2 ਲੱਖ ਤੋਂ ਵੱਧ ਲੋਕਾਂ ਦੀ ਕਾਤਲ ਸੁਨਾਮੀ ਦੀ 20ਵੀਂ ਬਰਸੀ

2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਦਾ ਕਾਰਨ ਬਣੀ ਸੁਨਾਮੀ ਦੇ 20 ਸਾਲ ਪੂਰੇ ਹੋ ਚੁੱਕੇ ਹਨ ਅਤੇ ਪੂਰੀ ਦੁਨੀਆਂ ਵਿਚ ਵਸਦੇ ਪੀੜਤਾਂ ਵੱਲੋਂ ਆਪਣੇ ਦਿਲ ਦੇ ਟੁਕੜਿਆਂ ਨੂੰ ਸ਼ਰਧਜਾਂਲੀ ਦਿਤੀ ਗਈ।

Update: 2024-12-26 13:26 GMT

ਬੈਂਕਾਕ : 2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਦਾ ਕਾਰਨ ਬਣੀ ਸੁਨਾਮੀ ਦੇ 20 ਸਾਲ ਪੂਰੇ ਹੋ ਚੁੱਕੇ ਹਨ ਅਤੇ ਪੂਰੀ ਦੁਨੀਆਂ ਵਿਚ ਵਸਦੇ ਪੀੜਤਾਂ ਵੱਲੋਂ ਆਪਣੇ ਦਿਲ ਦੇ ਟੁਕੜਿਆਂ ਨੂੰ ਸ਼ਰਧਜਾਂਲੀ ਦਿਤੀ ਗਈ। ਰਿਕਟਰ ਪੈਮਾਨੇ ’ਤੇ 9.1 ਤੀਬਰਤਾ ਵਾਲਾ ਭੂਚਾਲ ਆਉਣ ਮਗਰੋਂ ਉਠੀਆਂ 100 ਫੁੱਟ ਉਚੀਆਂ ਲਹਿਰਾਂ ਨੇ 14 ਮੁਲਕਾਂ ਵਿਚ ਤਬਾਹੀ ਮਚਾਈ। ਇਕੱਲੇ ਇੰਡੋਨੇਸ਼ੀਆ ਵਿਚ 1 ਲੱਖ 70 ਹਜ਼ਾਰ ਲੋਕਾਂ ਦੀ ਜਾਨ ਗਈ ਅਤੇ 14 ਹਜ਼ਾਰ ਅਣਪਛਾਤੀਆਂ ਲਾਸ਼ਾਂ ਨੂੰ ਸਮੂਹਕ ਤੌਰ ’ਤੇ ਦਫ਼ਨ ਕੀਤਾ ਗਿਆ।

100 ਫੁੱਟ ਉਚੀਆਂ ਲਹਿਰਾਂ ਨੇ 14 ਮੁਲਕਾਂ ਵਿਚ ਮਚਾਈ ਤਬਾਹੀ

ਇੰਡੋਨੇਸ਼ੀਆ, ਸ੍ਰੀਲੰਕਾ, ਭਾਰਤ ਅਤੇ ਥਾਈਲੈਂਡ ਸਭ ਤੋਂ ਵੱਧ ਪ੍ਰਭਾਵਤ ਮੁਲਕਾਂ ਵਿਚ ਸ਼ਾਮਲ ਸਨ ਅਤੇ ਅੱਜ 20 ਸਾਲ ਬਾਅਦ ਵੀ ਪੀੜਤ ਪਰਵਾਰਾਂ ਅੰਦਰ ਦਰਦ ਕਾਇਮ ਹੈ। ਹਸਪਤਾਲ, ਸਕੂਲ ਅਤੇ ਹੋਰ ਜ਼ਰੂਰੀ ਇਨਫ਼ਰਾਸਟ੍ਰਕਚਰ ਸੁਨਾਮੀ ਲਹਿਰਾਂ ਆਪਣੇ ਨਾਲ ਰੋੜ੍ਹ ਕੇ ਲੈ ਗਈਆਂ ਜਦਕਿ 17 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ। ਮਾਹਰਾਂ ਮੁਤਾਬਕ ਇੰਡੋਨੇਸ਼ੀਆ ਦੇ ਸਮਾਤਰਾ ਟਾਪੂ ਦੇ ਪੱਛਮ ਵੱਲ ਧਰਤੀ ਦੇ 30 ਕਿਲੋਮੀਟਰ ਅੰਦਰ ਟੈਕਟੌਨਿਕ ਪਲੇਟ ਵਿਚ ਤੇਜ਼ ਹਿਲਜੁਲ ਹੋਈ ਅਤੇ ਹਿੰਦ ਮਹਾਂਸਾਗਰ ਵਿਚ 9.1 ਤੀਬਰਤਾ ਵਾਲਾ ਭੂਚਾਲ ਆ ਗਿਆ। ਪਾਣੀ ਵਿਚ ਜਿਥੇ ਉਚੀਆਂ ਲਹਿਰਾਂ ਉਠੀਆਂ, ਉਥੇ ਹੀ ਇਨ੍ਹਾਂ ਦੀ ਰਫ਼ਤਾਰ 800 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਦਰਜ ਕੀਤੀ ਗਈ। ਸਮੁੰਦਰੀ ਕੰਢਿਆਂ ਨਾਲ ਟਕਰਾਉਣ ਮਗਰੋਂ ਲਹਿਰਾ ਵਾਪਸ ਮੁੜਦੀਆਂ ਤਾਂ ਪਿਛੋਂ ਆਉਣ ਵਾਲੀਆਂ ਲਹਿਰਾਂ ਸਦਕਾ ਇਨ੍ਹਾਂ ਦੀ ਉਚਾਈ ਹੋਰ ਵਧਣ ਲੱਗੀ।

ਸਮੁੰਦਰ ਵਿਚ ਆਇਆ ਭੂਚਾਲ ਬਣਿਆ ਭਾਰੀ ਨੁਕਸਾਨ ਦਾ ਕਾਰਨ

ਇੰਡੋਨੇਸ਼ੀਆ, ਸ੍ਰੀਲੰਕਾ, ਭਾਰਤ ਅਤੇ ਥਾਈਲੈਂਡ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਪਾਣੀ ਦਾਖਲ ਹੋ ਗਿਆ ਅਤੇ ਹਰ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆਉਣ ਲੱਗਾ। ਕ੍ਰਿਸਮਸ ਤੋਂ ਅਗਲੇ ਦਿਨ ਹੋਈ ਤਬਾਹੀ ਦੌਰਾਨ ਕਈ ਲੋਕ ਸੌਂ ਰਹੇ ਸਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਇਲਾਕਿਆਂ ਵੱਲ ਜਾਣ ਦਾ ਮੌਕਾ ਵੀ ਨਾ ਮਿਲ ਸਕਿਆ। ਇਥੋਂ ਤੱਕ ਕਿ ਅਫ਼ਰੀਕਾ ਮਹਾਂਦੀ ਦੇ ਪੂਰਬੀ ਇਲਾਕਿਆਂ ਤੱਕ ਲਹਿਰਾਂ ਦਾ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਅਫ਼ਰੀਕੀ ਮੁਲਕ ਵਿਚ ਲਹਿਰਾਂ ਜ਼ਿਆਦਾ ਉਚੀਆਂ ਨਾ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ।

Tags:    

Similar News