2 ਸ਼ਰਾਬੀਆਂ ਨੇ ਜਹਾਜ਼ ਵਿਚ ਪਾਇਆ ਖੌਰੂ
ਉਡਾਣ ਭਰਨ ਲਈ ਤਿਆਰ ਬਰ ਤਿਆਰ ਹਵਾਈ ਜਹਾਜ਼ ਵਿਚ 2 ਸ਼ਰਾਬੀਆਂ ਨੇ ਐਨਾ ਖੌਰੂ ਪਾਇਆ ਕਿ ਪੁਲਿਸ ਸੱਦਣੀ ਪਈ ਅਤੇ ਫਲਾਈਟ ਕਈ ਘੰਟੇ ਦੇਰੀ ਨਾਲ ਰਵਾਨਾ ਹੋ ਸਕੀ।
ਲੰਡਨ : ਉਡਾਣ ਭਰਨ ਲਈ ਤਿਆਰ ਬਰ ਤਿਆਰ ਹਵਾਈ ਜਹਾਜ਼ ਵਿਚ 2 ਸ਼ਰਾਬੀਆਂ ਨੇ ਐਨਾ ਖੌਰੂ ਪਾਇਆ ਕਿ ਪੁਲਿਸ ਸੱਦਣੀ ਪਈ ਅਤੇ ਫਲਾਈਟ ਕਈ ਘੰਟੇ ਦੇਰੀ ਨਾਲ ਰਵਾਨਾ ਹੋ ਸਕੀ। ਯੂ.ਕੇ. ਦੀ ਏਅਰਲਾਈਨ ਵੱਲੋਂ ਦੋਹਾਂ ਨੂੰ ਪੱਕੇ ਤੌਰ ’ਤੇ ਨੋ ਫਲਾਈ ਲਿਸਟ ਵਿਚ ਪਾ ਦਿਤਾ ਗਿਆ ਹੈ ਜਿਨ੍ਹਾਂ ਨੇ ਜਹਾਜ਼ ਵਿਚ ਸਵਾਰ ਸਵਾਰ ਹੋਰਨਾਂ ਮੁਸਾਫ਼ਰਾਂ ਨੂੰ ਬੇਹੱਦ ਖੱਜਲ ਖੁਆਰ ਕੀਤਾ। ਯੀਡਨ ਦੇ ਲੀਡਜ਼ ਬਰੈਡਫਰਡ ਏਅਰਪੋਰਟ ’ਤੇ ਵਾਪਰੇ ਘਟਨਾਕ੍ਰਮ ਬਾਰੇ ਇਕ ਚਸ਼ਮਦੀਦ ਨੇ ਦੱਸਿਆ ਕਿ ਦੋ ਜਣਿਆਂ ਨੇ ਵੋਦਕਾ ਦੀ ਬੋਤਲ ਕੱਢੀ ਅਤੇ ਸ਼ਰਾਬ ਪੀਣ ਲੱਗੇ।
ਪੁਲਿਸ ਨੇ ਕਾਬੂ ਕਰ ਕੇ ਜੇਲ ਵਿਚ ਸੁੱਟੇ
ਸੰਭਾਵਤ ਤੌਰ ’ਤੇ ਦੋਹਾਂ ਨੇ ਸ਼ਰਾਬ ਦੀ ਇਹ ਬੋਤਲ ਹਵਾਈ ਅੱਡੇ ਦੇ ਡਿਊਟੀ ਫਰੀ ਸਟੋਰ ਤੋਂ ਖਰੀਦੀ ਹੋਵੇਗੀ। ਜਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਹੀ ਦੋਵੇਂ ਜਣੇ ਸ਼ਰਾਬੀ ਹਾਲਤ ਵਿਚ ਨਜ਼ਰ ਆਏ ਇਕ ਤਾਂ ਬਿਲਕੁਲ ਬੇਕਾਬੂ ਹੋ ਰਿਹਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਫ਼ਸਰ ਜਹਾਜ਼ ਵਿਚ ਦਾਖਲ ਹੁੰਦੇ ਹਨ ਅਤੇ 2 ਮੁਸਾਫ਼ਰਾਂ ਨੂੰ ਫੜ ਕੇ ਜਹਾਜ਼ ਤੋਂ ਹੇਠਾਂ ਉਤਾਰ ਲਿਆ ਜਾਂਦਾ ਹੈ। ਵੈਸਟ ਯਾਰਕਸ਼ਾਇਰ ਦੀ ਪੁਲਿਸ ਨੇ ਹਵਾਈ ਜਹਾਜ਼ ਵਿਚ ਵਾਪਰੇ ਘਟਨਾਕ੍ਰਮ ਦੀ ਤਸਦੀਕ ਕਰਦਿਆਂ ਕਿਹਾ ਕਿ 2 ਜਣਿਆਂ ਨੂੰ ਝਗੜਾ ਕਰਨ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਪਰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿਤਾ। ਉਧਰ ਜੈਟ-2 ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਵਿਚ ਸਵਾਰ ਦੋ ਜਣਿਆਂ ਦਾ ਵਰਤਾਉ ਬਰਦਾਸ਼ਤ ਦੇ ਕਾਬਲ ਨਹੀਂ ਸੀ ਜਿਸ ਦੇ ਮੱਦੇਨਜ਼ਰ ਦੋਹਾਂ ਨੂੰ ਨੋ ਫਲਾਈ ਲਿਸਟ ਵਿਚ ਪਾ ਦਿਤਾ ਗਿਆ ਹੈ। ਘਟਨਾ ਵੇਲੇ ਜਹਾਜ਼ ਵਿਚ ਕਈ ਪਰਵਾਰ ਮੌਜੂਦ ਸਨ ਅਤੇ ਇਨ੍ਹਾਂ ਸ਼ਰਾਬੀਆਂ ਨੇ ਸਾਰੇ ਮਾਹੌਲ ਵਿਗੜਾ ਦਿਤਾ।
ਯੂ.ਕੇ. ਦੇ ਹਵਾਈ ਅੱਡੇ ’ਤੇ ਵਾਪਰੀ ਘਟਨਾ
ਦੂਜੇ ਪਾਸੇ ਯੂ.ਕੇ. ਵਿਚ ਬੁੱਧਵਾਰ ਨੂੰ ਤਕਨੀਕੀ ਸਮੱਸਿਆ ਕਾਰਨ ਸੈਂਕੜੇ ਫਲਾਈਟਸ ਰੱਦ ਕਰਨੀਆਂ ਪਈਆਂ। ਟ੍ਰਾਂਸਪੋਰਟ ਮੰਤਰੀ ਹਈਦੀ ਅਲੈਗਜ਼ੈਂਡਰ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਪੂਰੇ ਮੁਲਕ ਦੇ ਹਵਾਈ ਅੱਡਿਆਂ ਤੋਂ ਫਲਾਈਟਸ ਰਵਾਨਾ ਹੋਣ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ। ਉਧਰ ਹੀਥਰੋ ਏਅਰਪੋਰਟ ਦੇ ਇਕ ਬੁਲਾਰੇ ਨੇ ਕਿਹਾ ਕਿ ਵੀਰਵਾਰ ਤੋਂ ਫਲਾਈਟਸ ਦੀ ਆਵਾਜਾਈ ਆਮ ਵਾਂਗ ਸ਼ੁਰੂ ਹੋ ਗਈ ਪਰ ਮੁਢਲੇ ਤੌਰ ’ਤੇ 10 ਫਲਾਈਟਸ ਰੱਦ ਕਰਨੀਆਂ ਪਈਆਂ। ਮੈਨਚੈਸਟਰ ਹਵਾਈ ਅੱਡੇ ’ਤੇ ਛੇ ਫਲਾਈਟਸ ਰੱਦ ਹੋਣ ਦੀ ਰਿਪੋਰਟ ਹੈ ਅਤੇ ਰਿਆਨਏਅਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੁੱਧਵਾਰ ਨੂੰ ਪੈਦਾ ਹੋਈ ਸਮੱਸਿਆ ਬੀਤੇ ਦੀ ਗੱਲ ਹੋ ਚੁੱਕੀ ਹੈ।