਾਈਕ੍ਰੋਸਾਫ਼ਟ ਦਾ ਹਿੱਸਾ ਬਣ ਗਿਆ। ਮੁਲਾਜ਼ਮਾਂ ਦੀ ਕਾਰਗੁਜ਼ਾਰੀ ਬਾਰੇ ਮੁਲਾਂਕਣ ਤੋਂ ਪਹਿਲਾਂ ਉਸ ਨੇ ਦੇਰ ਰਾਤ ਤੱਕ ਕੰਮ ਕਰਨਾ ਸ਼ੁਰੂ ਕਰ ਦਿਤਾ ਅਤੇ ਖਾਣਾ-ਪੀਣਾ ਵੀ ਭੁੱਲ ਗਿਆ। ਪ੍ਰਤੀਕ ਦੀ ਛੋਟੀ ਭੈਣ ਪ੍ਰਕਿਰਤੀ ਪਾਂਡੇ ਨੇ ਦੱਸਿਆ ਕਿ ਮਾਂ ਅਕਸਰ ਹੀ ਵੀਰੇ ਨੂੰ ਜ਼ਿਆਦਾ ਕੰਮ ਕਰਨ ਤੋਂ ਰੋਕਦੀ ਸੀ ਪਰ ਉਸ ਅੰਦਰ ਹੋਰ ਵੱਡਾ ਕਰਨ ਦੀ ਤਾਂਘ ਬਰਕਰਾਰ ਸੀ ਅਤੇ ਹਮੇਸ਼ਾ ਆਪਣੀ ਕਾਰਗੁਜ਼ਾਰੀ ਬਿਹਤਰ ਬਣਾਉਣ ਵਿਚ ਜੁਟਿਆ ਰਹਿੰਦਾ। ਕੰਪਨੀ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਉਹ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਅਤੇ ਜਲਦ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮਾਈਕ੍ਰੋਸਾਫ਼ਟ ਨੇ 42 ਘੰਟੇ ਬਾਅਦ ਇਹ ਦੁੱਖ ਭਰੀ ਖਬਰ ਪ੍ਰਤੀਕ ਦੇ ਮਾਪਿਆਂ ਨੂੰ ਦੱਸੀ। ਹਿਊਮਨ ਰਿਸੋਰਸਿਜ਼ ਵਿਭਾਗ ਦੇ ਅਫ਼ਸਰ ਨੇ ਕਿਸੇ ਗੱਲ ਦਾ ਜਵਾਬ ਸਹੀ ਤਰੀਕੇ ਨਾਲ ਨਾ ਦਿਤਾ ਅਤੇ ਪਰਵਾਰ ਚਿੰਤਾਵਾਂ ਵਿਚ ਡੁੱਬ ਗਿਆ।

ਆਨੰਦ ਵੈਂਕਟਰਤਨਮ ਦਾ ਪਰਵਾਰ ਹੋਇਆ ਖੇਰੂੰ-ਖੇਰੂੰ

ਪ੍ਰਤੀਕ ਦੇ ਮਾਪਿਆਂ ਮੁਤਾਬਕ ਬੀਤੇ ਫ਼ਰਵਰੀ ਮਹੀਨੇ ਉਹ ਭਾਰਤ ਆਇਆ ਅਤੇ ਮੁਕੰਮਲ ਡਾਕਟਰੀ ਮੁਆਇਨਾ ਕਰਵਾਇਆ ਜਿਸ ਵਿਚ ਕੋਈ ਸਮੱਸਿਆ ਸਾਹਮਣੇ ਨਾ ਆਈ। ਪ੍ਰਤੀਕ ਦੇ ਸਾਥੀ ਮੁਲਾਜ਼ਮਾਂ ਮੁਤਾਬਕ ਉਹ ਬਿਲਕੁਲ ਤੰਦਰੁਸਤ ਨਜ਼ਰ ਆ ਰਿਹਾ ਸੀ ਅਤੇ ਰੋਟੀ ਵੀ ਦਫ਼ਤਰ ਵਿਚ ਹੀ ਖਾਧੀ ਪਰ ਕੁਝ ਘੰਟੇ ਬਾਅਦ ਭਾਣਾ ਵਰਤ ਗਿਆ। ਉਧਰ ਟੈਕਸਸ ਦੇ ਕੈਲਰ ਸ਼ਹਿਰ ਵਿਚ ਆਨੰਦ ਵੈਂਕਟਰਤਨਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਆਨੰਦ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪਰਵਾਰ ਵਿਚ ਕਮਾਉਣ ਵਾਲਾ ਇਕੱਲਾ ਜੀਅ ਹੋਣ ਕਾਰਨ ਵੱਡਾ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਆਨੰਦ ਦੀ ਪਤਨੀ ਐਚ 4 ਯਾਨੀ ਡਿਪੈਂਡੈਂਟ ਵੀਜ਼ਾ ’ਤੇ ਅਮਰੀਕਾ ਵਿਚ ਹੈ ਅਤੇ ਹੁਣ ਉਸ ਦਾ ਇੰਮੀਗ੍ਰੇਸ਼ਨ ਸਟੇਟਸ ਖ਼ਤਮ ਹੋ ਚੁੱਕਾ ਹੈ। ਪਰਵਾਰ ਦੇ ਨਜ਼ਦੀਕੀਆਂ ਵੱਲੋਂ ਆਰਥਿਕ ਮਦਦ ਕਰਨ ਦੇ ਯਤਨ ਕੀਤੇਜਾ ਰਹੇ ਹਨ।

Tags:    

Similar News